ਬੈਂਕ ’ਚ ਫਸ ਰਹੇ ਪੈਸੇ , ਤਣਾਅ ਕਾਰਨ ਮਰ ਰਹੇ ਖਾਤਾ–ਧਾਰਕ

901

ਪੰਜਾਬ ਐਂਡ ਮਹਾਰਾਸ਼ਟਰ ਕੋ–ਆਪ੍ਰੇਟਿਵ ਬੈਂਕ ਵਿੱਚ ਘੁਟਾਲਾ ਹੋਣ ਤੋਂ ਬਾਅਦ ਤਿੰਨ ਖਾਤਾ–ਧਾਰਕਾਂ ਦੀ ਮੌਤ ਹੋ ਚੁੱਕੀ ਹੈ। ਦੋ ਖਾਤਾ–ਧਾਰਕਾਂ ਸੰਜੇ ਗੁਲਾਟੀ ਤੇ ਫ਼ੱਤੋਮਲ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ। ਹੁਣ 39 ਸਾਲਾ ਇੱਕ ਹੋਰ ਖਾਤਾ–ਧਾਰਕ ਡਾਕਟਰ ਨਿਵੇਦਿਤਾ ਬਿਜਲਾਨੀ (39) ਨੇ ਇਸ ਬੈਂਕ ਤੋਂ ਆਪਣੇ ਹੀ ਪੈਸੇ ਨਾ ਮਿਲਣ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੀਂਦ ਦੀਆਂ ਗੋਲੀਆਂ ਵੱਧ ਮਾਤਰਾ ਵਿੱਚ ਲੈ ਕੇ ਆਪਣਾ ਜੀਵਨ ਖ਼ਤਮ ਕਰ ਲਿਆ।ਇਹ ਸਾਰੇ ਹੀ ਆਰਥਿਕ ਤੰਗੀ ਕਾਰਨ ਬਹੁਤ ਪਰੇਸ਼ਾਨ ਸਨ। ਅਜਿਹੀ ਹਾਲਤ ਇਸ ਬੈਂਕ ਦੇ ਹੋਰ ਹਜ਼ਾਰਾਂ ਖਾਤਾ–ਧਾਰਕਾਂ ਦੀ ਵੀ ਬਣੀ ਹੋਈ ਹੈ। ਮੁੰਬਈ ਦੇ ਓਸ਼ੀਵਾੜਾ ਇਲਾਕੇ ’ਚ ਰਹਿਣ ਵਾਲੇ ਸੰਜੇ ਗੁਲਾਟੀ ਦੇ ਇਸ ਬੈਂਕ ਵਿੱਚ 90 ਲੱਖ ਰੁਪਏ ਜਮ੍ਹਾ ਸਨ। ਬੈਂਕ ਉੱਤੇ ਲੱਗੀਆਂ ਪਾਬੰਦੀਆਂ ਵਿਰੁੱਧ ਉਹ ਰੋਸ ਪ੍ਰਦਰਸ਼ਨ ਕਰਨ ਲਈ ਗਏ ਸਨ ਤੇ ਜਦੋਂ ਉਹ ਪਰਤੇ ਤਾਂ ਦਿਲ ਦੀ ਧੜਕਣ ਰੁਕ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕੱਲ੍ਹ ਮੰਗਲਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਲਿਜਾਣਗੇ ਤੇ ਬੇਨਤੀ ਕਰਨਗੇ ਕਿ ਉਹ ਖਾਤਾ–ਧਾਰਕਾਂ ਦੇ ਪੈਸੇ ਵਾਪਸ ਦਿਵਾਉਣ ਵਿੱਚ ਮਦਦ ਕਰੇ। ਉਨ੍ਹਾਂ ਕਿਹਾ ਕਿ ਉਹ ਨਿਜੀ ਤੌਰ ’ਤੇ ਇਸ ਮੁੱਦੇ ਵਿੱਚ ਨਿਜੀ ਦਿਲਚਸਪੀ ਲੈ ਕੇ ਇਸ ਦਾ ਛੇਤੀ ਕੋਈ ਹੱਲ ਕਰਵਾਉਣ ਦਾ ਜਤਲ ਕਰ ਰਹੇ ਹਨ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਾ। ਨਿਵੇਦਿਤਾ ਬਿਜਲਾਨੀ ਪਿਛਲੇ ਕੁਝ ਸਾਲਾਂ ਤੋਂ ਪਰੇਸ਼ਾਨ ਚੱਲ ਰਹੇ ਸਨ। ਪਿਛਲੇ ਸਾਲ ਮਾਰਚ ਮਹੀਨੇ ਉਨ੍ਹਾਂ ਅਮਰੀਕਾ ਵਿੱਚ ਵੀ ਕਥਿਤ ਤੌਰ ਉੱਤੇ ਖ਼ੁਦਕੁਸ਼ੀ ਦਾ ਇੱਕ ਜਤਨ ਕੀਤਾ ਸੀ। ਉਹ ਅਮਰੀਕਾ ਵਿੱਚ ਪ੍ਰੈਕਟਿਸ ਕਰ ਰਹੇ ਸਨ। ਪਹਿਲੇ ਵਿਆਹ ਤੋਂ ਉਨ੍ਹਾਂ ਦੀ 17 ਸਾਲਾ ਧੀ ਹੈ। ਇੱਕ ਅਮਰੀਕੀ ਨਾਗਰਿਕ ਨਾਲ ਦੂਜੇ ਵਿਆਹ ਤੋਂ ਉਨ੍ਹਾਂ ਦਾ ਡੇਢ ਸਾਲ ਦਾ ਪੁੱਤਰ ਵੀ ਹੈ। ਇੱਥੇ ਵਰਨਣਯੋਗ ਹੈ ਕਿ ਅਰਬਾਂ ਰੁਪਏ ਦੇ ਘੁਟਾਲੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ ਦੇ ਕੁਝ ਕੰਮਕਾਜ ਉੱਤੇ ਛੇ ਮਹੀਨਿਆਂ ਦੀ ਪਾਬੰਦੀ ਲਾਈ ਹੋਈ ਹੈ।RBI  ਨੇ ਇਹ ਕਾਰਵਾਈ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਸੈਕਸ਼ਨ 35–ਏ ਅਧੀਨ ਕੀਤੀ ਹੈ। RBI ਮੁਤਾਬਕ ਕੋਈ ਵੀ ਖਾਤਾ–ਧਾਰਕ ਆਪਣੇ ਬੱਚਤ ਖਾਤੇ, ਕਰੰਟ ਖਾਤੇ ਜਾਂ ਕਿਸੇ ਵੀ ਹੋਰ ਖਾਤੇ ਵਿੱਚੋਂ ਛੇ ਮਹੀਨਿਆਂ ਅੰਦਰ 40,000 ਰੁਪਏ ਤੋਂ ਵੱਧ ਦੀ ਰਕਮ ਨਹੀਂ ਕਢਵਾ ਸਕੇਗਾ। ਇਸ ਤੋਂ ਇਲਾਵਾ ਇਹ ਬੈਂਕ ਕਿਸੇ ਨੂੰ ਕੋਈ ਕਰਜ਼ਾ ਵੀ ਮਨਜ਼ੂਰ ਨਹੀਂ ਕਰ ਸਕੇਗਾ।

Real Estate