ਨਿਊਜ਼ੀਲੈਂਡ ਦਾ ਮੰਤਰੀ ਕਹਿੰਦਾ “ਜੇ ਵਹੁਟੀਆਂ ਚਾਹੀਦੀਆਂ ਤਾਂ, ਵਾਪਸ ਮੁੜ ਜਾਓ, ਕਾਨੂੰਨ ਵਿਚ ਨਾ ਕੱਢੋ ਨੁਕਸ”

986

ਔਕਲੈਂਡ 23 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ ਦੇ ਵਿਚ ਤਿੰਨ ਤੋਂ ਵੱਧ ਮਹਿਕਮੇ ਰੱਖਣ ਵਾਲੇ ਆਰਥਿਕ ਵਿਕਾਸ ਮੰਤਰੀ ਅਤੇ ਨਿਊਜ਼ੀਲੈਂਡ ਫਸਟ ਰਾਜਨੀਤਕ ਪਾਰਟੀ ਦੇ ਸਾਂਸਦ ਸ਼ੇਨ ਜੋਨਸ ਨੇ ਭਾਰਤੀ ਕਮਿਊਨਿਟੀ ਵੱਲੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀਆਂ ਨੀਤੀਆਂ ਦੇ ਕੀਤੇ ਜਾ ਰਹੇ ਵਿਰੋਧ ਵਿਚ ਇਕ ਰੇਡੀਓ ਇੰਟਰਵਿਊ ਵਿਚ ਕਿਹਾ ਹੈ ਕਿ ਜੇਕਰ ਭਾਰਤੀ ਜੋੜਿਆਂ ਨੂੰ ਆਪਣੀਆਂ ਜੀਵਣ ਸਾਥਣਾ (ਵਹੁਟੀਆਂ) ਨੂੰ ਇਥੇ ਬੁਲਾਉਣ ਵਿਚ ਦੇਰੀ ਲੱਗ ਰਹੀ ਹੈ ਤਾਂ ਉਹ ਪਹਿਲੀ ਫਲਾਈਟ ਫੜ ਕੇ ਵਾਪਿਸ ਆਪਣੇ ਵਤਨ ਮੁੜ ਜਾਣ। ਉਨ੍ਹਾਂ ਦਾ ਸਿੱਧਾ ਮਤਲਬ ਸੀ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਵਿਚ ਨੁਕਸ ਨਾ ਕੱਢਿਆ ਜਾਵੇ ਇਸਦੇ ਬਦਲ ਵਿਚ ਜੇਕਰ ਉਹ ਨਹੀਂ ਖੁਸ਼ ਤਾਂ ਵਾਪਿਸ ਮੁੜ ਜਾਣ। ਰਾਸ਼ਟਰੀ ਰੇਡੀਓ ਉਤੇ ਅਜਿਹੇ ਬਿਆਨ ਦਾ ਇਥੇ ਤਿੱਖਾ ਵਿਰੋਧ ਹੋ ਰਿਹਾ ਹੈ। ਸ਼ੋਸ਼ਲ ਮੀਡੀਆ ਉਤੇ ਮੰਤਰੀ ਦੇ ਅਤੇ ਮੌਜੂਦਾ ਸਰਕਾਰ ਦੇ ਵਿਰੁੱਧ ਲੋਕ ਆਪਣੀ ਭੜਾਸ ਕੱਢ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀਜ਼ਾ ਸਬੰਧੀ ਫੈਸਲਾ ਲੈਣ ਵਿਚ ਵੱਡੀ ਦੇਰੀ ਕੀਤੀ ਜਾ ਰਹੀ ਹੈ ਅਤੇ ਭਾਰਤੀ ਲੋਕਾਂ ਦੀਆਂ ਅਰਜ਼ੀਆਂ ਦੀ ਲੰਬੀ ਕਤਾਰ ਹੈ। ਬਹੁਤੇ ਕੇਸਾਂ ਵਿਚ ਇੰਡੀਆ ਹੋਏ ਵਿਆਹਾਂ ਨੂੰ ਅਸਲੀ ਮੰਨਣ ਵਿਚ ਲੰਬੀ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ। ਕਈ ਨਵੇਂ ਮੁੰਡੇ ਕੁੜੀਆਂ 6-6 ਮਹੀਨੇ ਤੱਕ ਇਕੱਠਿਆਂ ਸਮਾਂ ਬਿਤਾਉਣ ਦੇ ਚੱਕਰ ਵਿਚ ਕੰਮਾਂ-ਕਾਰਾਂ ਨੂੰ ਵੀ ਛੱਡ ਇੰਡੀਆ ਰਹਿ ਰਹੇ ਹਨ ਸਿਰਫ ਇਸ ਕਰਕੇ ਕਿ ਇਮੀਗ੍ਰੇਸ਼ਨ ਉਨ੍ਹਾਂ ਦੇ ਵਿਆਹ ਨੂੰ ਸੱਚਾ ਮੰਨ ਲਵੇ। ਅਰੇਂਜਡ ਮੈਰਿਜ਼ (ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਮੁਤਾਬਿਕ) ਵਿਆਹ ਗਹਿਰੀ ਜਾਂਚ-ਪੜ੍ਹਤਾਲ ਵਿਚੋਂ ਲੰਘ ਰਹੇ ਹਨ। ਇਮੀਗ੍ਰੇਸ਼ਨ ਦੋਵਾਂ ਜੀਆਂ (ਪਤੀ-ਪਤਨੀ) ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਦੇ ਸਬੰਧਾਂ ਦੀ ਕਿੰਨੀ ਲੰਬੀ ਗਾਥਾ ਹੈ? ਨੂੰ ਵੀ ਮਾਪਦੰਢ ਵਜੋਂ ਵੇਖਦੀ ਹੈ ਜਦ ਕਿ ਭਾਰਤ ਦੇ ਸਭਿਆਚਾਰ ਮੁਤਾਬਿਕ ਵਿਆਹ ਤੋਂ ਪਹਿਲਾਂ ਇਕੱਠਿਆਂ ਰਹਿਣਾ ਇਕ ਤਰ੍ਹਾਂ ਨਾਲ ਵਰਜਿਤ ਹੁੰਦਾ ਹੈ। ਅਜਿਹੇ ਵਿਆਹਾਂ ਦੀ ਜਾਂਚ-ਪੜ੍ਹਤਾਲ ਐਨੀ ਹੈ ਕਿ ਅਗਸਤ ਮਹੀਨੇ ਤੱਕ 87 ਅਰਜੀਆਂ ਦੇ ਵਿਚੋਂ 10 ਨੂੰ ਹੀ ਵੀਜ਼ਾ ਦਿੱਤਾ ਗਿਆ ਜਦ ਕਿ ਪਿਛਲੇ ਚਾਰ ਸਾਲ ਪਹਿਲਾਂ ਇਹ ਅਨੁਪਾਤ ਅੱਧੋ-ਅੱਧ ਤੱਕ ਸੀ।
ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਅਤੇ ਉਪ ਪ੍ਰਧਾਨ ਮੰਤਰੀ ਵਿਨਸਨ ਪੀਟਰਜ਼ ਜਿੱਥੇ ਅਜਿਹੇ ਸਖਤ ਇਮੀਗ੍ਰੇਸ਼ਨ ਕਾਨੂੰਨ ਦੀ ਉਪਮਾ ਕਰਦੇ ਹਨ, ਉਥੇ ਦੂਜੇ ਪਾਸੇ ਅੱਜ ਵਲਿੰਗਟਨ ਪਾਰਲੀਮੈਂਟ ਦੇ ਵਿਚ ਅੱਜ ਭਾਰਤੀਆਂ ਦਾ ਦਿਵਾਲੀ ਦਾ ਤਿਉਹਾਰ ਦੇਸ਼ ਦੀ ਏਥਨਿਕ ਮੰਤਰੀ ਦੇ ਨਾਲ ਮਨਾਉਣ ਵੀ ਪਹੁੰਚੇ ਸਨ। ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦਾ ਬਿਆਨ ਹੈ ਕਿ ਇਮੀਗ੍ਰੇਸ਼ਨ ਦੀ ਹਰ ਇਕ ਨੀਤੀ ਸਾਰਿਆਂ ਲਈ ਇਕੋ ਜਿਹੀ ਹੁੰਦੀ ਹੈ ਨਾ ਕਿ ਕਿਸੇ ਇਕ ਦੇਸ਼ ਦੇ ਲੋਕਾਂ ਲਈ ਵੱਖਰੀ।

Real Estate