ਗੋਪਾਲ ਕਾਂਡਾ ਤੋਂ ਬਿਨਾਂ ਹੀ ਬਣਾਏਗੀ ਭਾਜਪਾ ਹਰਿਆਣਾ ‘ਚ ਸਰਕਾਰ

1489

ਹਰਿਆਣਾ ’ਚ ਮਨੋਹਰ ਲਾਲ ਖੱਟਰ ਸਨਿੱਚਰਵਾਰ 26 ਅਕਤੂਬਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁਂੰ ਚੁੱਕ ਰਹੇ ਹਨ। ਪਹਿਲਾਂ ਅੱਜ ਸੁ਼ੱਕਰਵਾਰ ਸ਼ਾਮ ਨੂੰ ਹੀ ਖੱਟਰ ਨੇ ਸਹੁੰ ਚੁੱਕਣੀ ਸੀ ਪਰ ਹੁਣ ਇਸ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਕਰ ਦਿੱਤੀ ਗਈ ਹੈ। ਭਲਕੇ ਚੰਡੀਗੜ੍ਹ ’ਚ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਤੇ ਜਨਰਲ ਸਕੱਤਰ ਅਰੁਣ ਸਿੰਘ ਦੀ ਮੌਜੂਦਗੀ ਵਿੱਚ ਭਾਜਪਾ ਵਿਧਾਇਕ ਪਾਰਟੀ ਦੀ ਮੀਟਿੰਗ ਹੋਵੇਗੀ। ਉੱਥੇ ਵਿਧਾਇਕ ਪਾਰਟੀ ਦਾ ਆਗੂ ਚੁਣਿਆ ਜਾਵੇਗਾ। ਉਸ ਤੋਂ ਬਾਅਦ ਭਾਜਪਾ ਵਿਧਾਇਕ ਹਰਿਆਣਾ ’ਚ ਆਪਣੀ ਸਰਕਾਰ ਕਾਇਮ ਕਰਨ ਲਈ ਆਪਣਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਕੋਲ ਜਾਣਗੇ।
ਹਰਿਆਣਾ ’ਚ ਭਾਰਤੀ ਜਨਤਾ ਪਾਰਟੀ ਹੁਣ ਸੱਤ ਆਜ਼ਾਦ ਵਿਧਾਇਕਾਂ, ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੇ ਚੌਟਾਲਾ ਦੀ ਮਦਦ ਨਾਲ ਸਰਕਾਰ ਬਣਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਹਰਿਆਣਾ ਲੋਕਹਿਤ ਪਾਰਟੀ ਦੇ ਆਗੂ ਤੇ ਸਿਰਸਾ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਗੋਪਾਲ ਕਾਂਡਾ ਨੇ ਭਾਜਪਾ ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ, ਉੱਥੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਭਾਜਪਾ ਖ਼ੁਦ ਹੀ ਗੋਪਾਲ ਕਾਂਡਾ ਤੋਂ ਦੂਰੀ ਬਣਾ ਸਕਦੀ ਹੈ। ਇਸ ਪਿੱਛੇ ਗੋਪਾਲ ਕਾਂਡਾ ਦਾ ‘ਅਪਰਾਧਕ ਪਿਛੋਕੜ’ ਹੈ। ਉਹ ਇੱਕ ਏਅਰ ਹੋਸਟੈਸ ਦੀ ਖ਼ੁਦਕੁਸ਼ੀ ਦੇ ਮਾਮਲੇ ’ਚ ਜੇਲ੍ਹ ਵੀ ਜਾ ਚੁੱਕੇ ਹਨ। ਇੰਨਾ ਹੀ ਨਹੀਂ ਭਾਜਪਾ ਨੇ ਖ਼ੁਦ ਸੜਕਾਂ ਉੱਤੇ ਉੱਤਰ ਕੇ ਗੋਪਾਲ ਕਾਂਡਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।
ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਮਿਲ ਸਕੀਆਂ ਹਨ ਤੇ ਉਹ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਹੈ। ਕਿਸੇ ਵੀ ਪਾਰਟੀ ਨੂੰ ਇਸ ਸੂਬੇ ’ਚ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ।

Real Estate