ਜਿਮਨੀ ਚੋਣ ਵਿਸਲੇਸ਼ਣ

2277

ਸ੍ਰੀ ਮੋਦੀ, ਸ੍ਰ: ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਤਿੰਨਾਂ ਨੂੰ ਵੱਖ ਵੱਖ ਥਾਈਂ ਝਟਕਾ

ਬਲਵਿੰਦਰ ਸਿੰਘ ਭੁੱਲਰ

ਪੰਜਾਬ ਵਿਧਾਨ ਸਭਾ ਦੀਆਂ ਹਲਕਾ ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਵਿਖੇ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ 24 ਅਕਤੂਬਰ ਨੂੰ ਆਏ ਨਤੀਜੇ ਜਿੱਥੇ ਸੰਤੁਸਟੀਜਨਕ ਹਨ ਉ¤ਥੇ ਇਹ ਸਪਸ਼ਟ ਵੀ ਕੀਤੈ ਕਿ ਲੋਕ ਕਿਸੇ
ਦੇ ਬੰਨ੍ਹਣ ਵਿੱਚ ਨਹੀਂ ਹਨ। ਇਹਨਾਂ ਚਾਰ ਹਲਕਿਆਂ ਦੀਆਂ ਜਿਮਨੀ ਚੋਣਾਂ ਨੇ ਮੋਦੀ, ਕੈਪਟਨ ਤੇ ਬਾਦਲ ਤਿੰਨਾਂ ਨੂੰ ਝਟਕਾ ਦਿੱਤਾ ਹੈ। ਇਹਨਾਂ ਚੋਂ ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ: ਹਰਵਿੰਦਰ ਸਿੰਘ ਫੂਲਕਾ ਵੱਲੋਂ ਅਸਤੀਫਾ ਨੇ ਅਸਤੀਫਾ ਦੇ ਦਿੱਤਾ ਸੀ, ਹਲਕਾ ਜਲਾਲਾਵਾਦ ਤੋਂ ਵਿਧਾਇਕ ਸ੍ਰ: ਸੁਖਬੀਰ ਸਿੰਘ ਬਾਦਲ ਲੋਕ ਸਭਾ ਦੇ ਮੈਂਬਰ ਬਣ ਗਏ, ਹਲਕਾ ਫਗਵਾੜਾ ਦੇ ਵਿਧਾਇਕ ਸ੍ਰੀ ਸੋਮ ਨਾਥ ਵੀ ਲੋਕ ਸਭਾ ਦੇ ਮੈਂਬਰ ਬਣ ਗਏ ਸਨ ਅਤੇ ਹਲਕਾ ਮੁਕੇਰੀਆਂ ਵਿਧਾਇਕ ਰਜਨੀਸ਼ ਬੱਬੀ ਦੇ ਅਕਾਲ ਚਲਾਣੇ ਕਾਰਨ ਖਾਲੀ ਹੋ ਗਿਆ ਸੀ। ਪਹਿਲੀ ਨਜ਼ਰੇ ਦੇਖਿਆ ਜਾਵੇ ਤਾਂ ਵਿਧਾਇਕ ਦੇ ਅਕਾਲ ਚਲਾਣੇ ਕਾਰਨ ਖਾਲੀ ਹੋਈ ਸੀਟ ਤੇ ਚੋਣ ਕਰਵਾਉਣੀ ਮਜਬੂਰੀ ਸੀ, ਪਰ ਦੂਜੀਆਂ ਤਿੰਨਾਂ ਸੀਟਾਂ ਤੇ ਜੋ ਕਰੋੜਾਂ ਰੁਪਏ ਪ੍ਰਤੀ ਹਲਕਾ ਖ਼ਰਚ ਹੋਇਆ ਹੈ ਉਹ ਬੇਲੋੜਾ ਹੈ। ਜਦੋਂ ਹਲਕੇ ਦੇ ਲੋਕਾਂ ਨੇ ਵਿਧਾਇਕ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਤਾਂ ਉਹਨਾਂ ਨੂੰ ਸੀਟ ਖਾਲੀ ਕਰਨ ਦੀ ਬਜਾਏ ਕੰਮ ਕਰਨੇ ਚਾਹੀਦੇ ਸਨ, ਦੁਬਾਰਾ ਚੋਣਾਂ ਕਰਵਾਉਣ ਤੇ ਅਰਬਾਂ ਰੁਪਏ ਦਾ ਖ਼ਰਚਾ ਹੋਇਆ ਹੈ, ਜਿਸਨੂੰ ਲੋਕਾਂ ਦੀਆਂ ਜੇਬਾਂ ਵਿੱਚੋਂ ਹੀ ਪੂਰਾ ਕੀਤਾ ਜਾਣਾ ਹੈ, ਇਹ ਰੁਝਾਨ ਚੰਗਾ ਨਹੀਂ। ਜੇਕਰ ਹੋਈਆਂ ਇਹਨਾਂ ਜਿਮਨੀ ਚੋਣਾਂ ਦਾ ਵਿਸਲੇਸਣ ਕੀਤਾ ਜਾਵੇ ਤਾਂ ਵਿਧਾਨ ਸਭਾ ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਮਨਪ੍ਰੀਤ ਸਿੰਘ ਇਯਾਲੀ ਨੇ 66286 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ, ਜਦ ਕਿ ਉਸਦੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਸ੍ਰੀ ਸੰਦੀਪ ਸੰਧੂ ਨੂੰ 51610 ਅਤੇ ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ ਨੂੰ ਕੇਵਲ 2804 ਵੋਟਾਂ ਮਿਲੀਆਂ। ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਨੇ 76098 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਜਦ ਕਿ ਉਹਨਾਂ ਦੇ ਵਿਰੋਧੀ ਸ੍ਰੋਮਣੀ ਅਕਾਲੀ ਦਲ ਦੇ ਰਾਜ ਸਿੰਘ ਨੂੰ 59465 ਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ
ਨੂੰ 11301 ਵੋਟਾਂ ਮਿਲੀਆਂ। ਵਿਧਾਨ ਸਭਾ ਹਲਕਾ ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 49215 ਵੋਟਾਂ ਲੈ ਕੇ ਜੇਤੂ ਰਹੇ, ਉਹਨਾਂ ਦੇ ਵਿਰੋਧੀ ਉਮੀਦਵਾਰ ਭਾਜਪਾ ਦੇ ਰਾਜੇਸ ਬਾਘਾ ਨੂੰ 23099 ਅਤੇ ਆਮ ਆਦਮੀ ਪਾਰਟੀ ਦੇ ਸੰਤੋਸ ਕੁਮਾਰ ਗੋਗੀ ਨੂੰ 2910 ਵੋਟਾਂ ਮਿਲੀਆਂ। ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਇੰਦੂ ਬਾਲਾ ਨੇ 53910 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਜਦ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਭਾਜਪਾ ਦੇ ਜੰਗੀ ਲਾਲ ਮਹਾਜਨ ਨੂੰ 50470 ਤੇ ਆਮ ਆਦਮੀ ਪਾਰਟੀ ਦੇ ਗੁਰਧਿਆਨ ਸਿੰਘ ਮੁਲਤਾਨੀ ਨੂੰ 8361 ਵੋਟਾਂ ਹਾਸਲ ਹੋਈਆਂ।
ਨਤੀਜੇ ਆਉਣ ਤੇ ਸਿਆਸੀ ਰਿਵਾਇਤ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਾਗ ਦਿੱਤਾ ਕਿ ਚਾਰਾਂ ਵਿੱਚੋ ਤਿੰਨ ਸੀਟਾਂ ਕਾਂਗਰਸ ਦੀ ਝੋਲੀ ਪਾ ਕੇ ਪੰਜਾਬ ਦੇ ਲੋਕਾਂ ਨੇ ਰਾਜ ਸਰਕਾਰ ਦੇ ਕੰਮਾਂ ਤੇ ਮੋਹਰ ਲਾ ਦਿੱਤੀ ਹੈ। ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਇਸੇ ਰਿਵਾਇਤ ਅਨੁਸਾਰ ਬਿਆਨ ਦਾਗਿਆ ਕਿ ਦਾਖਾ ਸੀਟ ਤੋਂ ਕਾਂਗਰਸ ਨੂੰ ਹਰਾ ਕੇ ਪੰਜਾਬ ਦੇ ਲੋਕਾਂ ਨੇ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਹਾਰ ਦਾ ਮੁੱਢ ਬੰਨ੍ਹ ਦਿੱਤਾ ਹੈ। ਅਕਾਲੀ ਦਲ ਦੇ ਚਰਚਿਤ ਆਗੂ ਤੇ ਬਾਦਲਾਂ ਦੇ ਰਿਸਤੇਦਾਰ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਾਖਾ ਸੀਟ ਤੋਂ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਲੋਕਾਂ ਨੇ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜਵਾਬ ਦਿੱਤਾ ਹੈ। ਇਹ ਬਿਆਨ ਕੋਈ ਨਵੀਂ ਗੱਲ ਨਹੀਂ ਹੈ, ਹਰ ਚੋਣਾਂ ਬਾਅਦ ਹੀ ਸਿਆਸਤਦਾਨਾਂ ਵੱਲੋਂ ਅਜਿਹੇ ਰਟੇ ਰਟਾਏ ਬਿਆਨ ਦਾਗੇ ਜਾਂਦੇ ਹਨ। ਜਿਵੇਂ ਕਣਕ ਦਾ ਭਾਅ ਵਧਾਏ ਜਾਣ ਤੇ ਸਰਕਾਰ ਵਾਲੇ ਕਹਿੰਦੇ ਹਨ ਕਿ ਲਾਗਤ ਮੁੱਲ ਦੇਖ ਕੇ ਭਾਅ ਵਧਾਇਆ ਗਿਐ ਅਤੇ ਵਿਰੋਧੀ ਕਹਿੰਦੇ ਹਨ ਕਿ ਨਿਗੂਣਾ ਵਾਧਾ ਕਰਕੇ ਕਿਸਾਨਾਂ ਨਾਲ ਮਜਾਕ ਕੀਤਾ ਗਿਐ, ਇਹ ਬਿਆਨ ਵੀ ਇਸੇ ਤਰ੍ਹਾਂ ਦੇ ਹੀ ਹਨ। ਅਸਲ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਚਾਰਾਂ ਹਲਕਿਆਂ ਦੇ ਨਤੀਜੇ ਸਿਆਸਤਦਾਨਾਂ ਲਈ ਕਰਾਰੀ ਚਪੇੜ ਹਨ। ਹਲਕਾ ਜਲਾਲਾਬਾਦ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਦਾ ਨਿੱਜੀ ਹਲਕਾ ਹੈ, ਜਿੱਥੋਂ ਉਹ ਚੋਣਾਂ ਜਿਤਦੇ ਰਹੇ ਹਨ, ਇਸ ਵਾਰ ਉਮੀਦਵਾਰ ਤਾਂ ਭਾਵੇਂ ਰਾਜ ਸਿੰਘ ਨੂੰ ਬਣਾ ਦਿੱਤਾ ਗਿਆ, ਪਰ ਉਹ ਇਹੋ ਰਾਗ ਅਲਾਪਦੇ ਰਹੇ ਕਿ ਰਾਜ ਸਿੰਘ ਦਾ ਤਾਂ ਨਾਂ ਹੀ ਹੈ, ਪਰ ਚੋਣ ਮੈਂ ਲੜ ਰਿਹਾ ਹਾਂ ਅਤੇ ਅਗਲੀ ਚੋਣ ਵੀ ਉਹ ਖੁਦ ਲੜਣਗੇ। ਉਹਨਾਂ ਦਾ ਰਿਸਤੇਦਾਰ ਬਿਕਰਮ ਸਿੰਘ ਮਜੀਠੀਆ ਵੀ ਦਿਨ ਰਾਤ ਇਸ ਹਲਕੇ ਦੇ ਲੋਕਾਂ ਨੂੰ ਲੁਭਾਉਣੀਆਂ ਗੱਲਾਂ ਤੇ ਤਕਰੀਰਾਂ ਨਾਲ ਆਪਣੀ ਪਾਰਟੀ ਦੇ ਹੱਕ ’ਚ ਭੁਗਤਣ ਦੀਆਂ ਅਪੀਲਾਂ ਕਰਦਾ ਰਿਹਾ, ਪਰ ਹਲਕੇ ਦੇ ਲੋਕਾਂ ਨੇ ਬਾਦਲਾਂ ਦੀ ਇਸ ਵੱਕਾਰੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਨੂੰ ਜਿਤਾ ਕੇ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ।
ਇਸੇ ਤਰ੍ਹਾਂ ਜੇਕਰ ਵਿਧਾਨ ਸਭਾ ਹਲਕਾ ਦਾਖਾ ਦਾ ਵਿਸਲੇਸਣ ਕੀਤਾ ਜਾਵੇ ਤਾਂ ਉਸ ਹਲਕੇ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਸਮਝੇ ਜਾਂਦੇ ਕੈਪਟਨ ਸੰਦੀਪ ਸੰਧੂ ਨੂੰ ਟਿਕਟ ਦਿੱਤੀ ਗਈ ਸੀ, ਮੁੱਖ ਮੰਤਰੀ ਨੇ ਉ¤ਥੇ ਤਿੰਨ ਰੋਡ ਸੋਅ ਕੀਤੇ ਅਤੇ ਸਰਕਾਰ ਵੱਲੋਂ ਉਸਨੂੰ ਜਿਤਾਉਣ ਲਈ ਕੋਈ ਕਸਰ ਨਾ ਛੱਡਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਪਰ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਦੇ ਇਸ ਖਾਸਮ ਖਾਸ ਨੂੰ ਹਰਾ ਕੇ ਸ੍ਰੋਮਣੀ ਅਕਾਲੀ ਦੇ ਮਨਪ੍ਰੀਤ ਸਿੰਘ ਇਯਾਲੀ ਨੂੰ ਜਿਤਾ ਕੇ
ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪਾਰਟੀ ਅਤੇ ਰਾਜ ਸਰਕਾਰ ਤਿੰਨਾਂ ਨੂੰ ਭਾਰੀ ਝਟਕਾ ਦਿੱਤਾ ਹੈ। ਭਾਵੇਂ ਸ੍ਰੀ ਇਯਾਲੀ ਨੂੰ ਹਲਕੇ ਵਿੱਚ ਚੰਗਾ ਸਮਾਜ ਸੇਵੀ ਮੰਨਿਆਂ ਜਾਂਦਾ ਹੈ ਅਤੇ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੋਣ ਸਮੇਂ ਉਹਨਾਂ ਵੱਲੋਂ ਪਿੰਡਾਂ ਵਿੱਚ ਕੀਤੇ ਵਿਕਾਸ ਦੇ ਕੰਮਾਂ ਸਦਕਾ ਉਹਨਾਂ ਨੂੰ ਰਾਸਟਰਪਤੀ ਵੱਲੋਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸੀ, ਪਰ ਕੈਪਟਨ ਸੰਧੂ ਦੀ ਹਾਰ ਦਾ ਇੱਕ ਕਾਰਨ ਹਲਕੇ ਬਾਹਰੋਂ ਆਇਆ ਉਮੀਦਵਾਰ ਵੀ ਮੰਨਿਆਂ ਜਾ ਰਿਹਾ ਹੈ। ਹਲਕੇ ਦੇ ਲੋਕ ਮਹਿਸੂਸ ਕਰ ਰਹੇ ਸਨ, ਕਿ ਪਹਿਲਾਂ ਦਿੱਲੀ ਤੋਂ ਆ ਕੇ ਸ੍ਰੀ ਐੱਚ ਐੱਸ ਫੂਲਕਾ ਨੇ ਚੋਣ ਲੜੀ ਤੇ ਜਿੱਤ ਗਏ ਅਤੇ ਬਾਅਦ ’ਚ ਅਸਤੀਫਾ ਦੇ ਕੇ ਹਲਕਾ ਖਾਲੀ ਕਰਦਿਆਂ ਉਹਨਾਂ ਅਸਤੀਫਾ ਦੇ ਦਿੱਤਾ, ਹੁਣ ਚੰਡੀਗੜ੍ਹ ਤੋਂ ਕੈਪਟਨ ਸੰਧੂ ਆ ਗਏ ਇਹਨਾਂ ਦਾ ਵੀ ਕੀ ਭਰੋਸਾ ਹੈ। ਲੋਕ ਹਲਕੇ ਦੇ ਕਿਸੇ ਵਰਕਰ ਨੂੰ ਉਮੀਦਵਾਰ ਦੇਖਣਾ ਚਾਹੁੰਦੇ ਸਨ, ਪਰ ਕਾਂਗਰਸ ਵੱਲੋਂ ਲੋਕਾਂ ਦੀ ਇੱਛਾ ਦਾ ਉਮੀਦਵਾਰ ਨਾ ਬਣਾਉਣ ਸਦਕਾ ਲੋਕਾਂ ਵਿੱਚ ਵੀ ਗੁੱਸਾ ਸੀ ਅਤੇ ਹਲਕੇ ਦੇ ਕਾਂਗਰਸੀਆਂ ਵਿੱਚ ਵੀ। ਇਸੇ ਕਰਕੇ ਲੋਕਾਂ ਨੇ ਕੈਪਟਨ ਸੰਧੂ ਨੂੰ ਹਰਾ ਕੇ ਕਾਂਗਰਸ ਨੂੰ ਸਬਕ ਸਿਖਾਉਣ ਦਾ ਰਾਹ ਅਪਣਾਇਆ। ਜੇਕਰ ਵਿਧਾਨ ਸਭਾ ਹਲਕਾ ਫਗਵਾੜਾ ਅਤੇ ਮੁਕੇਰੀਆਂ ਦੀ ਗੱਲ ਕਰੀਏ, ਤਾਂ ਇਹਨਾਂ ਦੋਵਾਂ ਹਲਕਿਆਂ ਤੋਂ ਭਾਜਪਾ ਦੇ ਉਮੀਦਵਾਰ ਮੈਦਾਨ ਵਿੱਚ ਸਨ, ਜਿਹਨਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰਾਂ ਨਾਲ
ਸੀ। ਇਹਨਾਂ ਹਲਕਿਆਂ ਦੇ ਲੋਕਾਂ ਨੇ ਭਾਜਪਾ ਦੇ ਦੋਵਾਂ ਉਮੀਦਵਾਰਾਂ ਨੂੰ ਹਰਾ ਕੇ ਕਾਂਗਰਸ ਦੇ ਉਮੀਦਵਾਰ ਜਿਤਾ ਦਿੱਤੇ। ਇਹ ਨਤੀਜੇ ਜਿੱਥੇ ਪੰਜਾਬ ਦੀ ਭਾਜਪਾ ਇਕਾਈ ਲਈ ਸਰਮਨਾਕ ਹਨ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲਈ ਵੀ ਵੱਡਾ ਝਟਕਾ ਹੈ। ਸ੍ਰੀ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਤਾਂ ਇਹੋ ਸਮਝਦੀ ਰਹੀ ਕਿ ਲੋਕਾਂ ਨੇ ਕੇਂਦਰ ਸਰਕਾਰ ਤੇ ਸ੍ਰੀ ਮੋਦੀ ਦੇ ਨਾਂ ਨੂੰ ਵੋਟਾਂ ਪਾ ਦੇਣੀਆਂ ਹਨ, ਜਿਹੜੇ ਦੇਸ਼ ਦੇ ਵਿਕਾਸ ਅਤੇ ਗੁਆਂਢੀ ਦੁਸਮਣ ਦੇਸ ਦੇ ਵੱਟ ਕੱਢਣ ਦੀਆਂ ਕਾਰਵਾਈਆਂ ਦਾ ਲੋਕ ਮੁੱਲ ਪਾਉਣਗੇ। ਪਰ ਪੰਜਾਬ ਦੇ ਲੋਕਾਂ ਨੇ ਇਹਨਾਂ ਚੋਣਾਂ ’ਚ ਸਪਸਟ ਕੀਤਾ ਹੈ ਕਿ ਉਹ ਭਾਜਪਾ ਦੀਆਂ ਫਿਰਕਾਪ੍ਰਸਤ ਨੀਤੀਆਂ, ਗੁਆਂਢੀ ਮੁਲਕ ਨਾਲ ਦੁਸਮਣੀ ਨੂੰ ਹੋਰ ਤਿੱਖਾ ਕਰਨ, ਦੇਸ਼ ਦੀ ਧਰਮ ਨਿਰਪੱਖਤਾ ਦੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੁੱਧ ਹਨ।
ਇੱਥੇ ਹੀ ਬੱਸ ਨਹੀਂ ਕਿਸੇ ਸਮੇ ਵੱਡੀ ਲਹਿਰ ਬਣੀ ਆਮ ਆਦਮੀ ਪਾਰਟੀ ਨੂੰ ਦੁਬਾਰਾ ਫਿਰ ਰਾਜ ਦੇ ਲੋਕਾਂ ਨੇ ਨਕਾਰ ਦਿੱਤਾ ਹੈ, ਕਿਸੇ ਵੀ ਹਲਕੇ ਵਿੱਚ ਇਸ ਪਾਰਟੀ ਦੇ ਉਮੀਦਵਾਰ ਆਪਣੀ ਜਮਾਨਤ ਨਹੀਂ ਬਚਾ ਸਕੇ। ਇਸੇ ਤਰ੍ਹਾਂ ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਨੂੰ ਵੀ ਲੋਕਾਂ ਨੇ ਪਸੰਦ ਨਹੀਂ ਕੀਤਾ। ਇਹਨਾਂ ਚੋਣਾਂ ਦੇ ਨਤੀਜਿਆਂ ਦਾ ਵਿਸਲੇਸਣ ਇਹੋ ਦਸਦਾ ਹੈ ਕਿ ਪੰਜਾਬ ਦੇ ਲੋਕ ਹੁਣ ਸਿਆਸੀ ਤੌਰ ਤੇ ਜਾਗਰੂਕ ਹੋ ਚੁੱਕੇ ਹਨ, ਉਹ ਕਿਸੇ ਦੇ ਬੰਨ੍ਹਣ ਵਿੱਚ ਵੋਟਾਂ ਨਹੀਂ ਪਾਉਂਦੇ ਅਤੇ ਰਾਜ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਫੈਸਲਾ ਕਰਦੇ ਹਨ। ਇਹਨਾਂ ਚਾਰਾਂ ਹਲਕਿਆਂ ਦੀਆਂ ਜਿਮਨੀ ਚੋਣਾਂ ’ਚ ਉਹਨਾਂ ਸ੍ਰੀ ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀ ਸੁਖਬੀਰ ਸਿੰਘ ਬਾਦਲ ਤਿੰਨਾਂ ਨੂੰ ਝਟਕਾ ਦੇ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਲਈ ਇਹ ਫੈਸਲਾ ਸੰਤੋਸਜਨਕ ਤੇ ਸੁਲਾਹੁਣਯੋਗ ਹੈ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate