ਸਮਾਜ ਵਿੱਚ ਫੈਲ ਰਹੀ ਨਫ਼ਰਤ ਫਿਕਰਮੰਦ ਕਰਨ ਵਾਲੀ: ਨਸੀਰੂਦੀਨ ਸ਼ਾਹ

ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਹਜੂਮੀ ਹੱਤਿਆਵਾਂ ਦੀਆਂ ਘਟਨਾਵਾਂ ਬਾਰੇ ਉਹ ਆਪਣੇ ਬਿਆਨ ’ਤੇ ਅਡੋਲ ਹਨ ਤੇ ਸਮਾਜ ਵਿਚ ‘ਸ਼ਰੇਆਮ ਨਫ਼ਰਤ’ ਦੇ ਫੈਲਾਅ ਤੋਂ ਬੇਹੱਦ ਪ੍ਰੇਸ਼ਾਨ ਹਨ। ਪਿਛਲੇ ਸਾਲ 69 ਸਾਲਾ ਅਦਾਕਾਰ ਨੇ ਹਿੰਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਕੁਝ ਥਾਵਾਂ ’ਤੇ ਗਊ ਹੱਤਿਆ ਨੂੰ ਪੁਲੀਸ ਮੁਲਾਜ਼ਮ ਦੀ ਹੱਤਿਆ ਤੋਂ ਵੱਧ ਤਵੱਜੋ ਦਿੱਤੀ ਜਾ ਰਹੀ ਹੈ। ਇੰਡੀਅਨ ਫ਼ਿਲਮ ਪ੍ਰਾਜੈਕਟ ’ਚ ਅਦਾਕਾਰ ਆਨੰਦ ਤਿਵਾੜੀ ਨਾਲ ਗੱਲਬਾਤ ਕਰਦਿਆਂ ਸ਼ਾਹ ਨੇ ਇਹ ਵਿਚਾਰ ਪ੍ਰਗਟਾਏ। ਤਿਵਾੜੀ ਨੇ ਨਸੀਰ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੇ ਸਿਆਸੀ ਤੇ ਸਮਾਜਿਕ ਵਿਚਾਰਾਂ ਕਰ ਕੇ ਫ਼ਿਲਮ ਸਨਅਤ ਨਾਲ ਉਨ੍ਹਾਂ ਦੇ ਸਬੰਧਾਂ ’ਤੇ ਕੋਈ ਫ਼ਰਕ ਪਿਆ ਹੈ। ਇਸ ਦੇ ਜਵਾਬ ਵਿਚ ਹੰਢੇ ਹੋਏ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦੇ ਇੰਡਸਟਰੀ ਨਾਲ ਸਬੰਧ ਪਹਿਲਾਂ ਵੀ ਕੋਈ ਬਹੁਤੇ ਗੂੜ੍ਹੇ ਨਹੀਂ ਰਹੇ। ਨਸੀਰ ਨੇ ਕਿਹਾ ‘ਮੈਂ ਨਹੀਂ ਜਾਣਦਾ ਕਿ ਇਸ ਨਾਲ ਮੇਰਾ ਕੰਮ ਕੋਈ ਬਹੁਤਾ ਪ੍ਰਭਾਵਿਤ ਹੋਇਆ ਹੈ ਜਾਂ ਨਹੀਂ, ਵੈਸੇ ਉਨ੍ਹਾਂ ਨੂੰ ਕੋਈ ਬਹੁਤਾ ਕੰਮ ਮਿਲਿਆ ਵੀ ਨਹੀਂ।’ ਉਨ੍ਹਾਂ ਕਿਹਾ ਕਿ ਜੋ ਮਹਿਸੂਸ ਕਰਦੇ ਹਨ, ਉਹ ਕਹਿੰਦੇ ਹਨ ਤੇ ਉਸ ’ਤੇ ਖੜ੍ਹਦੇ ਵੀ ਹਨ। ਸ਼ਾਹ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੀ ਆਲੋਚਨਾ ਵੀ ਸਹਿਣੀ ਪੈਂਦੀ ਹੈ ਜਿਨ੍ਹਾਂ ਕੋਲ ਸ਼ਾਇਦ ਕਰਨ ਲਈ ਕੁਝ ਹੋਰ ਨਹੀਂ ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਉੱਘੇ ਗੀਤਕਾਰ ਤੇ ਲੇਖਕ ਜਾਵੇਦ ਅਖ਼ਤਰ ਨੇ ਅੱਜ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਚਾਹੇ ਉਹ ਸ਼ਾਸਨ ਦੇ ਖ਼ਿਲਾਫ਼ ਹੀ ਕਿਉਂ ਨਾ ਹੋਣ। ਸਿਆਸੀ ਤੇ ਸਮਾਜਿਕ ਪੱਖ ਤੋਂ ਵਿਚਾਰ ਰੱਖਣ ’ਚ ਹਮੇਸ਼ਾ ਮੋਹਰੀ ਰਹੇ ਅਖ਼ਤਰ ਦਾ ਮੰਨਣਾ ਹੈ ਕਿ ਲੋਕਤੰਤਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੱਬੀ ਨਹੀਂ ਜਾਣੀ ਚਾਹੀਦੀ। ਉਨ੍ਹਾਂ ਕਿਹਾ ‘ਜੇ ਤੁਸੀਂ ਕਿਸੇ ਵਿਅਕਤੀ ਜਾਂ ਸਰਕਾਰ ਨੂੰ ਕੁਝ ਕਹਿੰਦੇ ਹੋ ਤਾਂ ਕੀ ਇਹ ਉਸ ਨੂੰ ਪਸੰਦ ਆਵੇਗਾ? ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕੋਈ ਸਰਕਾਰ ਹੋ ਸਕਦੀ ਹੈ ਜਿਸ ਦੀ ਤੁਸੀਂ ਆਲੋਚਨਾ ਕਰੋ ਤੇ ਉਹ ਖ਼ੁਸ਼ ਹੋਵੇ।’ ਇਸ ਦੇ ਬਾਵਜੂਦ ਲੋਕ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੇ ਹਨ ਤੇ ਖ਼ੁਦ ਨੂੰ ਵਿਅਕਤ ਕਰਦੇ ਹਨ। ਇਸ ਹੱਕ ਨੂੰ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤਰ੍ਹਾਂ ਅਮਲੀ ਰੂਪ ਵਿਚ ਕਿਸੇ ਲੋਕਤੰਤਰ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ। ਲੇਖਕ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਭਾਰਤ ਦੇ ਲੋਕ ਖ਼ੁਸ਼ਕਿਸਮਤ ਹਨ ਜੋ ਲੋਕਤੰਤਰ ਦੇ ਵਾਸੀ ਹਨ। ਉਨ੍ਹਾਂ ਨੂੰ ਆਪਣੇ ਹੱਕਾਂ ਦੀ ਰਾਖ਼ੀ ਕਰਨੀ ਚਾਹੀਦੀ ਹੈ ਤੇ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰਨਾ ਚਾਹੀਦਾ। ਅਖ਼ਤਰ ਨੇ ਕਿਹਾ ਕਿ ਏਸ਼ੀਆ ਦੇ ਕਈ ਹਿੱਸਿਆਂ ਵਿਚ ਲੋਕਾਂ ਕੋਲ ਐਨੇ ਹੱਕ ਨਹੀਂ ਹਨ ਤੇ ਇਨ੍ਹਾਂ ਦੀ ਕੀਮਤ ਸਮਝਣ ਦੀ ਲੋੜ ਹੈ। –

Real Estate