ਸੁੱਚਾ ਲੰਗਾਹ ਨੂੰ ਮੁਆਫੀ ਦੇ ਕੇ ਪੰਥ ਵਿੱਚ ਸ਼ਾਮਲ ਕੀਤਾ ਜਾਵੇਗਾ ?

572

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦੇ ਕੇ ਪੰਥ ਵਿੱਚ ਸ਼ਾਮਲ ਕੀਤੇ ਜਾਣ ਦੀਆਂ ਚਰਚਾਵਾਂ ਹਨ। ਇਹ ਮੁਆਫੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵੱਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਕੀਤੀ ਜਾ ਸਕਦੀ ਹੈ। ਬੇਸ਼ੱਕ ਇਹ ਐਲਾਨ ਹਰੇਕ ਉਸ ਵਿਅਕਤੀ ਲਈ ਹੈ ਜਿਸ ਨੂੰ ਪੰਥ ਵਿੱਚੋਂ ਸ਼ੇਕਿਆ ਗਿਆ ਹੈ ਪਰ ਚਰਚਾ ਹੈ ਕਿ ਇਸ ਜ਼ਰੀਏ ਅਕਾਲੀ ਦਲ ਨਾਲ ਜੁੜੇ ਲੀਡਰਾਂ ਨੂੰ ਹੀ ਮੁਆਫੀ ਦਵਾਈ ਜਾ ਰਹੀ ਹੈ। ਲੰਗਾਰ ਨੇ ਇਸ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਵੀ ਲਿਖ ਦਿੱਤਾ ਹੈ। ਦੂਜੇ ਪਾਸੇ ਇਸ ਸੰਭਾਵੀ ਮੁਆਫੀ ਨੂੰ ਲੈ ਕੇ ਸਿੱਖਾਂ ਵਿੱਚ ਰੋਸ ਵਧ ਗਿਆ ਹੈ। ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ਸਿੱਖ ਸੰਗਤ ਵੱਲੋਂ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਮੁਆਫ਼ੀ ਦੀ ਸੰਭਾਵਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਪੱਤਰ ਸੌਂਪਿਆ ਗਿਆ। ਪੱਤਰ ਵਿੱਚ ਅਪੀਲ ਕੀਤੀ ਗਈ ਹੈ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਬੱਜਰ ਕੁਰਹਿਤ ਤਹਿਤ ਪੰਥ ਵਿੱਚੋਂ ਛੇਕਣ ਦੀ ਲਾਈ ਸਜ਼ਾ ਨੂੰ ਮੁਆਫ਼ ਨਾ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਇਸ ਵਿਅਕਤੀ ਨੇ ਧਾਰਮਿਕ ਰੁਤਬੇ ’ਤੇ ਹੁੰਦਿਆਂ ‘ਪਰਾਈ ਇਸਤਰੀ ਨਾਲ ਸਬੰਧ’ ਜਿਹੀ ਬੱਜਰ ਕੁਰਹਿਤ ਕਰਕੇ ਸਮੁੱਚੀ ਸਿੱਖ ਕੌਮ ਨੂੰ ਸੰਸਾਰ ਭਰ ਵਿਚ ਸ਼ਰਮਿੰਦਾ ਕੀਤਾ ਹੈ। ਉਨ੍ਹਾਂ ਆਖਿਆ ਕਿ ਰਾਮ ਰਾਏ, ਧੀਰ ਮੱਲੀਏ ਤੇ ਡੇਰਾ ਸਿਰਸਾ ਵਾਂਗ ਇਸ ਨੂੰ ਵੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਸੰਗਤ ਨੇ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਇਸ ਸਬੰਧੀ ਵਾਇਰਲ ਵੀਡਿਓ ਨੂੰ ਜ਼ਰੂਰ ਦੇਖਣ।

Real Estate