ਜੁੱਲੀਆਂ ਵਿੱਚ ਦਗਦਾ ਲਾਲ: ਬੂਟ ਪਾਲਿਸ ਕਰਨ ਵਾਲਾ ਬਠਿੰਡਾ ਦਾ ਜਾਦੂਈ ਆਵਾਜ਼ ਦਾ ਮਾਲਕ ‘ਸ਼ਨੀ’

951

ਬਠਿੰਡਾ/ 14 ਅਕਤੂਬਰ/ ਬਲਵਿੰਦਰ ਸਿੰਘ ਭੁੱਲਰ
‘‘ਫਿਲਮੀ ਕਲਾਕਾਰਾਂ ਦੇ ਘਰ ਕਲਾਕਾਰ ਜੰਮਦੇ ਹਨ, ਅਮੀਰਾਂ ਦੇ ਘਰ ਅਮੀਰ ਤੇ ਗਾਇਕਾਂ ਦੇ ਘਰ ਗਾਇਕ’’ ਇਹ ਮਿਥ ਤੋੜਦਿਆਂ ਇਸ ਸ਼ਹਿਰ ਦੇ ਗੁਰਬਤ ਦਾ ਬਚਪਨ ਹੰਢਾਉਣ ਵਾਲੇ ‘ਸ਼ਨੀ’ ਨੇ ਆਪਣੀ ਜਾਦੂਈ ਆਵਾਜ਼ ਨਾਲ ਗਾਇਕੀ ਵਿੱਚ ਪੈਰ ਰਖਦਿਆਂ ਪਰਤੱਖ ਕਰ ਦਿੱਤਾ ਕਿ ਲਾਲ ਤਾਂ ਜੁੱਲੀਆਂ ’ਚ ਵੀ ਪਏ ਦਗਦੇ ਹਨ। ਸਥਾਨਕ ਅਮਰਪੁਰਾ ਬਸਤੀ ਵਿੱਚ ਇੱਕ ਅਤੀ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸ਼ਨੀ ਦੀ ਮਾਂ ਗੁਬਾਰੇ ਵੇਚ ਕੇ ਉਸਦਾ ਪਾਲਣ ਪੋਸਣ ਕਰਦੀ ਰਹੀ ਹੈ, ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਕਿ ਉਸਨੂੰ ਪੇਟ ਭਰਨ ਲਈ ਲੋਕਾਂ ਦੇ ਘਰਾਂ ਵਿੱਚੋਂ ਚੌਲ ਮੰਗ ਕੇ ਲਿਆਉਣੇ ਪੈਂਦੇ। ਜਦ ਸ਼ਨੀ ਬਚਪਨ ਤੋਂ ਬਾਹਰ ਨਿਕਲਿਆ ਤਾਂ ਆਪਣੀ ਮਾਂ ਨਾਲ ਗੁਬਾਰੇ ਵੇਚਣ ਜਾਂਦਾ ਅਤੇ ਫੇਰ ਉਸਨੇ ਬੂਟ ਪਾਲਿਸ ਕਰਨ ਦਾ ਧੰਦਾ ਅਪਨਾ ਲਿਆ। ਉਸਨੇ ਆਪਣੇ ਕਾਰੋਬਾਰ ਦੀ ਕੁਲ ਜਾਇਦਾਦ ਇੱਕ ਛੋਟੀ ਜਿਹੀ ਸੰਦੂਕੜੀ ਬਣਾ ਲਈ, ਜਿਸ ਵਿੱਚ ਪਾਲਿਸ ਦੀਆਂ ਡੱਬੀਆਂ, ਕਰੀਮ, ਤਲੇ ਤੇ ਬੁਰਸ਼ ਆਦਿ ਪਾਏ ਤੇ ਬਠਿੰਡਾ ਦੇ ਬੱਸ ਅੱਡੇ ਦੇ ਬਾਹਰ ਤੁਰ ਫਿਰ ਕੇ ਲੋਕਾਂ ਦੇ ਬੂਟ ਪਾਲਿਸ ਕਰਕੇ ਆਪਣੀ ਮਾਂ ਨੂੰ ਆਰਥਿਕ ਸਹਾਰਾ ਦੇਣ ਲੱਗਾ। ਘਰ ਦੀ ਗਰੀਬੀ ਨੇ ਭਾਵੇਂ ਉਸਨੂੰ ਸਕੂਲ ਕਾਲਜ ਤਾਂ ਨਾ ਜਾਣ ਦਿੱਤਾ, ਪਰ ਉਸਦੇ ਅੰਦਰਲੀ ਕਲਾ ਉਸਤੋਂ ਦਬਾਈ ਨਾ ਗਈ। ਬਚਪਨ ਵਿੱਚ ਹੀ ਪੈਦਾ ਹੋਏ ਗਾਉਣ ਦੇ ਗੁਣ ਦਾ ਝੱਸ ਪੂਰਾ ਕਰਨ ਲਈ ਉਹ ਗੁਣਗੁਣਾਂਉਂਦਾ ਫਿਰਦਾ ਰਹਿੰਦਾ। ਜਦੋਂ ਇਹ ਗੁਣ ਉਸਤੇ ਭਾਰੀ ਹੋ ਗਿਆ ਤਾਂ ਉਸਨੇ ਗਾਇਕੀ ਸਿੱਖਣ ਲਈ ਰਿਆਜ਼ ਕਰਨਾ ਸੁਰੂ ਕਰ ਦਿੱਤਾ। ਉਸਦੀ ਕੀਤੀ ਇਹ ਮਿਹਨਤ ਆਖ਼ਰ ਰੰਗ ਲੈ ਹੀ ਆਈ ਅਤੇ ਇਹ ਜੁੱਲੀਆਂ ਦਾ ਲਾਲ ਦੇਸ਼ ਪੱਧਰ ਤੇ ਹੋਣ ਵਾਲੇ ਇੰਡੀਅਨ ਆਈਡਲ ਸ਼ੋਅ ਤੱਕ ਪਹੁੰਚਣ ਵਿੱਚ ਸਫ਼ਲ ਹੋ ਗਿਆ।
ਜਦ ਸ਼ਨੀ ਨੇ ਕੁੱਝ ਦਿਨ ਪਹਿਲਾਂ ਇਸ ਸ਼ੋਅ ਦੀ ਸਟੇਜ ਤੋਂ ਗੀਤ ਪੇਸ ਕੀਤਾ ਤਾਂ ਸ਼ੋਅ ਦੇ ਜੱਜ ਵੀ ਹੈਰਾਨ ਹੋ ਗਏ ਅਤੇ ਉਹਨਾਂ ਉਮੀਦ ਤੋਂ ਵੀ ਵੱਧ ਹੌਂਸਲਾ ਦਿੱਤਾ। ਜਦ ਉਹਨਾਂ ਸ਼ਨੀ ਤੋਂ ਉਸਦੇ ਜੀਵਨ ਬਾਰੇ ਪੁੱਛਿਆ ਤਾਂ ਸ਼ਨੀ ਨੇ ਘਰ ਦੀ ਗਰੀਬੀ ਦੀ ਗੱਲ
ਸੁਣਾਉਂਦਿਆਂ ਜਦ ਇਹ ਦੱਸਿਆ ਕਿ ਜਦ ਉਸਦੀ ਮਾਂ ਲੋਕਾਂ ਦੇ ਘਰਾਂ ਤੋਂ ਚੌਲ ਮੰਗ ਕੇ ਲਿਆਉਂਦੀ ਤਾਂ ਉਸਦਾ ਦਿਲ ਪਸੀਜਿਆ ਜਾਂਦਾ ਸੀ, ਤਾਂ ਉਸ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ। ਉਸਦੀ ਇਹ ਹਾਲਤ ਦੇਖਦਿਆਂ ਜੱਜ ਸਾਹਿਬਾਨਾਂ ਦੀਆਂ ਅੱਖਾਂ ਵੀ ਸਿੱਲ੍ਹੀਆਂ ਹੋ ਗਈਆਂ। ਉਹਨਾਂ ਸ਼ਨੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੇ ਕੇ ਹੋਰ ਅੱਗੇ ਲਿਜਾਣ ਦਾ ਵਾਅਦਾ ਕੀਤਾ। ਗੀਤ ਦੀ ਸਮਾਪਤੀ ਤੇ ਜੱਜ ਸਾਹਿਬਾਨਾਂ ਨੇ ਉਸਨੂੰ ਗੱਲਵੱਕੜੀ ਵਿੱਚ ਲੈ ਕੇ ਉਸਦੇ ਹੰਝੂ ਪੂੰਝੇ, ਪਰ ਜਦ ਉਹ ਇਸ ਪਰਾਪਤੀ ਉਪਰੰਤ ਆਪਣੀ ਮਾਂ ਨੂੰ ਮਿਲਿਆ ਤੇ ਮਾਂ ਨੇ ਉਸਨੂੰ ਆਪਣੀ ਛਾਤੀ ਨਾਲ ਲਾਇਆ ਤਾਂ ਉਸਦੀਆਂ ਭੁੱਬਾਂ ਨਿਕਲ ਗਈਆਂ, ਜੋ ਵੱਡੀ ਪ੍ਰਾਪਤੀ ਦਾ ਸੁਨੇਹਾ ਦੇ ਰਹੀਆਂ ਸਨ। ਸ਼ਨੀ ਅੱਜ ਸੰਗੀਤ ਦਾ ਚਮਕਦਾ ਸਿਤਾਰਾ, ਸੁਰਾਂ ਦਾ ਗਿਆਤਾ ਇੱਕ ਵੱਡਾ ਕਲਾਕਾਰ ਬਣ
ਚੁੱਕਾ ਹੈ, ਉਸਦੀ ਜਾਦੂਈ ਆਵਾਜ਼ ਨੇ ਬਠਿੰਡਾ ਸ਼ਹਿਰ ਦਾ ਸਿਰ ਉੱਚਾ ਕੀਤਾ ਹੈ।

Real Estate