ਬਾਬਾ ਨਾਨਕ ਦਾ ਸਚਿਆਰਾ ਮਨੁੱਖ ਬਣਨ ਦਾ ਤਰਕਸੰਗਤ ਸੰਦੇਸ

2275

ਕਰੋੜਾਂ ਸਾਲ ਪਹਿਲਾਂ ਧਰਤੀ ਤੇ ਮਨੁੱਖ ਹੋਂਦ ਵਿੱਚ ਆਇਆ ਤੇ ਉਹ ਬਾਕੀ ਪਸੂਆਂ ਜਾਨਵਰਾਂ ਵਾਂਗ ਜੰਗਲਾਂ ’ਚ ਜੀਵਨ ਬਸਰ ਕਰਨ ਲੱਗਾ। ਫਿਰ ਉਸਨੂੰ ਕੁਝ ਸੋਝੀ ਆਈ ਤਾਂ ਉਹ ਆਪਣੇ ਬਚਾਅ ਲਈ ਇਕੱਠੇ ਹੋ ਕੇ ਰਹਿਣ ਲੱਗਾ। ਉਸਤੋਂ ਬਾਅਦ ਮਨੁੱਖ ਨੇ ਆਪਣੇ ਕਬੀਲੇ ਕਾਇਮ ਕਰ ਲਏ ਅਤੇ ਫਿਰ ਉਸਦੀ ਸਮਝ ਕੁਦਰਤ ਤੇ ਕਾਦਰ ਨੂੰ ਲੱਭਣ ਲੱਗੀ, ਇੱਥੋਂ ਹੀ ਉਸਦੀ ਧਾਰਮਿਕ ਬਿਰਤੀ ਦਾ ਅਰੰਭ ਹੋਇਆ। ਇਨਸਾਨ ਵਿਕਾਸ ਕਰਦਾ ਗਿਆ, ਇਸ ਨਾਲ ਉਸਦੇ ਕਾਰੋਬਾਰ ਤੇ ਧਾਰਮਿਕ ਸਰਧਾ ਵੀ ਨਾਲੋ ਨਾਲ ਵਿਕਾਸ ਕਰਦੇ ਰਹੇ। ਲੱਖਾਂ ਸਾਲਾਂ ਵਿੱਚ ਮਨੁੱਖ ਨੇ ਜਿੱਥੇ ਹਜ਼ਾਰਾਂ ਕਬੀਲੇ ਤੇ ਕੌਮਾਂ ਪੈਦਾ ਕਰ ਲਈਆਂ, ਉ¤ਥੇ ਹਜ਼ਾਰਾਂ ਹੀ ਧਰਮ ਪ੍ਰਚੱਲਤ ਹੋ ਗਏ ਅਤੇ ਅਣਗਿਣਤ ਗੁਰੂਆਂ ਪੀਰਾਂ ਫ਼ਕੀਰਾਂ ਆਦਿ ਨੇ ਇਸ ਧਰਤੀ ਤੇ ਜਨਮ ਲਿਆ।
ਇਨਸਾਨ ਦੇ ਲਾਲਚ ਨੇ ਉਸਨੂੰ ਧਰਾਤਲ, ਰੰਗ, ਬੋਲੀ ਆਦਿ ਵਿੱਚ ਵੰਡ ਦਿੱਤਾ, ਇਸ ਵੰਡ ਤੋਂ ਬਾਅਦ ਆਪਣੇ ਖਿੱਤੇ ਦੇ ਵਿਕਾਸ ਕਰਨ ਦੇ ਯਤਨ ਵਿੱਚ ਦੂਜੇ ਖਿੱਤੇ ਦੇ ਲੋਕ ਉਸਨੂੰ ਦੁਸਮਣ ਦਿਸਣ ਲੱਗੇ ਤੇ ਇਨਸਾਨ ਇਨਸਾਨ ਦਾ ਵਿਰੋਧੀ ਤੇ ਦੁਸਮਣ ਬਣਦਾ ਗਿਆ। ਭਾਵੇਂ ਧਰਤੀ ਤੇ ਹਜ਼ਾਰਾਂ ਧਰਮ ਚੱਲ ਰਹੇ ਸਨ, ਪਰ ਉਹਨਾਂ ਵੀ ਆਪਣੇ ਆਪਣੇ ਧਰਮ ਨੂੰ ਵਧਾਉਣ ਲਈ ਤਾਂ ਯਤਨ ਕੀਤਾ, ਪ੍ਰਚਾਰ ਪ੍ਰਸਾਰ ਕਰਨ ਤੋਂ ਅਗਾਂਹ ਲੰਘਦਿਆਂ ਉਹਨਾਂ ਦੂਜੇ ਧਰਮਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਖਤਮ ਕਰਨ ਦੀ ਨੀਤੀ ਵੀ ਅਪਣਾਈ, ਪਰ ਇਨਸਾਨਾਂ ਵਿੱਚ ਪੈਦਾ ਹੋਈ ਦੁਸਮਣੀ ਤੇ ਰੰਜਸ ਨੂੰ ਖਤਮ ਕਰਨ ਦਾ ਕੋਈ ਠੋਸ ਯਤਨ ਨਾ ਕੀਤਾ ਅਤੇ ਮਾਨਵਜਾਤੀ ਦੀ ਸਾਂਝੀਵਾਲਤਾ ਵਾਲਾ ਕੋਈ ਨਿਜਾਮ ਪੈਦਾ ਨਾ ਕਰ ਸਕੇ। ਜੇ ਇਹ ਸੁਭ ਕਾਰਜ ਦਾ ਅਰੰਭ ਹੋਇਆ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਉਪਰੰਤ ਸੁਰੂ ਹੋਏ ਸਿੱਖ ਧਰਮ ਵੱਲੋਂ ਹੀ ਹੋਇਆ। ਬਾਬਾ ਨਾਨਕ ਨੇ ਧਰਾਤਲ ਕੌਮ, ਲਹੂ, ਰੰਗ ਆਦਿ ਨੂੰ ਅਧਾਰ ਬਣਾ ਕੇ ਕੀਤੇ ਜਾ ਰਹੇ ਮਨੁੱਖੀ ਘਾਣ ਨੂੰ ਰੋਕਣ ਲਈ ਮਾਨਵਤਾ ਦੀ ਸਾਂਝੀਵਾਲਤਾ ਦਾ ਨਿਜ਼ਾਮ ਸਥਾਪਤ ਕਰਕੇ ਇਨਸਾਨ ਨੂੰ ਸਵੱਛ ਜੀਵਨ ਜਾਂਚ ’ਚ ਜਿਉਣ ਦਾ ਫਲਸਫ਼ਾ ਲੋਕਾਈ ਸਾਹਮਣੇ ਪੇਸ਼ ਕੀਤਾ।
ਇਹ ਉਹ ਸਮਾਂ ਸੀ ਜਦੋਂ ਦੁਨੀਆਂ ਵਿੱਚ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ, ਅੰਧ ਵਿਸਵਾਸ਼, ਕਰੂਰਤਾ, ਜਬਰ ਜੁਲਮ ਭਾਰੂ ਸੀ, ਪਰ ਕੋਈ ਵੀ ਧਰਮ ਉਸ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਹੌਸਲਾ ਨਹੀਂ ਸੀ ਕਰ ਰਿਹਾ। ਬਾਬੇ ਨਾਨਕ ਨੇ ਆਪਣੇ ਫਲਸਫ਼ੇ ਨੂੰ ਕਈ ਭਾਗਾਂ ਵਿੱਚ ਵੰਡ ਕੇ ਉਸਨੂੰ ਲਾਗੂ ਕਰਨ ਲਈ ਬੀੜਾ ਚੁੱਕ ਲਿਆ। ਪਹਿਲਾ ਭਾਗ ਸੀ ਮਨੁੱਖ ਦੇ ਆਪਣੇ ਸਰੀਰ ਤੇ ਜੀਵਨ ਜਾਂਚ ਨਾਲ ਸਬੰਧਤ। ਉਹਨਾਂ ਦੂਜੇ ਹੋਰ ਧਰਮਾਂ ਵਾਂਗ ਇਨਸਾਨ ਨੂੰ ਪੈਦਾ ਕਰਨ ਵਾਲੇ ਰੱਬ ਦਾ ਸੁਕਰਾਨਾ ਕਰਨ ਦਾ ਸੰਦੇਸ ਦਿੰਦਿਆਂ ਮਨੁੱਖ ਨੂੰ ਗਰੀਬ ਗੁਰਬੇ ਦੀ ਮੱਦਦ ਸਹਾਇਤਾ ਕਰਨ ਦਾ ਉਪਦੇਸ ਦਿੱਤਾ। ਉਹ ਅਜੇ ਵੀਹ ਕੁ ਸਾਲ ਦੇ ਹੀ ਸਨ, ਜਦ ਸੱਚਾ ਸੌਦਾ ਕਰਦਿਆਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਉਹਨਾਂ ਇਸ ਵਿਚਾਰ ਤੇ ਮੋਹਰ ਲਾਈ।
ਦੂਜਾ ਭਾਗ ਸੀ ਵੰਡ ਛਕਣ ਦਾ। ਉਹਨਾਂ ਵਗੈਰ ਵਿਤਕਰਾ ਕੀਤਿਆਂ ਵੰਡ ਛਕਣ ਦਾ ਉਪਦੇਸ ਦਿੱਤਾ, ਪਰ ਅੱਜ ਦੇ ਜ਼ਮਾਨੇ ਵਾਂਗ ਉਦੋਂ ਵੀ ਅਮੀਰ ਸਰਮਾਏਦਾਰ ਰਾਜੇ ਮਹਾਰਾਜੇ ਤੇ ਸ਼ਾਸਕ ਤਾਂ ਕੀ ਆਪਣੇ ਆਪ ਨੂੰ ਧਾਰਮਿਕ ਆਗੂ ਜਾਂ ਸਾਧ ਫ਼ਕੀਰ ਲੋਕ ਵੀ ਧਨ ਇਕੱਠਾ ਕਰਨ ਨੂੰ ਤਰਜੀਹ ਦਿੰਦੇ ਸਨ। ਪਰ ਜਦ ਬਾਬਾ ਨਾਨਕ ਨੇ ਆਪਣੇ ਇਸ ਤਰਕ ਤੇ ਬਲ ਦਿੱਤਾ ਤਾਂ ਸਿੱਧਾਂ ਨੇ ਵੰਡ ਛਕਣ ਨੂੰ ਗੈਰਵਾਜਬ ਕਰਾਰ ਦਿੰਦਿਆਂ ਇੱਕ ਵਾਰ ਗੋਸਟਿ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਤਿਲ ਦਾ ਦਾਣਾ ਦੇ ਦਿੱਤਾ ਕਿ ਇਸਨੂੰ ਤੁਸੀ ਆਪਣੇ ਉਪਦੇਸ ਅਨੁਸਾਰ ਆਪ ਵੀ ਛਕੋ ਤੇ ਦੂਜਿਆਂ ਵਿੱਚ ਵੀ ਵੰਡ ਦਿਓ। ਪਰ ਗੁਰੂ ਜੀ ਹਰ ਗੱਲ ਨੂੰ ਤਰਕ ਦੇ ਆਧਾਰ ਤੇ ਸਮਝਾਉਣ ਦੇ ਸਮਰੱਥ ਸਨ,ਉਹਨਾਂ ਇੱਕ ਕੂੰਡਾ ਘੋਟਾ ਮੰਗਵਾਇਆ, ਉਸ ’ਚ ਤਿਲ ਤੇ ਪਾਣੀ ਪਾ ਕੇ ਰਗੜਾ ਲਾਇਆ ਅਤੇ ਫਿਰ ਇਹ ਤਿਲ ਰਲਿਆ ਪਾਣੀ ਸਭ ਨੂੰ ਚੂਲੀ ਚੂਲੀ ਪਿਲਾ ਦਿੱਤਾ। ਇਹ ਦੇਖ ਕੇ ਸਿੱਧ ਨਿਰਉੱਤਰ ਹੋ ਗਏ। ਤੀਜਾ ਭਾਗ ਸੀ ਅਧਿਆਤਮਕ ਵਿਚਾਰਧਾਰਾ ਦਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭਾਵੇਂ ਹਜਾਰਾਂ ਧਰਮ ਚੱਲ ਰਹੇ ਹਨ, ਵੱਖ ਵੱਖ ਤਰ੍ਹਾਂ ਦੇ ਅਸੂਲ ਅਪਨਾ ਰਹੇ ਹਨ ਅਤੇ ਵੱਖ ਵੱਖ ਰਸਤੇ ਦਰਸਾ ਰਹੇ ਹਨ, ਪਰ ਰੱਬ ਇੱਕ ਹੈ। ਉਹਨਾਂ ਕਿਹਾ: ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ ਪੰਨਾ: 611 ਉਹਨਾਂ ਕਿਹਾ ਕਿ ਇਨਸਾਨਾਂ ਪਸੂਆਂ ਪੰਛੀਆਂ ਜਾਨਵਰਾਂ ਪੌਦਿਆਂ
ਆਦਿ ਨੂੰ ਜਨਮ ਦੇਣ ਵਾਲਾ ਰੱਬ ਇੱਕੋ ਹੈ ਅਤੇ ਉਹਨਾਂ ਆਪਣੀ ਬਾਣੀ ਵੀ ੴ ਤੋਂ ਸੁਰੂ ਕੀਤੀ ਅਤੇ ਇਹ ਵੀ ਦੱਸ ਦਿੱਤਾ ਕਿ ਅਕਾਲ ਪੁਰਖ ਸੱਚ ਹੈ ਤੇ ਸਦਾ ਰਹਿਣ ਵਾਲਾ ਹੈ: ‘‘ਆਦਿ ਸਚੁ ਜੁਗਾਦਿ ਸਚੁ, ਹੈਭੀ ਸਚੁ ਹੋਸੀ ਭੀ ਸਚੁ’’ ਪੰਨਾ: 1
ਉਹਨਾਂ ਕਿਹਾ ਕਿ ਜਦ ਸ੍ਰਿਸਟੀ ਸਾਜਨ ਵਾਲਾ ਇੱਕ ਹੈ, ਫਿਰ ਉਸਨੂੰ ਯਾਦ ਕਰਨ ਲਈ ਲੋਕਾਈ ਨੂੰ ਵੱਖ ਵੱਖ ਧਰਮਾਂ ’ਚ ਵੰਡਣਾਂ ਜਾਂ ਇੱਕ ਦੂਜੇ ਪ੍ਰਤੀ ਨਫ਼ਰਤ ਕਰਨੀ ਕਿੱਧਰ ਦੀ ਸਿਆਣਪ ਹੈ। ਉਹਨਾਂ ਸਭ ਨੂੰ ਪਿਆਰ ਤੇ ਸਤਿਕਾਰ ਨਾਲ ਇਕੱਠੇ ਰਹਿ ਕੇ ਕੁਦਰਤ ਤੇ ਕਾਦਰ ਨੂੰ ਲੱਭਣ ਦਾ ਰਾਹ ਦਿਖਾਇਆ। ਇਸ ਤਰ੍ਹਾਂ ਉਹਨਾਂ ਮਨੁੱਖ ਨੂੰ ਆਪਣੇ ਮੂਲ ਨਾਲ ਜੁੜਣ ਤੇ ਕੁਦਰਤ ਦੇ ਬੰਧਨ ’ਚ ਰਹਿ ਕੇ ਸਚਿਆਰਾ ਮਨੁੱਖ ਬਣ ਕੇ ਜੀਵਨ ਬਤੀਤ ਕਰਨ ਦਾ ਸੰਦੇਸ ਦਿੱਤਾ: ‘‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ ਤ ਹਊਮੈ ਕਰੇ ਨਾ ਕੋਇ॥’’ ਪੰਨਾ: 1 ਉਹਨਾਂ ਕਿਹਾ ਕਿ ਪ੍ਰਭੂ ਪਰਮੇਸਰ ਸਾਡੇ ਅੰਦਰ ਬਾਹਰ ਹਰ ਜਗਾਹ ਵਸ ਰਿਹਾ ਹੈ ਅਤੇ ਚੰਗੇ ਮਾੜੇ ਦੀ ਪਹਿਚਾਣ ਕਰ ਰਿਹਾ ਹੈ: ‘‘ਪਪੈ ਪਾਤਿਸਾਹ ਪਰਮੇਸਰ ਵੇਖਣ ਕਉ ਪਰਪੰਚ ਕੀਤਾ। ਵੇਖੈ ਬੁਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ॥ ਪੰਨਾ 433 ਚੌਥਾ ਭਾਗ ਸੀ ਕਿਰਤ ਕਰਨ ਦਾ ਉਪਦੇਸ਼। ਗੁਰੂ ਜੀ ਨੇ ਹਰ ਇਨਸਾਨ ਨੂੰ ਆਪਣੀ ਸਮਰੱਥਾ ਅਨੁਸਾਰ ਮਿਹਨਤ ਕਰਨ ਦਾ ਉਪਦੇਸ ਦਿੰਦਿਆਂ ਦੂਜੇ ਨਾਲ ਧੋਖਾ ਕਰਕੇ ਉਸਦੀ ਮਿਹਨਤ ਨੂੰ ਹਥਿਆਉਣ ਤੋਂ ਵਰਜਿਆ। ਜਿੱਥੇ ਉਹਨਾਂ ਕੰਮ ਕਰਨ ਨੂੰ ਇਨਸਾਨ ਦਾ ਮੁਢਲਾ ਗੁਣ ਦਸਦਿਆਂ ਖ਼ੁਦ ਵੀ ਮੋਦੀ ਖਾਨੇ ਵਿੱਚ ਨੌਕਰੀ ਕੀਤੀ, ਉੱਥੇ ਉਹਨਾਂ ਦੱਸਿਆ ਕਿ ਮਿਹਨਤ ਨਾਲ ਕਮਾਈ ਤੋਂ ਤਿਆਰ ਹੋਇਆ ਭੋਜਣ ਭਾਵੇਂ ਸਾਦਾ ਹੋਵੇ ਪਰ ਉਹ ਗੁਣ ਭਰਭੂਰ ਹੁੰਦਾ ਹੈ ਅਤੇ ਦੂਜਿਆਂ ਤੋਂ ਉਹਨਾਂ ਦੀ ਮਿਹਨਤ ਹਥਿਆ ਕੇ ਤਿਆਰ ਹੋਇਆ ਭੋਜਣ ਗੁਣਾਂ ਤੋਂ ਵਗੈਰ ਹੁੰਦਾ ਹੈ ਤੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ ਹੈ। ਆਪਣੇ ਇਸ ਤਰਕ ਨੂੰ ਪਰਤੱਖ ਕਰਦਿਆਂ ਉਹਨਾਂ ਵਿਚਾਰ ਚਰਚਾ ’ਚ ਇਹ ਸਪਸ਼ਟ ਕੀਤਾ ਕਿ ਗਰੀਬ ਤਰਖਾਣ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਗੁਣ ਭਰਭੂਰ ਹੈ ਜਦ ਕਿ ਰਾਜੇ ਮਲਕ ਭਾਗੋ ਦੇ ਤਰ੍ਹਾਂ ਤਰ੍ਹਾਂ ਦੇ ਸੁਆਦਲੇ ਭੋਜਣ ’ਚ ਗਰੀਬਾਂ ਦਾ ਲਹੂ ਭਾਵ ਮਿਹਨਤ ਮਜਦੂਰੀ ਦੀ ਲੁੱਟ ਦਿਖਾਈ ਦਿੰਦੀ ਹੈ, ਤੇ ਨੁਕਸਾਨਦੇਹ ਹੈ। ਬਾਬਾ ਨਾਨਕ ਨੇ ਨਵੀਂ ਕ੍ਰਾਂਤੀ ਲਿਆਉਂਦਿਆਂ ਧਰਮ ਨੂੰ ਕਿਰਤ ਨਾਲ ਜੋੜਿਆ। ਉਹਨਾਂ ਜੋਗੀ ਸੰਨਿਆਸੀ ਕਾਜ਼ੀ ਸਾਧ ਨਾਥ ਜੋ ਲੋਕਾਂ ਤੋਂ ਦਾਨ ਲੈ ਕੇ ਜਾਂ ਵਹਿਮਾਂ ਵਿੱਚ ਪਾ ਕੇ ਲੁੱਟ ਦੇ ਸਹਾਰੇ ਜਿੰਦਗੀ ਬਤੀਤ ਕਰਦੇ ਸਨ, ਉਹਨਾਂ ਨੂੰ ਨਕਾਰਦਿਆਂ ਕਿਹਾ ਕਿ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਵਾਲੇ ਨੂੰ ਹੀ ਸੱਚਾ ਧਾਰਮਿਕ ਤੇ ਗਿਆਨਵਾਨ ਮਨੁੱਖ ਮੰਨਿਆ ਜਾ ਸਕਦਾ ਹੈ। ਉਹਨਾਂ ਫੁਰਮਾਇਆ: ‘‘ਉਦਮੁ ਕਰੇਦਿਆਂ ਜੀਉ ਤੂੰ ਕਮਾਵਦਿਆ ਸੁਖ ਭੁੰਚ। ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥’
ਪੰਜਵੇਂ ਭਾਗ ’ਚ ਉਹਨਾਂ ਜਬਰ ਜੁਲਮ ਤੇ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਦਿਆਂ ਮਨੁੱਖੀ ਅਧਿਕਾਰਾਂ ਤੇ ਪਹਿਰਾ ਦਿੱਤਾ, ਭਾਸ਼ਾ ਸੱਭਿਆਚਾਰ ਨੂੰ ਗੁਲਾਮੀ ਤੋਂ ਮੁਕਤ ਕਰਨ ਲਈ ਜਾਗਰੂਕ ਕੀਤਾ ਅਤੇ ਔਰਤ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਾਉਂਦਿਆਂ ਉਸਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਏਮਨਾਬਾਦ ’ਚ ਹੋਏ ਕਤਲੇਆਮ ਨੂੰ ਵੇਖ ਕੇ ਗੁਰੂ ਜੀ ਨੇ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵਿਰੋਧ ਕੀਤਾ ਤੇ ਮੁਗਲ ਬਾਦਸ਼ਾਹ ਦੇ ਅੱਤਿਆਚਾਰਾਂ ਦੀ ਨਿੰਦਾ ਕਰਦਿਆਂ ਅਕਾਲ ਪੁਰਖ ਨੂੰ ਵੀ ਉਲਾਂਭਾ ਦਿੱਤਾ ਤੇ ਕਿਹਾ: ‘‘ਖੁਰਾਸਾਨਾ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ਆਪੈ ਦੋਸੁ ਨਾ ਦੇਹੀ ਕਰਤਾ ਜਮੁ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦ ਨਾ ਆਇਆ। ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨਿ ਰੋਸ ਨਾ ਹੋਈ। ਰਹਾਉ। ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ।’’ ਪੰਨਾ 360 ਔਰਤ ਜਾਤੀ ਦੀ ਦਸ਼ਾ ਤੇ ਦਿਸ਼ਾ ਦੀ ਹਾਲਤ ਮਾੜੀ ਦੇਖਦਿਆਂ ਉਹਨਾਂ ਸਤੀ ਪ੍ਰਥਾ ਦਾ ਵਿਰੋਧ ਕੀਤਾ ਅਤੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਰਾਜਿਆਂ ਮਹਾਰਾਜਿਆਂ ਗੁਰੂ ਪੀਰਾਂ ਨੂੰ ਜਨਮ ਦੇਣ ਵਾਲੀ ਔਰਤ ਹੈ ਫਿਰ ਉਸ ਨੂੰ ਮਾੜਾ ਕਿਉਂ ਮੰਨਿਆਂ ਜਾ ਰਿਹਾ ਹੈ: ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।’’ ਮਾਤਭਾਸ਼ਾ ਤੇ ਸੱਭਿਆਚਾਰ ਦੇ ਹੱਕ ਵਿੱਚ ਨਿੱਤਰਦਿਆਂ ਬਾਬਾ ਨਾਨਕ ਨੇ ਸੰਦੇਸ ਦਿੱਤਾ ਕਿ ਸੱਭਿਆਚਾਰ ਨੂੰ ਗੁਲਾਮੀ ਤੋਂ ਮੁਕਤ ਰੱਖਣ ਲਈ ਆਪਣੀ ਬੋਲੀ ਮਾਤਭਾਸ਼ਾ ਤੇ ਪਹਿਰਾ ਦੇਣਾ ਲਾਜਮੀ ਹੈ। ਉਹਨਾਂ ਕਿਹਾ: ‘‘ਘਰਿ ਘਰਿ ਮੀਆ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮਾਰੀ।’’ ਪੰਨਾ 1191
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫ਼ੇ ਤੇ ਸਿੱਧਾਂ ਦਾ ਪਹਿਲਾ ਆਧਾਰ ਮੂਲਕ ਪੱਖ ਸੱਚ ਹੈ। ਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਸੰਕਰਾ ਆਚਾਰੀਆਂ ਨੇ ਕਿਹਾ ‘‘ਸੰਸਾਰ ਦੀ ਹੋਂਦ ਭਰਮ ਮਾਤਰ ਹੈ।’’ ਆਚਾਰੀਆ ਸੰਕਰ ਨੇ ਕਿਹਾ ‘‘ਇਸ ਜਗਤ ਦੀ ਕੋਈ ਹੋਂਦ ਨਹੀਂ’’ ਮਹਾਤਮਾ ਬੁੱਧ ਦੇ ਸਿਧਾਤਾਂ ਅਨੁਸਾਰ ਭਾਵੇ ‘‘ਸੰਸਾਰ ਦੁੱਖਾਂ ਦਾ ਘਰ ਹੈ’’ ਪਰ ਉਹਨਾਂ ਸੱਚ ਦਾ ਸਿਧਾਂਤ ਵੀ ਲੋਕਾਂ ਸਾਹਮਣੇ ਰੱਖਿਆ। ਪਰ ਬਾਬੇ ਨਾਨਕ ਦੇ ਸਿਧਾਂਤ ਵਿੱਚ ਉਹਨਾਂ ਨਾਲੋਂ ਫ਼ਰਕ ਰਿਹਾ। ਉਹਨਾਂ ਸੱਚ ਤੇ ਪਹਿਰਾ ਦਿੰਦਿਆਂ ਕਾਜੀਆਂ ਮੁੱਲਾਂ, ਮੁਲਾਣਿਆਂ ਸਿੱਧਾਂ ਨਾਲ ਟੱਕਰ ਲਈ, ਗੋਸਟੀਆਂ ਕੀਤੀਆਂ ਤੇ ਆਪ ਖਰੇ ਉੱਤਰੇ। ਉਹਨਾਂ ਆਪਣੇ ਫਲਸਫ਼ੇ ਨੂੰ ਕੇਵਲ ਲੋਕਾਈ ਦੇ ਸਾਹਮਣੇ ਹੀ ਪੇਸ ਨਾ ਕੀਤਾ ਬਲਕਿ ਆਪਣੇ ਜੀਵਨ ਤੇ ਲਾਗੂ ਕਰਕੇ ਪਰਤੱਖ ਉਦਾਹਰਣ ਬਣੇ। ਉਹਨਾਂ ਸਮਾਜਿਕ ਕੁਰੀਤੀਆਂ, ਰੂੜੀਵਾਦੀ ਵਿਚਾਰਾਂ ਤੇ ਅੰਧ ਵਿਸਵਾਸੀ ਰਵਾਇਤਾਂ ਨੂੰ ਚਣੌਤੀ ਦਿੰਦਿਆਂ ਤਰਕ ਦੇ ਆਧਾਰ ਤੇ ਗਿਆਨ ਦਿੱਤਾ। ਉਹਨਾਂ ਰੱਬ ਆਤਮਾ, ਮਨ, ਹਊਮੇ, ਮਾਇਆ, ਸ੍ਰਿਸ਼ਟੀ, ਗਿਆਨ, ਕਰਮ , ਹੁਕਮ, ਨਾਮ, ਗੁਰੂ, ਜਬਰ ਜੁਲਮ,
ਸਿਮਰਨ, ਕਿਰਤ ਆਦਿ ਵਿਸ਼ਿਆਂ ਤੇ ਗੋਸਟੀਆਂ ਕੀਤੀਆਂ ਅਤੇ ਦੁਨੀਆਂ ਚੋਂ ਅਗਿਆਨਤਾ, ਵਹਿਮ ਭਰਮ, ਜਾਤਾਂ ਪਾਤਾਂ, ਨਾ- ਇਨਸਾਫੀਆਂ, ਕਰਮਕਾਡਾਂ, ਕੂੜ ਪਸਾਰੇ ਆਦਿ ਨੂੰ ਦੂਰ ਕਰਕੇ ਲੋਕਾਂ ਨੂੰ ਪਰਮ ਪਰਮੇਸਰ ਨਾਲ ਜੁੜ ਕੇ ਸਚਿਆਰਾ ਮਨੁੱਖ ਬਣਨ ਦਾ ਸੰਦੇਸ ਦਿੱਤਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ ਪੁਰਬ ਮਨਾਇਆ ਜਾ ਰਿਹਾ ਹੈ, ਇਸ ਦਿਹਾੜੇ ਨੂੰ ਸਿਰਫ਼ ਦਿਖਾਵੇ ਵਜੋਂ ਹੀ ਨਹੀਂ ਸੱਚੇ ਮਨੋਂ ਮਨਾਇਆ ਜਾਣਾ ਚਾਹੀਦਾ ਹੈ। ਇਸ ਦਿਵਸ ਸਬੰਧੀ ਬਾਬਾ ਨਾਨਕ ਦੇ ਫ਼ਲਸਫ਼ੇ ਤੇ ਉਹਨਾਂ ਦੀ ਮਾਨਵ ਕਲਿਆਣਕਾਰੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਕੇ ਮਨੁੱਖੀ ਜੀਵਨ ਨੂੰ ਸਚਿਆਰਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸਦੀ ਪੂਰਤੀ ਲਈ ਦਾਨ ਦਸਵੰਧ ਨਾਲ ਵੱਧ ਤੋਂ ਵੱਧ ਸਿਹਤ ਕੇਂਦਰ ਤੇ ਸਕੂਲ ਖੋਹਲੇ ਜਾਣੇ ਚਾਹੀਦੇ ਹਨ। ਵਾਤਾਵਰਣ ਦੀ ਸੁੱਧਤਾ ਲਈ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ। ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਸਿੱਖਿਆਵਾਂ ਨੂੰ ਸਿੱਖਾਂ ਅਤੇ ਗੈਰ ਸਿੱਖਾਂ ਤੱਕ ਪਹੁੰਚਦਾ ਕਰਨ ਲਈ ਵੱਖ ਵੱਖ ਭਾਸ਼ਾਵਾਂ ਵਿੱਚ ਕਿਤਾਬਚੇ ਛਪਵਾ ਕੇ ਮੁਫ਼ਤ ਵੰਡਣੇ ਚਾਹੀਦੇ ਹਨ। ਮੌਜੂਦਾ ਸਮੇਂ ਧਾਰਮਿਕ ਸਮਾਜਿਕ ਰਾਜਨੀਤਕ ਆਰਥਿਕ ਮਾੜੇ ਹਾਲਾਤਾਂ ਦੇ ਸੁਧਾਰ ਲਈ ਗੋਸਟੀਆਂ ਕਰਵਾਉਣੀਆਂ ਚਾਹੀਦੀਆਂ ਹਨ।

ਬਲਵਿੰਦਰ ਸਿੰਘ ਭੁੱਲਰ | ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ  ਮੋਬਾ: 098882-75913

Real Estate