ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਲਈ ਦੂਜੀ ਭਰਵੀਂ ਮੀਟਿੰਗ

908

ਇਹ ਵਰ੍ਹਾ ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਦਾ ਸ਼ਤਾਬਦੀ ਵਰ੍ਹਾ ਹੈ ਇਸ ਸਬੰਧ ਵਿੱਚ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਅਪਰੈਲ ਤੋਂ ਬਾਅਦ ਪ੍ਰੋਗਰੈਸਿਵ ਕਲਚਰਲ ਸੈਂਟਰ ਸਰ੍ਹੀ ਵਿੱਚ 14 ਅਕਤੂਬਰ ਨੂੰ ਇੱਕ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕ੍ਰਿਪਾਲ ਬੈਂਸ ਨੇ ਸਾਰੇ ਆਏ ਲੋਕਾਂ ਨੂੰ ਜੀ ਆਇਆਂ ਕਿਹਾ ਅਤੇ ਸੰਖੇਪ ਵਿੱਚ ਜਲ੍ਹਿਆਂਵਾਲੇ ਬਾਗ਼ ਤੇ ਵਿਦਵਾਨ ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਬਾਰੇ ਦਸਿਆ। ਇੱਥੋਂ ਦੇ ਸਾਡੇ ਲੋਕਲ ਇਤਿਹਾਸਕਾਰ ਜਿਨ੍ਹਾਂ ਦਾ ਗ਼ਦਰ ਲਹਿਰ ਤੇ ਕੰਮ ਹੈ ਸੋਹਣ ਪੂਨੀ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੀ ਖੋਜ ਵਿੱਚ ਵੀ ਦੇਸ਼ ਭਗਤ ਯਾਦਗਾਰ ਹਾਲ ਅਤੇ ਚਰੰਜੀ ਲਾਲ ਹੋਰਾਂ ਦਾ ਬਹੁਤ ਹੱਥ ਹੈ। ਡਾ। ਸਾਧੂ ਬਿਨਿੰਗ ਨੇ ਵੀ ਚਰੰਜੀ ਲਾਲ ਹੋਰਾਂ ਨੂੰ ਜੀ ਆਇਆਂ ਕਿਹਾ ਤੇ ਈਸਟ ਇੰਡੀਅਨ ਡੀਫੈਂਸ ਕਮੇਟੀ ਦੀ ਸ਼ਲਾਘਾ ਵੀ ਕੀਤੀ ਕਿ ਉਹ ਇਹੋ ਜਿਹੇ ਪਾਏਦਾਰ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ ਤੇ ਲਗਾਤਾਰਤਾ ਬਣਾਈ ਹੋਈ ਹੈ। ਸਾਹਿਬ ਥਿੰਦ ਨੇ ਦੱਸਿਆ ਕਿ ਉਹਨਾਂ ਨੇ ਵੱਖਰੇ ਵੱਖਰੇ ਥਾਵਾਂ ਤੇ ਜਿੱਥੇ ਗ਼ਦਰੀਆਂ ਦੇ ਨਾਮੋ ਨਿਸ਼ਾਨ ਮਿਟਾਏ ਜਾ ਰਹੇ ਹਨ, ਉਹਨਾਂ ਬਾਰੇ ਹਮੇਸ਼ਾਂ ਹੀ ਉਹ ਚਰੰਜੀ ਲਾਲ ਹੋਰਾਂ ਨਾਲ ਗੱਲ ਕਰਦੇ ਰਹਿੰਦੇ ਹਨ। ਇਸਤੋਂ ਬਾਅਦ ਡੀਫੈਂਸ ਕਮੇਟੀ ਦੇ ਜਨਰਲ ਸਕੱਤਰ ਹਰਭਜਨ ਚੀਮਾ ਨੇ ਸਭ ਨੂੰ ਜੀ ਆਇਆ ਕਿਹਾ ਅਤੇ ਡੀਫੈਂਸ ਕਮੇਟੀ ਬਾਰੇ, ਕੰਮਾਂ ਬਾਰੇ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ ਬਾਰੇ ਦੱਸਿਆ ਅਤੇ ਈਸਟ ਇੰਡੀਅਨ ਡੀਫੈਂਸ ਕਮੇਟੀ ਦੀ 46ਵੀਂ ਵਰ੍ਹੇ ਗੰਢ 23 ਨਵੰਬਰ ਨੂੰ ਮਨਾਉਣ ਲਈ ਸਭ ਨੂੰ ਸੱਦਾ ਵੀ ਦਿੱਤਾ।ਕਾਮਰੇਡ ਹਰਜੀਤ ਦੌਧਰੀਆ ਨੇ ਅੱਜ ਕੱਲ ਦੇ ਭਾਰਤ ਦੇ ਹਲਾਤਾਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਫਾਸ਼ੀਵਾਦ ਦੀਆਂ ਭੈੜੀਆਂ ਹਾਲਤਾਂ ਵਿੱਚ ਲੋਕ ਕਿਵੇਂ ਦਾ ਸੰਤਾਪ ਭੋਗ ਰਹੇ ਹਨ। ਇਸ ਮੀਟਿੰਗ ਦੇ ਮੁੱਖ ਮਹਿਮਾਨ ਚਰੰਜੀ ਲਾਲ ਜੀ ਨੇ ਇਤਿਹਾਸ ਦੀਆਂ ਪਰਤਾਂ ਫਰੋਲ਼ਦਿਆਂ ਦੱਸਿਆ ਕਿ ਇਹ ਘਟਨਾ ਇੱਕ ਦਮ ਹੋਈ ਘਟਨਾ ਨਹੀਂ ਸੀ ਸਗੋਂ ਇਸਦੇ ਪਿੱਛੇ ਸਾਮਰਾਜੀ ਬਸਤੀਵਾਦੀ ਹਕੂਮਤ ਵਲੋਂ ਕਾਫ਼ੀ ਚਿਰ ਪਹਿਲਾਂ ਤੋਂ ਲੋਕਾਂ ਦੀ ਅਜ਼ਾਦੀ ਦੀ ਮੰਗ ਅਤੇ ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਦੇ ਖਿਲਾਫ਼ ਵਿਦਰੋਹ ਨੂੰ ਦਬਾਉਣ ਲਈ ਗੋਂਦਾਂ ਗੁੰਦੀਆਂ ਜਾ ਰਹੀਆਂ ਸਨ ਜਿਨ੍ਹਾਂ ਦਾ ਸਿੱਟਾ ਇਹ ਕਤਲੇਆਮ ਸੀ। ਉਹਨਾਂ ਨੇ ਉਸ ਸਮੇਂ ਦੇ ਆਮ ਲੋਕਾਂ ਜਾਂ ਔਰਤਾਂ ਜਿਨ੍ਹਾਂ ਨੇ ਇਸਨੂੰ ਹੱਡੀਂ ਹੰਢਾਇਆ ਬਾਰੇ ਚਾਨਣਾ ਪਾਇਆ। ਚਰੰਜੀ ਲਾਲ ਨੇ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਪ੍ਰੋਗਰੈਸਿਵ ਕਲਚਰਲ ਸੈਂਟਰ ਵੀ ਦੇਸ਼ ਭਗਤ ਯਾਦਗਾਰ ਹਾਲ ਦੀ ਤਰਜ਼ ਤੇ ਬਣਾਇਆ ਗਿਆ ਇਹੋ ਜਿਹਾ ਸੈਂਟਰ ਹੈ ਜਿੱਥੇ ਅਗਾਂਹਵਧੂ ਲੋਕ ਇਕੱਠੇ ਹੋ ਕੇ ਆਪਣੀਆਂ ਵਿਚਾਰਾਂ ਕਰ ਸਕਦੇ ਹਨ। ਯਾਦ ਰਹੇ ਕਿ ਚਰੰਜੀ ਲਾਲ ਕਾਫੀ ਸਾਲਾਂ ਤੋਂ ਦੇਸ਼ ਭਗਤ ਯਾਦਗਾਰ ਹਾਲ ਦੇ ਟ੍ਰਸਟੀ ਹਨ ਅਤੇ ਬਹੁਤ ਸਾਰੇ ਵਿਦਿਆਰਥੀ ਇਹਨਾਂ ਦੀ ਦੇਖ ਰੇਖ ਵਿੱਚ ਕਿਤਾਬਾਂ ਪੜ੍ਹ ਕੇ ਪੀ। ਐਚ ਡੀ ਤੇ ਐਮ ਫਿਲ ਵਰਗੀਆਂ ਡਿਗਰੀਆਂ ਪ੍ਰਾਪਤ ਕਰ ਰਹੇ ਹਨ। ਇਹ ਆਪ ਵੀ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ ਬਾਰੇ ਤੇ ਨੌਜਵਾਨ ਸਭਾ ਦੇ ਸਬੰਧ ਵਿੱਚ 17 ਕਿਤਾਬਾਂ ਲਿਖ ਕੇ ਪਾਠਕਾਂ ਦੀ ਝੌਲ਼ੀ ਵਿੱਚ ਪਾ ਚੁੱਕੇ ਹਨ।ਅੰਤ ਵਿੱਚ ਡਾ. ਸਾਧੂ ਸਿੰਘ ਨੇ ਆਪਣੇ ਨਿੱਜੀ ਤੁਜਰਬੇ ਸਾਂਝੇ ਕੀਤੇ ਅਤੇ ਚਰੰਜੀ ਲਾਲ ਅਤੇ ਹੋਰ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ।

Real Estate