ਸ੍ਰੀ ਅਕਾਲ ਤਖਤ ਦਾ ਸੱਚ ਬਨਾਮ ਮੋਹਨ ਭਾਗਵਤ ਦਾ ਕੱਚ

2357

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ
ਸ੍ਰੀ ਅਕਾਲ ਤਖਤ ਦਾ ਸੱਚ ਬਨਾਮ ਮੋਹਨ ਭਾਗਵਤ ਦਾ ਕੱਚ
ਸ੍ਰੀ ਅਕਾਲ ਤਖਤ ਵਲੋਂ ਆਏ ਨਵੇਂ ਸੰਦੇਸ਼
ਤਖਤ ਨੂੰ ਸਮਰਪਿਤ ਹੋਣ ਦੀ ਲੋੜ
ਲੇਖਕ: ਕੁਲਵੰਤ ਸਿੰਘ ਢੇਸੀ

ਰਾਸ਼ਟਰੀ ਸਿੱਖ ਸੰਗਤ ਦੇ ਆਗੂ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਜ ਘੋਸ਼ਤ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ
ਗਿ: ਹਰਪ੍ਰੀਤ ਸਿੰਘ ਜੀ ਵਲੋਂ ਆਏ ਪ੍ਰਤੀਕਰਮ ‘ਤੇ ਹੈਰਾਨੀ ਦਾ ਆਲਮ ਹੈ। ਇਹ ਗੱਲ ਕਿਸੇ ਦੇ ਚਿੱਤ ਚੇਤੇ ਵਿਚ ਨਹੀਂ ਸੀ ਕਿ ਸ੍ਰੀ ਅਕਾਲ
ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਦਾ ਰੁਤਬੇ ਨੂੰ ਜਿਸ ਕਦਰ ਢਾਅ ਲਾਈ ਗਈ ਸੀ ਉਸ ਰੁਤਬੇ
ਦੀ ਮੁੜ ਬਹਾਲੀ ਵੀ ਹੋ ਸਕਦੀ ਹੈ ਪਰ ਹੁਣ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ ਐਸ ਐਸ ਨੂੰ ਗ਼ੈਰ ਕਾਨੂੰਨੀ ਕਰਾਰ
ਦਿੱਤੇ ਜਾਣ ਬਾਰੇ ਆਏ ਬਿਆਨਾ ਨਾਲ ਸਿੱਖ ਭਾਈਚਾਰੇ ਵਿਚ ਕੁਝ ਰੌਸ਼ਨੀ ਦੀ ਕਿਰਣ ਜਗੀ ਹੈ। ਜਿਸ ਕਿਸਮ ਨਾਲ ਹਿੰਦੁਤਵਾ ਵਾਲੇ ਆਗੂ
ਮੁਸਲਮਾਨਾ ਅਤੇ ਭਾਰਤ ਦੀਆਂ ਹੋਰ ਘੱਟਗਿਣਤੀਆਂ ਨਾਲ ਪੇਸ਼ ਆ ਰਹੇ ਹਨ ਅਤੇ ਜਿਸ ਤਰੀਕੇ ਨਾਲ ਹਿੰਦੂ ਭੀੜਾਂ ਨੂੰ ਹਿੰਸਾ ਲਈ
ਉਕਸਾਇਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਤਾਂ ਇਹ ਜਰੂਰੀ ਸਮਝਿਆ ਜਾਣਾ ਚਾਹੀਦਾ ਹੈ ਕਿ ਇੱਕ ਲੋਕ ਰਾਜੀ ਦੇਸ਼ ਵਿਚ ਇਸ ਕਿਸਮ
ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਦੀ ਕੱਤਈ ਇਜਾਜ਼ਤ ਨਹੀਂ ਹੋਣੀ ਚਾਹੀਦੀ ਅਤੇ ਇਸ ਬੁਰਛਾਗਰਦੀ ਮਗਰ ਲਾਮਬੰਦ ਆਰ ਐਸ ਐਸ
ਦੇ ਗਿਰੋਹ ਨੂੰ ਨਿਆਂ ਪਾਲਕਾ ਵਿਚ ਪੇਸ਼ ਕਰਕੇ ਗੈ਼ਰ ਕਾਨੂੰਨੀ ਕਰਾਰ ਦੇ ਹੀ ਦੇਣਾ ਚਾਹੀਦਾ ਹੈ। ਪਰ ਭਾਰਤ ਦੇ ਰਾਜ ਭਾਗ ‘ਤੇ ਹਾਵੀ ਭਾਜਪਾ
ਤਾਂ ਆਰ ਐਸ ਐਸ ਦੀ ਹੀ ਪੈਦਾਇਸ਼ ਹੈ ਅਤੇ ਕਾਂਗਰਸ ਵਿਚ ਏਨਾ ਦਮ ਹੀ ਨਹੀਂ ਹੈ ਕਿ ਭਾਰਤ ਦੇ ਸੰਵਿਧਾਨ ਦੇ ਖਿਲਾਫ ਕਾਰਵਾਈਆਂ
ਕਰਨ ਵਾਲੇ ਐਰ ਐਸ ਐਸ ਦੇ ਅਪਰਾਧਿਕ ਗਿਰੋਹ ਦੀ ਜਵਾਬ ਦੇਹੀ ਕਰਵਾ ਸਕੇ।
ਗਿਆਨੀ ਹਰਪ੍ਰੀਤ ਸਿੰਘ ਪਹਿਲੇ ਜਥੇਦਾਰਾਂ ਦੇ ਮੁਕਾਬਲੇ ਵਧੇਰੇ ਬੇਬਾਕ ਅਤੇ ਚੜ੍ਹਦੀ ਕਲਾ ਵਾਲੇ ਲੱਗਦੇ ਹਨ, ਸ਼ਾਇਦ ਏਹੀ ਕਾਰਨ ਹੈ ਕਿ
ਬਾਦਲਾਂ ਨੇ ਉਹਨਾ ਨੂੰ ਸਿਰਫ ਆਰਜ਼ੀ ਤੌਰ ‘ਤੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਿੱਤੀ ਹੋਈ ਹੈ ਅਤੇ ਹੁਣ ਦੇਖਣਾ ਇਹ ਹੈ ਕਿ
ਆਰ ਐਸ ਐਸ ਦੇ ਖਿਲਾਫ ਆਏ ਸਖਤ ਬਿਆਨਾਂ ਪਿੱਛੋਂ ਬਾਦਲਕੇ ਕੋਹੜੀ ਜਾਂ ਕਲੰਕੀ ਹੋਣ ਵਿਚੋਂ ਕਿਸ ਨੂੰ ਚੁਣਦੇ ਹਨ। ਕੁਝ ਲੋਕਾਂ ਦਾ
ਖਿਆਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਆਰ ਐਸ ਐਸ ਨੂੰ ਬੈਨ ਕਰਨ ਦੇ ਦਿੱਤੇ ਬਿਆਨ ਮਹਿਜ਼ ਰਾਜਨੀਤਕ ਹੀ ਹਨ ਕਿਓਂਕਿ
ਭਾਜਪਾ ਨਾਲ ਅਕਾਲੀ ਦਲ ਬਾਦਲ ਦੇ ਨੌਂਹ ਮਾਸ ਦੇ ਰਿਸ਼ਤੇ ਦਾ ਹਰਿਆਣਾ ਵਿਚ ਤਲਾਕ ਹੋ ਗਿਆ ਅਤੇ ਪੰਜਾਬ ਵਿਚ ਬਾਦਲਾਂ ਦੇ ਲੱਤ
ਮਾਰਨ ਲਈ ਭਾਜਪਾ ਸਿਰਫ ਮੁਨਾਸਬ ਮੌਕੇ ਦੀ ਭਾਲ ਵਿਚ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜਿਸ ਤਰਾਂ ਦੇ ਬਿਆਨ
ਅਕਾਲੀ ਦਲ ਦੇ ਖਿਲਾਫ ਪੰਜਾਬੀ ਵਿਚ ਦਿੱਤੇ ਹਨ ਉਹਨਾ ਨੂੰ ਦੇਖ ਕੇ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਭਾਜਪਾ ਨਾਲ
ਬਾਦਲਾਂ ਦੇ ਨੌਂਹ ਮਾਸ ਦੇ ਰਿਸ਼ਤੇ ਦਾ ਹੁਣ ਕੋਈ ਵੀ ਤੁਕ ਨਹੀਂ ਬਣਦਾ। ਪਰ ਤਾਂ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨਾ ਨੂੰ ਕੇਵਲ
ਰਾਜਨੀਤਕ ਕਹਿਣਾ ਏਨਾ ਮੁਨਾਸਬ ਨਹੀਂ ਕਿਓਂਕਿ ਉਹਨਾ ਨੇ ਪਹਿਲਾਂ ਕਸ਼ਮੀਰ ਦੇ ਮਾਮਲੇ ਵਿਚ ਵੀ ਉਸ ਵੇਲੇ ਡਟਵੇਂ ਬਿਆਨ ਦਿੱਤੇ ਸਨ
ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਜਿਹਨਾ ਲੋਕਾਂ ਦੇ ਵਿਆਹ ਨਹੀਂ ਹੁੰਦੇ ਉਹ ਹੁਣ ਕਸ਼ਮੀਰ ਤੋਂ
ਕੁੜੀਆਂ ਲਿਆ ਸਕਣਗੇ’।
ਆਰ ਐਸ ਐਸ ‘ਤੇ ਅਜ਼ਾਦ ਭਾਰਤ ਵਿਚ ਪਹਿਲਾਂ ਵੀ ਬੈਨ ਲੱਗ ਚੁੱਕੇ ਹਨ ਅਤੇ ਜੇਕਰ ਸਿੱਖਾਂ ਅਤੇ ਭਾਰਤ ਦੀਆਂ ਸਮੂਹ ਘੱਟਗਿਣਤੀਆਂ ਨੇ
ਹਿੰਦੀ, ਹਿੰਦੂ, ਹਿੰਦੋਸਤਾਨ ਅਤੇ ਹਿੰਦੁਤਵਾ ਦੇ ਰੁਝਾਨ ਦਾ ਵਿਰੋਧ ਨਾ ਕੀਤਾ ਤਾਂ ਭਾਰਤ ਵਿਚ ਘੱਟਗਿਣਤੀਆਂ ਦਾ ਰਹਿਣਾ ਮੁਹਾਲ ਹੋ
ਜਾਏਗਾ। ਆਰ ਐਸ ਐਸ ਵਲੋਂ ਹਿੰਦੂਆਂ ਨੂੰ ਹੀ ਭਾਰਤ ਦੇ ਅਸਲੀ ਵਸਨੀਕ ਮੰਨਿਆਂ ਜਾਣਾ ਵੀ ਸਰਾਸਰ ਗਲਤ ਹੈ। ਕੁਝ ਚਿੰਤਕ ਦਰਾਵੜ
ਲੋਕਾਂ ਨੂੰ ਭਾਰਤ ਦੇ ਅਸਲ ਵਸਨੀਕ ਮੰਨਦੇ ਹਨ ਜਦ ਕਿ ਸੱਚ ਇਹ ਹੈ ਕਿ ਭਾਰਤ ਕਦੀ ਵੀ ਇੱਕ ਦੇਸ਼ ਨਹੀਂ ਸੀ ਅਤੇ ਇਹ ਦੇਸ਼ ਅਨੇਕਾਂ
ਕੌਮਾਂ, ਧਰਮਾਂ, ਬੋਲੀਆਂ ਅਤੇ ਨਸਲਾਂ ਦਾ ਸਮੂਹ ਹੈ। ਇਹਨਾ ਸਾਰੀਆਂ ਕੌਮਾਂ ਦਾ ਭਾਰਤ ‘ਤੇ ਓਨਾ ਹੀ ਹੱਕ ਹੈ ਜਿੰਨਾ ਕਿ ਹਿੰਦੂਆਂ ਦਾ। ਸੱਚ
ਇਹ ਹੈ ਕਿ ਆਰ ਐਸ ਐਸ ਦੀ ਹਿੰਦੁਤਵਾ ਵਾਲੀ ਦਾਅਵੇਦਾਰੀ ਅਤੇ ਬੁਰਛਾਗਰਦੀ ਦੇਸ ਵਿਚ ਗ੍ਰਹਿ ਯੁੱਧ ਵਰਗੇ ਹਾਲਾਤ ਪੈਦਾ ਕਰਕੇ
ਭਾਰਤ ਨੂੰ ਤੋੜ ਦੇਵੇਗੀ।

ਸਾਢੇ ਪੰਜ ਸੌ ਸਾਲਾ ਸਬੰਧੀ ਸ੍ਰੀ ਅਕਾਲ ਤਖਤ ਤੋਂ ਸੰਦੇਸ਼ ਜਾਰੀ

ਹੁਣੇ ਹੁਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਵਲੋਂ ਪੰਥ ਦੇ ਨਾਮ ਕੁਝ ਸੰਦੇਸ਼ ਜਾਰੀ ਕੀਤੇ ਗਏ ਹਨ ਜੋ ਕ੍ਰਮਵਾਰ
ਇਸ ਪ੍ਰਕਾਰ ਹਨ।
 ਇਲੈਕਟਰੋਨਿਕ ਚੰਦੋਆ ਸਾਹਿਬ ਬਾਰੇ-ਗੁਰਦਵਾਰਿਆਂ ਵਿਚ ਇਲੈਕਟਰੋਨਿਕ ਚੰਦੋਏ ਲਾਉਣ ਦੀ ਮਨਾਹੀ ਕੀਤੀ
ਗਈ ਹੈ।
 ਗੁਰੂ ਸਾਹਿਬ ਦੀਆਂ ਮੂਰਤੀਆਂ ਸਬੰਧੀ-ਬਜ਼ਾਰ ਵਿਚ ਗੁਰੂ ਸਾਹਿਬ ਦੀਆਂ ਵਿਕ ਰਹੀਆਂ ਮੂਰਤੀਆਂ ਬਾਰੇ ਵੀ ਮਨਾਹੀ ਕੀਤੀ
ਗਈ ਹੈ ਕਿ ਇਹ ਬੰਦ ਕੀਤੀਆਂ ਜਾਣ।

 ਬਿਰਧ ਬੀੜਾਂ ਦੇ ਸਸਕਾਰ ਬਾਰੇ- ਪ੍ਰਦੇਸਾਂ ਵਿਚ ਬਿਰਧ ਬੀੜਾਂ ਅਤੇ ਗੁਟਕਾ ਸਾਹਿਬ ਦੇ ਸਸਕਾਰ ਦੀ ਇਜਾਜ਼ਤ ਬਾਰੇ ਕਿਹਾ
ਗਿਆ ਹੈ ਕਿ ਪ੍ਰਦੇਸਾਂ ਵਿਚ ਰਹਿਣ ਵਾਲੇ ਸਿੱਖ ਸਬੰਧਤ ਸਰਕਾਰਾਂ ਨਾਲ ਰਾਬਤਾ ਕਰਕੇ ਜਾਣਕਾਰੀ ਸ੍ਰੀ ਅਕਾਲ ਤਖਤ ਨੂੰ ਭੇਜਣ
ਤਾਂ ਕਿ ਕੋਈ ਰੁਕਾਵਟ ਨਾ ਆਵੇ।
 ਬੇਰ ਸਾਹਿਬ ‘ਤੇ ਸਾਢੇ ਪੰਜ ਸੌ ਸਾਲਾ ਦੀਵਾਨ ਬਾਰੇ-੧੨ ਨਵੰਬਰ ਨੂੰ ਬੇਰ ਸਾਹਿਬ ਗੁਰਦਵਾਰਾ ਸੁਲਤਾਨਪੁਰ ਵਿਖੇ ਪੰਥ
ਵਲੋਂ ਇੱਕ ਸਰਬ ਸਾਂਝੀ ਸਟੇਜ ਲਾਈ ਜਾਵੇਗੀ ਜਿਸ ਦੀ ਜ਼ਿੰਮੁਵਾਰੀ ਸ਼੍ਰੋਮਣੀ ਕਮੇਟੀ ਦੀ ਹੋਵੇਗੀ। ਇਸ ਵਿਸ਼ੇਸ਼ ਮੌਕੇ ‘ਤੇ ਆਏ
ਰਾਜਨੀਤਕ ਅਤੇ ਗੈਰ ਰਾਜਨੀਤਕ ਆਗੂਆਂ ਦਾ ਬਰਾਬਰ ਦਾ ਸਤਕਾਰ ਹੋਵੇਗਾ, ਕਿਸੇ ਨਾਲ ਵੀ ਪੱਖਪਾਤ ਨਹੀਂ ਹੋਵੇਗਾ। ਇਸ ਦੇ
ਨਾਲ ਹੀ ਸੰਦੇਸ਼ ਜਾਰੀ ਕੀਤਾ ਗਿਆ ਕਿ ਸਾਢੇ ਪੰਜ ਸੌ ਸਾਲਾ ਮਨਾਉਂਦਿਆਂ ਸਾਰੇ ਪੰਥਕ ਪ੍ਰਚਾਰਕ ਅਤੇ ਬੁਲਾਰੇ ਕੇਵਲ ਅਤੇ
ਕੇਵਲ ਗੁਰੂ ਨਾਨਕ ਸਾਹਿਬ ਜੀ ਮਹਾਂਰਾਜ ਜੀ ਦੀ ਮਾਨਵਤਾ ਨੂੰ ਦੇਣ ਨੂੰ ਹੀ ਪ੍ਰਮੁਖ ਰੱਖਣ।
 ਸੋਸ਼ਲ ਮੀਡੀਏ ‘ਤੇ ਬਿਆਨਬਾਜ਼ੀ ਬਾਰੇ – ਸਿੱਖ ਮਾਈ ਭਾਈ ਸੋਸ਼ਲ ਮੀਡੀਏ ‘ਤੇ ਕੀਤੀ ਜਾ ਰਹੀ ਬੇਲੋੜੀ ਅਤੇ ਬੇ-ਰਸੀ
ਬਿਆਨਬਾਜ਼ੀ ਤੋਂ ਸੰਕੋਚ ਕਰਨ।
 ਭਾਈ ਰਣਜੀਤ ਸਿੰਘ ਢਡਰੀਆਂ ਵਲਿਆਂ ਦੀ ਜਵਾਬ ਤਲਬੀ ਬਾਰੇ-ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ
ਸਿੰਘ ਜੀ ਨੇ ਮੀਡੀਏ ਨੂੰ ਦਿੱਤੇ ਬਿਆਨਾ ਵਿਚ ਕਿਹਾ ਹੈ ਕਿ ਭਾਈ ਢਡਰੀਆਂ ਸਬੰਧੀ ਆਈਆਂ ਸ਼ਿਕਾਇਤਾ ਲਈ ਪੰਜ ਮੈਂਬਰੀ
ਵਿਦਵਾਨਾ ਦੀ ਟੀਮ ਬਣਾਈ ਜਾਵੇਗੀ ਜੋ ਕਿ ਭਾਈ ਢਡਰੀਆਂ ਨਾਲ ਰਾਬਤਾ ਕਰਕੇ ਉਹਨਾ ਦੇ ਬਿਆਨ ਰਿਕਾਰਡ ਕਰਕੇ ਸ੍ਰੀ
ਅਕਾਲ ਤਖਤ ‘ਤੇ ਪੇਸ਼ ਕਰੇਗੀ ਜਿਹਨਾ ਬਿਆਨਾਂ ਦੀ ਬਿਨ੍ਹਾ ‘ਤੇ ਪੰਜ ਸਿੰਘ ਸਾਹਿਬਾਨ ਕੋਈ ਫੈਸਲਾ ਕਰਨਗੇ। ਚੇਤੇ ਰਹੇ ਕਿ
ਪਿਛਲੇ ਕੁਝ ਸਮੇਂ ਤੋਂ ਭਾਈ ਢਡਰੀਆਂ ਵਲੋਂ ਮਾਤਾ ਭਾਗ ਕੌਰ ਜੀ ਸਬੰਧੀ ਬਿਆਨਬਾਜ਼ੀ ਬਾਰੇ ਸ੍ਰੀ ਅਕਾਲ ਤਖਤ ਸਾਹਿਬ ‘ਤੇ
ਆਈਆਂ ਸ਼ਿਕਾਇਤਾਂ ਮਗਰੋਂ ਇਹ ਮਾਮਲਾ ਭਖ ਗਿਆ ਸੀ। ਭਾਈ ਢਡਰੀਆਂ ਵਲਿਆਂ ਨੇ ਕਿਹਾ ਸੀ ਕਿ ਗੀਤਕਾਰ ਸਿੱਧੂ
ਮੂਸੇਵਾਲੇ ਨੇ ਆਪਣੇ ਗੀਤ ਵਿਚ ਮਾਤਾ ਭਾਗ ਕੌਰ ਜੀ ਬਾਰੇ ਅਯੋਗ ਟਿੱਪਣੀ ਬਾਰੇ ਤਾਂ ਮੁਆਫੀ ਮੰਗ ਲਈ ਹੈ ਪਰ ‘ਸਾਡੇ ਵਾਲੇ’ ਤਾਂ
ਕਵੀ ਸੰਤੋਖ ਸਿੰਘ ਵਲੋਂ ਲਿਖਤ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਗੁਰਦੁਆਰਿਆਂ ਵਿਚ ਕਰਵਾ ਰਹੇ ਹਨ ਜਿਸ ਵਿਚ ਨਾ ਕੇਵਲ
ਮਾਤਾ ਭਾਗ ਕੌਰ ਜੀ ਬਾਰੇ ਹੀ ਸਗੋਂ ਗੁਰਮਤ ਤੋਂ ਉਲਟ ਹੋਰ ਵੀ ਅਨੇਕਾਂ ਹਵਾਲੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ-ਉੱਚਤਾ ਬਾਰੇ ਵਿਵਾਦ

ਕੁਝ ਵਿਦਵਾਨਾਂ ਵਲੋਂ ਲਗਾਤਾਰ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖਤ ਨੂੰ ਕਿਓਂਕਿ ਪਿਛਲੇ ਲੰਬੇ ਅਰਸੇ ਤੋਂ
ਰਾਜਨੀਤਕ ਧਿਰਾਂ ਆਪਣੇ ਸੌੜੇ ਹਿੱਤਾਂ ਲਈ ਵਰਤ ਰਹੀਆਂ ਹਨ ਇਸ ਕਰਕੇ ਅਜਕਲ ਦੇ ਅਮਲਾਂ ਵਿਚ ਤਖਤ ਸਾਹਿਬ ਦੀ ਤਾਬਿਆ
ਰਹਿਣ ਦਾ ਮਤਲਬ ਆਰ ਐਸ ਐਸ ਅਤੇ ਰਾਜਨੀਤਕ ਮੋਹਰਿਆਂ ਦੇ ਦੁਸ਼ਟ ਚੱਕਰ ਦੀ ਤਾਬਿਆ ਹੋਣਾ ਹੈ ਜਿਸ ਦੇ ਖਿਲਾਫ ਬਗਾਵਤ ਜਰੂਰੀ
ਹੈ। ਇਸ ਸਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਤਾਂ ਸ੍ਰੀ ਅਕਾਲ ਤਖਤ ਦੇ
ਦਾਇਰੇ ਵਿਚ ਨਹੀਂ ਸਨ।
ਜਿਥੋਂ ਤਕ ਗੁਰੂ ਕਾਲ ਦਾ ਸਬੰਧ ਹੈ ਇਸ ਵਿਚ ਕੋਈ ਸ਼ੱਕ ਨਹੀਂ ਕਿ ਧੀਰ ਮੱਲੀਆਂ ਨੇ ਗੁਰੂ ਤੇਗਬਾਹਦਰ ਜੀ ਦੇ ਅੰਮ੍ਰਿਤਸਰ ਆਉਣ ‘ਤੇ
ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਅਤੇ ਗੁਰੂ ਸਾਹਿਬ ‘ਤੇ ਗੋਲੀ ਚਲਾਉਣ ਦੀ ਕੋਸ਼ਿਸ ਵੀ ਕੀਤੀ ਸੀ ਪਰ ਇਸ ਦਾ ਇਹ
ਮਤਲਬ ਨਹੀਂ ਕਿ ਭਲਕ ਨੂੰ ਸਿੱਖ ਸਮਾਜ ਨੂੰ ਦਰਬਾਰ ਸਾਹਿਬ ਤੋਂ ਬੇਮੁਖ ਕਰਨ ਲਈ ਢੁੱਚਰਾਂ ਖੜ੍ਹੀਆਂ ਕੀਤੀਆਂ ਜਾਣ। ਜਿਥੋਂ ਤਕ ਦਸਮ
ਪਾਤਸ਼ਾਹ ਦਾ ਸਬੰਧ ਹੈ ਇਸ ਗੱਲ ਨੂੰ ਹਰ ਆਮ ਖਾਸ ਸਿੱਖ ਸਮਝ ਸਕਦਾ ਹੈ ਕਿ ਉਹਨਾ ਨੇ ਜੰਗੀ ਵਿਓਂਤਬੰਦੀ ਦੀ ਲੋੜ ਮੁਤਾਬਕ ਸ੍ਰੀ
ਅਨੰਦਪੁਰ ਸਾਹਿਬ ਨੂੰ ਚੁਣਿਆ ਸੀ ਅਤੇ ਹਾਲਾਤਾਂ ਦੇ ਬਦਲਣ ਨਾਲ ਖਾਲਸੇ ਨੇ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਦੀ ਸੇਵਾ ਸੌਂਪ
ਦਿੱਤੀ ਸੀ।
ਅੰਗ੍ਰੇਜਾਂ ਅਤੇ ਭਾਰਤੀ ਹਾਕਮਾ ਵਲੋਂ ਲਗਾਤਾਰ ਇਹ ਕੋਸ਼ਿਸ਼ਾਂ ਜਾਰੀ ਰਹੀਆਂ ਕਿ ਖਾਲਸੇ ਦੇ ਪ੍ਰਮੁਖ ਸਰੋਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ
ਦਰਬਰ ਸਾਹਿਬ ਨੂੰ ਆਪਣੇ ਹਿੱਤ ਲਈ ਕਿਵੇਂ ਭੁਗਤਾਇਆ ਜਾਵੇ। ਇਸੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਓਹੀ ਜਥੇਦਾਰ ਨਿਯੁਕਤ
ਕੀਤੇ ਗਏ ਜੋ ਸਰਕਾਰਾਂ ਨੂੰ ਮਨਜ਼ੂਰ ਸਨ। ਇਹ ਲੜੀ ਸ੍ਰੀ ਅਕਾਲ ਤਖਤ ਦੇ ਅੰਗ੍ਰੇਜ਼ਾ ਦੇ ਵੇਲੇ ਤੋਂ ਸਥਾਪਤ ਅਰੂੜ ਸਿੰਘ ਵਰਗੇ ਸਰਬਰਾਹਾਂ ਤੋਂ
ਸ਼ੁਰੂ ਹੋ ਕੇ ਗਿਆਨੀ ਗੁਰਬਚਨ ਸਿੰਘ ਤਕ ਚਲੀ ਆਈ ਹੈ। ਇਥੋਂ ਤਕ ਕਿ ਸੰਨ ਚੁਰਾਸੀ ਨੂੰ ਜਦੋਂ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਨੂੰ ਢਹਿ
ਢੇਰੀ ਕਰ ਦਿੱਤਾ ਸੀ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਵਲੋਂ ਬਿਆਨ ਆਏ ਸਨ ਕਿ ਕੋਠਾ ਸਾਹਿਬ ਸੁਰੱਖਿਅਤ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਅਗਰ ਸਿੱਖਾਂ ਦੇ ਕੇਂਦਰਾਂ ‘ਤੇ ਰਾਜਨੀਤੀ ਦੇ ਕਾਲੇ ਪ੍ਰਛਾਵੇਂ ਹਨ ਤਾਂ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਕਿ ਇਹਨਾ
ਕੇਂਦਰਾਂ ਨੂੰ ਇਹਨਾ ਪ੍ਰਛਾਵਿਆਂ ਤੋਂ ਮੁਕਤ ਕੀਤਾ ਜਾਵੇ ਨਾ ਕਿ ਸਿੱਖਾਂ ਨੂੰ ਇਹਨਾ ਕੇਂਦਰਾਂ ਤੋਂ ਤੋੜ ਦਿੱਤਾ ਜਾਵੇ।
ਸੌਦੇ ਵਾਲੇ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਤੋਂ ਬਰੀ ਕਰਵਾ ਕੇ ਬਾਦਲਾਂ ਨੇ ਨਤੀਜਾ ਭੁਗਤ ਲਿਆ ਹੈ। ਇਹ ਵੀ ਸਪੱਸ਼ਟ ਹੈ ਕਿ ਭਾਜਪਾ
ਨਾਲ ਅਕਾਲੀ ਦਲ ਦਾ ਰਿਸ਼ਤਾ ਡਾਵਾਂਡੋਲ ਹੈ ਅਤੇ ਹੁਣ ਮੌਕਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰੁਤਬੇ ਨੂੰ ਬੁਲੰਦ ਕਰਕੇ ਪੰਥ ਦੀ
ਚੜ੍ਹਦੀ ਕਲਾ ਲਈ ਯਤਨ ਕੀਤੇ ਜਾਣ। ਇਸ ਲਈ ਹੇਠ ਲਿਖੇ ਨੁਕਤਿਆਂ ‘ਤੇ ਅਮਲ ਜਰੂਰੀ ਹੈ-

1। ਸੰਪ੍ਰਦਾਵਾਂ, ਡੇਰੇ, ਨਿਹੰਗ ਛਉਣੀਆਂ, ਮਿਸ਼ਨਰੀ ਅਤੇ ਸਮੂਹ ਪੰਥਕ ਧਿਰਾਂ ਆਪੋ ਆਪਣੇ ਹਿੱਤਾਂ ਲਈ ਸ੍ਰੀ ਅਕਾਲ ਤਖਤ ਸਾਹਿਬ
ਦੇ ਰੁਤਬੇ ਨੂੰ ਵਰਤਣ ਜਾਂ ਇਸ ਤੋਂ ਬਾਗੀ ਹੋਣ ਦੀਆਂ ਸਾਜਿਸ਼ਾਂ ਤੋਂ ਸੰਕੋਚ ਕਰਨ। ਪੰਥਕ ਸਟੇਜਾਂ ਨੂੰ ਕਿਸੇ ਵੀ ਇੱਕ ਧਿਰ ਦਾ ਏਕਾ
ਅਧਿਕਾਰਾ ਨਾ ਬਣਾਇਆ ਜਾਵੇ ਸਗੋਂ ਸਮੁੱਚੇ ਪੰਥ ਲਈ ਸਾਂਝਿਆਂ ਕੀਤਾ ਜਾਵੇ। ਪੰਥ ਵਿਚ ਆਪਸੀ ਸੱਦਭਾਵਨਾ ਦਾ ਮਹੌਲ
ਬਣਾਇਆ ਜਾਵੇ।
2। ਸਮੁੱਚਾ ਪੰਥ ਹੀ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦੀ ਤਾਬਿਆ ਰਹੇ ਅਤੇ ਜਿਹੜੀਆਂ ਧਿਰਾਂ ਇਸ ਤੋਂ ਬਾਗੀ ਹਨ ਉਹਨਾ ਨੂੰ
ਪੰਥਕ ਸਟੇਜਾਂ ਦਾ ਏਕਾ-ਅਧਿਕਾਰ ਦੇਣ ਜਾਂ ਪੰਥ ਦੀ ਅਗਵਾਈ ਦਾ ਏਕਾ ਅਧਿਕਾਰ ਦੇਣ ਤੋਂ ਸੰਕੋਚ ਕੀਤਾ ਜਾਵੇ। ਮੌਜੂਦਾ ਤਲਖੀ
ਦੇ ਮਹੌਲ ਵਿਚ ਸਿੱਖ ਰਹਿਤ ਮਰਿਯਾਦਾ ਵਿਚ ਸੋਧਾਂ ਨਹੀਂ ਹੋ ਸਕਣੀਆਂ ਇਸ ਲਈ ਯੋਗ ਵਾਤਾਵਰਣ ਬਨਾਉਣਾ ਪਏਗਾ।
3। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖੀ ਦੇ ਪ੍ਰਚਾਰ ਸਬੰਧੀ ਪੁਰਾਤਨ ਸਰੋਤਾਂ ਵਿਚ ਸਮੇਂ ਸਮੇਂ ਮਿਲਾਵਟਾਂ ਹੋਈਆਂ ਹਨ ਪਰ ਅੱਜ ਦੇ
ਮਹੌਲ ਵਿਚ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਇਸ ਮੁੱਦੇ ਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਕਿਸੇ ਨੇ ਇਸ
ਸਬੰਧੀ ਪੰਥ ਦਾ ਧਿਆਨ ਦਿਵਾਉਣਾ ਵੀ ਹੋਵੇ ਤਾਂ ਆਪਣੀ ਭਾਸ਼ਾ ਦਾ ਖਾਸ ਖਿਆਲ ਰੱਖਿਆ ਜਾਵੇ। ਮੌਜੂਦਾ ਦੌਰ ਵਿਚ ਅਨੇਕਾਂ
ਪ੍ਰਚਾਰਕਾਂ ਦੇ ਇਰਾਦੇ ਇਤਹਾਸਕ ਸਰੋਤਾਂ ਵਿਚ ਸੋਧ ਦੇ ਨਹੀਂ ਸਗੋਂ ਇੱਕ ਦੂਜੇ ਨੂੰ ਨੀਵਿਆਂ ਦਿਖਾਉਣ ਲਈ ਵੱਧ ਤੋਂ ਵੱਧ
ਉਕਸਾਊ ਅਤੇ ਘਟੀਆ ਬੋਲੀ ਬੋਲਣ ਦੇ ਹਨ।
4। ਸੋਸ਼ਲ ਮੀਡੀਏ ‘ਤੇ ਆਪੋ ਆਪਣੀ ਧਾਂਕ ਬਿਠਾਉਣ ਦੀ ਪ੍ਰਵਿਰਤੀ ਨੂੰ ਬੰਦ ਕੀਤਾ ਜਾਵੇ ਅਤੇ ਗਾਲੀ ਗਲੋਚ ਜਾਂ ਆਪੇ ਤੋਂ ਬਾਹਰ
ਹੋਣ ਦੀ ਬਿਆਨਬਾਜੀ ਮੁਕੰਮਲ ਤੌਰ ‘ਤੇ ਬੰਦ ਕੀਤੀ ਜਾਵੇ।
5। ਪ੍ਰਮਾਤਮਾ ਦੀ ਹੋਂਦ, ਨਾਮ ਸਿਮਰਨ, ਪਵਿੱਤਰ ਗੁਰੂਧਾਮਾਂ, ਪਵਿੱਤਰ ਸਰੋਵਰਾਂ ਅਤੇ ਗੁਰੂਕਾਲ ਦੇ ਇਤਹਾਸ ਬਾਰੇ ਦਿਮਾਗੀ ਘਾੜਤਾਂ
ਘੜ ਕੇ ਪੰਥ ਵਿਚ ਦੁਬਿਧਾ ਪਾਊਣ ਤੋਂ ਪੁਰਨ ਤੌਰ ‘ਤੇ ਸੰਕੋਚ ਕੀਤਾ ਜਾਵੇ। ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ
ਪ੍ਰਮਾਤਮਾ, ਪ੍ਰਮਾਤਮਾ ਦੀ ਬੰਦਗੀ ਅਤੇ ਸੇਵਾ ਦੀ ਮਹਾਨਤਾ ਨੂੰ ਮਹਿਜ਼ ਮਨੁੱਖੀ ਗੁਣਾ, ਕਾਮਨ ਸੈਂਸ ਜਾਂ ਵਿਗਿਆਨਕ ਅਸੂਲਾਂ ਤਕ
ਸੀਮਤ ਕਰਨ ਦੀਆਂ ਰੁਚੀਆਂ ਗੁਰਬਾਣੀ ਸੱਚ ‘ਤੇ ਪੂਰੀਆਂ ਨਹੀਂ ਉਤਰਦੀਆਂ। ਮਿਸਾਲ ਦੇ ਤੌਰ ‘ਤੇ ਨਾਮ ਸਿਮਰਨ ਅਤੇ
ਵਾਹਿਗੁਰੂ ਜੀ ਦੀ ਅਸੀਮ ਸ਼ਕਤੀ, ਕਿਰਪਾ ਅਤੇ ਦਾਤਾਂ ਪ੍ਰਤੀ ਫੁਰਮਾਨ ਹਨ –
ਸਲੋਕ ਮਃ ੧ ॥

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥

ਗਉੜੀ ਮਾਲਾ ੫ ॥

ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥ ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥

Real Estate