ਇੱਕ ਰੁਪਏ ਦਾ ਪਛਤਾਵਾ ਬਨਾਮ ਹਜ਼ਾਰਾਂ ਕਰੋੜਾਂ ਰੁਪਏ ਦਾ ਡਕਾਰ

2637
ਬਲਵਿੰਦਰ ਸਿੰਘ ਭੁੱਲਰ
ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ
ਬਠਿੰਡਾ ਮੋਬਾ: 098882-75913

ਕਈ ਵਰ੍ਹੇ ਪਹਿਲਾਂ ਮੈਂ ਇੱਕ ਦਿਨ ਆਪਣੇ ਇੱਕ ਅਤੀ ਨਜਦੀਕੀ ਵਿਅਕਤੀ ਸ੍ਰ: ਜਰਨੈਲ ਸਿੰਘ ਕੋਲ ਉਸਦਾ ਹਾਲ ਚਾਲ ਪੁੱਛਣ ਗਿਆ, ਕਿਉਂਕਿ ਉਹ ਕਈ ਸਾਲਾਂ ਤੋਂ ਭਿਆਨਕ ਬੀਮਾਰੀ ਕਾਰਨ ਮੰਜੇ ਦਾ ਪੱਕਾ ਸਾਥੀ ਬਣ ਚੁੱਕਾ ਸੀ। ਕੁਝ ਚਿਰ ਪਰਿਵਾਰਕ
ਤੇ ਸਿਹਤ ਸਬੰਧੀ ਗੱਲਾਂ ਬਾਤਾਂ ਕਰਨ ਉਪਰੰਤ ਮੈਂ ਆਪਣੀ ਪੁਰਾਣੀ ਆਦਤ ਅਨੁਸਾਰ ਉਸਨੂੰ ਜਿੰਦਗੀ ਦੀ ਕੋਈ ਵਿਸ਼ੇਸ ਘਟਨਾ ਸੁਣਾਉਣ ਲਈ ਕਿਹਾ।
ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜਰਨੈਲ ਸਿੰਘ ਕਹਿਣ ਲੱਗਾ ਕਿ ਕੋਈ ਵੀਹ ਵਰ੍ਹੇ ਪਹਿਲਾਂ ਦੀ ਗੱਲ ਐ, ਜਦੋਂ ਮੈਂ ਪੂਰਾ ਤੰਦਰੁਸਤ ਸੀ, ਘਰੇਲੂ ਕਬੀਬਦਾਰੀ ਦੀ ਜੁਮੇਵਾਰੀ ਵੀ ਮੈਂ ਸੰਭਾਲੀ ਹੋਈ ਸੀ। ਇੱਕ ਦਿਨ ਮੈਂ ਰਾਸ਼ਨ ਲੈਣ ਲਈ ਮਹਿਣਾ ਚੌਂਕ ’ਚ ਦੀਪਾ ਮੱਲ ਦੀ ਦੁਕਾਨ ਤੇ ਗਿਆ, ਜਿਸਤੋਂ ਅਕਸਰ ਹੀ ਮੈਂ ਰਾਸ਼ਨ ਦੀ ਖਰੀਦ ਕਰਦਾ ਹੁੰਦਾ ਸੀ। ਮੈਂ ਸਮਾਨ ਲੈਣ ਉਪਰੰਤ ਉਸਤੋਂ ਬਣਦੀ ਰਕਮ ਬਾਰੇ ਪੁੱਛਿਆ ਅਤੇ ਉਸਨੂੰ ਸੌ ਸੌ ਦੇ ਨੋਟ ਫੜਾ ਦਿੱਤੇ।
ਸੇਠ ਨੇ ਬਕਾਇਆ ਰਕਮ ਵਾਪਸ ਕਰਦਿਆਂ ਭੁਲੇਖੇ ਨਾਲ ਮੈਨੂੰ ਦੋ ਰੁਪਏ ਵੱਧ ਵਾਪਸ ਕਰ ਦਿੱਤੇ, ਉਸ ਸਮੇਂ ਦੋ ਰੁਪਏ ਅੱਜ ਦੇ ਦੋ ਸੌ ਵਰਗੇ ਸਨ। ਮੈਂ ਸਮਾਨ ਲੈ ਕੇ ਘਰ ਆ ਗਿਆ, ਪਰ ਮੇਰੀ ਅੰਦਰ ਦੀ ਆਤਮਾ ਨੇ ਝੰਜੋੜਾ ਦਿੱਤਾ ਕਿ ਜੇ ਸੇਠ ਨੇ ਭੁਲੇਖਾ ਖਾ ਲਿਆ ਤਾਂ ਮਨਾ ਤੇਰੇ ਘਰ ਕਿਸੇ ਚੀਜ ਦਾ ਘਾਟਾ ਨਹੀਂ, ਤੂੰ ਦੋ ਰੁਪਏ ਵਾਪਸ ਕਰ ਦੇਣੇ ਸਨ ਇਹ ਤਾਂ ਧੋਖਾ ਹੈ। ਮੈਂ ਕਾਫ਼ੀ ਸੋਚ ਵਿਚਾਰ ਕਰਨ ਉਪਰੰਤ ਦੋ ਰੁਪਏ ਲਏ ਅਤੇ ਮੋਟਰ ਸਾਈਕਲ ਲੈ ਕੇ ਸੇਠ ਦੀਪਾ ਮੱਲ ਦੀ ਦੁਕਾਨ ਵੱਲ ਚੱਲ ਪਿਆ। ਰਸਤੇ ਵਿੱਚ ਮੇਰੇ ਮਨ ਨੇ ਕਈ ਵਾਰ ਡੋਲੇ ਖਾਧੇ, ਕਦੇ ਸੋਚਾਂ ਕਿ ਸੇਠ ਨੂੰ ਕਿਹੜਾ ਪਤਾ ਐ, ਦੋ ਰੁਪਏ ਰੱਖ ਹੀ ਲੈਂਦੇ ਆਂ ਅਤੇ ਕਦੇ ਆਤਮਾ ਕਹਿੰਦੀ ਕਿ ਇਹ ਬੁਰੀ ਗੱਲ ਹੈ ਵਾਪਸ ਕਰਨੇ ਚਾਹੀਦੇ ਨੇ। ਪਰ ਮੁੜ ਮੁੜ ਵਾਪਸ ਕਰਨ ਤੇ ਹੀ ਗੱਲ ਰੁਕਦੀ। ਉਸਨੇ ਦੱਸਿਆ ਕਿ ਮੈਂ ਦੁਕਾਨ ਦੇ ਬਾਹਰ ਮੋਟਰ ਸਾਈਕਲ ਖੜਾ ਕਰਕੇ ਜਦ ਅੰਦਰ ਜਾਣ ਲੱਗਾ ਤਾਂ ਮਨ ਫਿਰ ਡੋਲ ਗਿਆ ਕਿ ਸੇਠ ਨੂੰ ਇੱਕ ਵਾਪਸ ਕਰ ਦਿੰਦੇ ਆਂ ਅਤੇ ਇੱਕ ਰੁਪੱਈਆ ਤਾਂ ਰੱਖ ਹੀ ਲੈਂਦੇ ਆਂ। ਮੈਂ ਦੁਕਾਨ ਅੰਦਰ ਗਿਆ ਅਤੇ ਸੇਠ ਨੂੰ ਕਿਹਾ, ‘ਲਾਲਾ ਜੀ ਗਲਤੀ ਨਾਲ ਤੁਸੀਂ ਮੈਨੂੰ ਇੱਕ ਰੁਪੱਈਆ ਵੱਧ ਮੋੜ ਦਿੱਤਾ ਸੀ ਇਹ ਵਾਪਸ ਲੈ ਲਓ।’ ਮੇਰੀ ਗੱਲ ਸੁਣ ਕੇ ਸੇਠ ਮੁਸਕਰਾਇਆ ਅਤੇ ਇੱਕ ਰੁਪੱਈਆ ਫੜਦਾ ਹੋਇਆ ਬੋਲਿਆ ਇੱਕ ਨਹੀਂ ਭੁਲੇਖੇ ਨਾਲ ਤਾਂ ਮੈਂ ਦੋ ਰੁਪਏ ਵੱਧ ਮੋੜ ਬੈਠਾ ਸੀ। ਉਸਨੇ ਕਿਹਾ ਕਿ ਹੁਣ ਮੇਰੇ ਲਈ ਸਥਿਤੀ ਬੜੀ ਮੁਸਕਿਲ ਵਾਲੀ ਬਣ ਗਈ, ਜੇ ਮੈਂ ਇੱਕ ਰੁਪੱਈਆ ਹੋਰ ਵਾਪਸ ਕਰਦਾ ਤਾਂ ਸੇਠ ਨੇ ਕਹਿਣਾ ਸੀ ਕਿ ਇਮਾਨਦਾਰੀ ਵੀ ਦਿਖਾਉਣ ਆਇਆ ਅਤੇ ਇੱਕ ਰੁਪੱਈਏ ਤੇ ਫੇਰ ਮਨ ਡੁਲਾ ਬੈਠਾ। ਮੈਂ ਆਪਣੇ ਸਟੈਂਡ ਤੇ ਅੜ ਗਿਆ ਅਤੇ ਕਿਹਾ ਕਿ
ਲਾਲਾ ਜੀ ਜੇ ਮੈਂ ਐਨੀ ਦੂਰੋਂ ਵਾਪਸ ਕਰਨ ਆਇਆ ਹਾਂ ਤਾਂ ਮੈਂ ਦੋ ਵੀ ਵਾਪਸ ਕਰ ਸਕਦਾ ਸੀ, ਤੁਸੀਂ ਮੈਨੂੰ ਇੱਕ ਈ ਵੱਧ ਮੋੜਿਆ ਸੀ। ਮੇਰੇ ਸਟੈਂਡ ਨੂੰ ਦੇਖਦਿਆਂ ਸੇਠ ਨੇ ਇਹ ਕਹਿ ਕੇ ਗੱਲ ਮੁਕਾ ਦਿੱਤੀ ਕਿ ਮੈਨੂੰ ਭੁਲੇਖਾ ਲੱਗ ਗਿਆ ਹੋਵੇਗਾ।
ਮੈਂ ਆਪਣੇ ਘਰ ਆ ਗਿਆ, ਪਰ ਇਹ ਇੱਕ ਰੁਪੱਈਆ ਵੀਹ ਸਾਲਾਂ ਤੋਂ ਮੇਰੇ ਦਿਲ ਤੇ ਰੜਕ ਰਿਹਾ ਹੈ। ਹੁਣ ਸੇਠ ਦੀਪਾ ਮੱਲ ਵੀ ਨਹੀਂ ਰਿਹਾ, ਇੱਕ ਰੁਪੱਈਏ ਦੀ ਕੀਮਤ ਵੀ ਕੁਝ ਨਹੀਂ ਰਹੀ। ਕਈ ਵਾਰ ਸੋਚਿਆ ਕਿ ਇੱਕ ਰੁਪਏ ਦੀ ਬਜਾਏ ਅੱਜ ਸੌ ਰੁਪਏ
ਕਿਸੇ ਧਾਰਮਿਕ ਅਸਥਾਨ ਦੀ ਗੋਲਕ ਵਿੱਚ ਪਾ ਕੇ ਸੁਰਖਰੂ ਹੋ ਜਾਵਾਂ, ਪਰ ਫੇਰ ਅੰਦਰੋਂ ਆਵਾਜ਼ ਆਉਂਦੀ ਐ ਕਿ ਇਹ ਤਾਂ ਅੰਧ ਵਿਸਵਾਸ ਹੀ ਹੋਵੇਗਾ, ਕਿਉਂਕਿ ਸੇਠ ਕੋਲ ਤਾਂ ਉਸਦੀ ਅਮਾਨਤ ਪਹੁੰਚਣੀ ਨਹੀਂ। ਗੋਲਕ ਚੋਂ ਕੱਢ ਕੇ ਸੇਠ ਦੀ ਅਮਾਨਤ ਤਾਂ ਕੋਈ
ਹੋਰ ਹਜ਼ਮ ਕਰ ਜਾਊਗਾ ਅਤੇ ਕਰਜਾ ਉਸੇ ਤਰ੍ਹਾਂ ਖੜਾ ਰਹੁਗਾ। ਮੰਜਾ ਮੱਲੀ ਪਏ ਜਰਨੈਲ ਸਿੰਘ ਨੇ ਕਿਹਾ ਕਿ ਮੈਨੂੰ ਆਪਣੀ ਸਿਹਤ ਜਾਂ ਬੀਮਾਰੀ ਨਹੀਂ ਓਨੀ ਸਤਾ ਰਹੀ, ਜਿਨਾ ਮੈਨੂੰ ਸੇਠ ਦਾ ਇੱਕ ਰੁਪੱਈਆ ਸਤਾ ਰਿਹਾ ਹੈ, ਮੈਨੂੰ ਇਹੋ ਚਿੰਤਾ ਖਾ ਰਹੀ ਹੈ ਕਿ ਮੈ ਸੇਠ ਦਾ ਇੱਕ ਰੁਪੱਈਆ ਆਪਣੇ ਸਿਰ ਲੈ ਕੇ ਜਹਾਨ ਤੋਂ ਜਾਵਾਂਗਾ, ਪਰ ਅੱਜ ਮੇਰੇ ਕੋਲ ਇਸਦਾ ਕੋਈ ਹੱਲ ਵੀ ਨਹੀਂ। ਇਹ ਕਹਿੰਦਿਆਂ ਉਹ ਕੁਝ ਸਮੇਂ ਲਈ ਚੁੱਪ ਕਰਕੇ ਮਨ ਨੂੰ ਹੌਸਲਾ ਦੇਣ ਲੱਗਾ। ਮੇਂ ਸੋਚਣ ਲੱਗਾ ਕਿ ਕਿੱਥੇ ਇਹ ਇਨਸਾਨ ਇੱਕ ਰੁਪਏ
ਸਦਕਾ ਵੀਹ ਸਾਲ ਤੋਂ ਮਨ ਦੁਖੀ ਕਰ ਰਿਹਾ ਹੈ ਅਤੇ ਕਿੱਥੇ ਸਾਡੇ ਦੇਸ ਦੇ ਨੇਤਾ ਹਜਾਰਾਂ ਕਰੋੜਾਂ ਰੁਪਏ ਛਕ ਛਕਾ ਕੇ ਡਕਾਰ ਮਾਰ ਜਾਂਦੇ ਨੇ।

 

Real Estate