ਹਰਿਆਣਾ ‘ਚ ਭਾਜਪਾ ਨਾਲ ਭਿੜ ਰਹੇ ਸੁਖਬੀਰ ਬਾਦਲ

844

ਪੰਜਾਬ ਅੰਦਰ ਪਤੀ-ਪਤਨੀ ਗਠਜੋੜ ਵਾਲੇ ਅਕਾਲੀ ਦਲ(ਬਾਦਲ) ਤੇ ਭਾਜਪਾ ਦੇ ਆਗੂ ਹਰਿਆਣਾ ਚੋਣਾਂ ਕਾਰਨ ਇਕ ਦੂਜੇ ਦੇ ਆਹਮੋਂ-ਸਾਹਮਣੇ ਹਨ। ਦੋਹਾਂ ਪਾਸਿਆਂ ਤੋਂ ਇਹੋ ਜਿਹੀ ਬਿਆਨਬਾਜ਼ੀ ਹੋ ਰਹੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਹੁਣ ਨਹੁੰ-ਮਾਸ ਵਾਲਾ ਰਿਸ਼ਤਾ ਬਹੁਤਾ ਚਿਰ ਨਹੀਂ ਠਹਿਰੇਗਾ। ਪਿਛਲੇ ਦਿਨੀਂ ਭਾਜਪਾ ਵਲੋਂ ਅਕਾਲੀ ਦਲ ਨੂੰ ਮੂੰਹੋਂ ਮੰਗੀਆਂ ਸੀਟਾਂ ਨਾ ਦੇਣ ‘ਤੇ ਭਾਜਪਾ ਨਾਲੋਂ ਵੱਖ ਹੋ ਕੇ ਅਕਾਲੀ ਦਲ ਨੇ ਇਨੈਲੋ ਦਾ ਪੱਲਾ ਫੜ੍ਹ ਲਿਆ ਸੀ। ਅਕਾਲੀ ਦਲ ਦੇ ਇਸ ਕਦਮ ਤੋਂ ਭਾਜਪਾ ਵਾਲੇ ਅੰਦਰੋ ਅੰਦਰੀ ਕਾਫ਼ੀ ਔਖੇ ਹਨ ਜਿਸ ਕਾਰਨ ਦੋਹੇਂ ਧਿਰਾਂ ਕਿਤੇ ਨਾ ਕਿਤੇ ਅਪਣੀ ਅਪਣੀ ਭੜਾਸ ਕੱਢ ਹੀ ਲੈਂਦੀਆਂ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਫ਼ਤਿਹਾਬਾਦ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿਤਾ ਹੈ। ਸੁਖਬੀਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਨਹੀਂ ਬਣੇਗੀ। ਉਹ ਅਕਾਲੀ-ਇਨੈਲੋ ਦੇ ਸਾਂਝੇ ਉਮੀਦਵਾਰ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਵਿਚ ਭਾਜਪਾ ਦੇ ਸਰਕਾਰ ਹੀ ਨਹੀਂ ਬਣਨੀ ਤਾਂ ਭਾਜਪਾ ਦੇ ਚੋਣ ਮੈਨੀਫੈਸਟੋ ‘ਤੇ ਟਿੱਪਣੀ ਕੀ ਕਰੀਏ। ਉਨ੍ਹਾਂ ਕਿਹਾ ਕਿ ਜੋ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੇ ਹਨ, ਉਹ ਵਿਰੋਧੀ ਖ਼ੇਮੇ ਵਿਚ ਬੈਠਣਗੇ। ਸੁਖਬੀਰ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਸਿਰਸਾ ਤੇ ਫ਼ਤਿਹਾਬਾਦ ਦੀ ਇਕ ਵੀ ਸੀਟ ਬੀਜੇਪੀ ਨਹੀਂ ਜਿੱਤੇਗੀ ਤੇ ਇਹੀ ਹਾਲ ਰੋਹਤਕ ਵਾਲੇ ਪਾਸੇ ਦਾ ਵੀ ਹੈ। ਸੁਖਬੀਰ ਨੇ ਦਾਅਵਾ ਕੀਤਾ ਕਿ ਹਰਿਆਣਾ ਅੰਦਰ ਸਰਕਾਰ ਇਨੈਲੋ ਤੇ ਅਕਾਲੀ ਗਠਜੋੜ ਦੀ ਬਣੇਗੀ। ਸੁਖਬੀਰ ਦੇ ਬਿਆਨ ਤੋਂ ਤੁਰਤ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਅਕਾਲੀ ਦਲ ਦੀ ਆਲੋਚਨਾ ਵੀ ਕਰ ਦਿਤੀ ਤੇ ਇਹ ਵੀ ਕਹਿ ਦਿਤਾ ਕਿ ਜੇਕਰ ਅਕਾਲੀ ਦਲ ਡੱਬਵਾਲੀ ਸੀਟ ਛੱਡ ਕੇ ਬਾਕੀ ਸੀਟਾਂ ਤੋਂ ਉਮੀਦਵਾਰ ਬਿਠਾ ਦੇਵੇ ਤਾਂ ਭਾਜਪਾ ਵਿਚਾਰ ਕਰ ਸਕਦੀ ਹੈ।ਇਸ ਦੇ ਨਾਲ ਹੀ ਖੱਟੜ ਨੇ ਅਕਾਲੀ ਦਲ ਤੋਂ ਐਸ ਵਾਈ ਐਲ ਨਹਿਰ ‘ਤੇ ਵੀ ਸਮਰਥਨ ਮੰਗ ਲਿਆ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਆਗੂ ਵੀ ਅਕਾਲੀ ਦਲ ਨੂੰ ਅਹਿਸਾਸ ਕਰਵਾ ਚੁਕੇ ਹਨ ਕਿ ਹੁਣ ਪੰਜਾਬ ਅੰਦਰ ਭਾਜਪਾ ‘ਛੋਟਾ ਭਰਾ’ ਨਹੀਂ ਰਹਿ ਗਿਆ ਬਲਕਿ ‘ਵੱਡਾ ਭਰਾ’ ਬਣ ਗਿਆ ਹੈ।

Real Estate