ਕਰਤਾਰਪੁਰ ਸਾਹਿਬ ਲਾਂਘੇ ਦਾ ਅਮਰੀਕਾ ਵੱਲੋਂ ਸਵਾਗਤ

1130

ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵੱਲੋਂ ਅਗਲੇ ਮਹੀਨੇ ਤੋਂ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਲਈ ਕੀਤੇ ਗਏ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸਬੰਧ ਬਣਨਾ ‘ਚੰਗੀ ਖ਼ਬਰ’ ਹੈ। ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਨੇ ਵੀਰਵਾਰ ਨੂੰ ਕਰਤਾਰਪੁਰ ਲਾਂਘੇ ਸਬੰਧੀ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਭਾਰਤੀ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵੀਜ਼ਾ ਮੁਕਤ ਦਰਸ਼ਨ ਕਰ ਸਕਣਗੇ। ਅਮਰੀਕਾ ਦੇ ਦੱਖਣੀ ਏਸ਼ੀਆ ਅਤੇ ਮੱਧ ਏਸ਼ੀਆ ਦੇ ਮਾਮਲਿਆਂ ਸਬੰਧੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੇਲਸ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕਿਹਾ, ‘‘ਸਮਝੌਤੇ ਨੂੰ ਆਖਰੀ ਰੂਪ ਦਿੱਤੇ ਜਾਣ ਦੀ ਖ਼ਬਰ ਦਾ ਉਹ ਸਵਾਗਤ ਕਰਦੇ ਹਨ ਜਿਸਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਗਲਿਆਰੇ ਦਾ ਰਾਹ ਪੱਧਰਾ ਕੀਤਾ ਜਿਸ ਨਾਲ ਸਿੱਖ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਸਕਣਗੇ।’’ਉਨ੍ਹਾਂ ਕਿਹਾ, ‘‘ਅਸੀਂ ਨਵੰਬਰ ’ਚ ਇਸਦੇ ਰਸਮੀ ਤੌਰ ’ਤੇ ਖੁੱਲ੍ਹਣ ਦੀ ਉਮੀਦ ਕਰ ਰਹੇ ਹਾਂ। ਗੁਆਂਢੀ ਦੇਸ਼ਾਂ ਦੇ ਲੋਕਾਂ ਵਿਚਾਲੇ ਸਬੰਧ ਬਣਾਉਣ ਲਈ ਇਹ ਚੰਗੀ ਖ਼ਬਰ ਹੈ।’’ ਇਹ ਲਾਂਘਾ ਭਾਰਤ ਦੇ ਪੰਜਾਬ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜੇਗਾ ਜੋ ਕੌਮਾਂਤਰੀ ਸਰਹੱਦ ਤੋਂ ਸਿਰਫ਼ ਚਾਰ ਕਿਲੋਮੀਟਰ ਦੂਰ ਸਥਿਤ ਹੈ।

Real Estate