ਜੇ ਫਿਲਮਾਂ ਕਰੋੜਾਂ ਦਾ ਕਾਰੋਬਾਰ ਕਰ ਰਹੀਆਂ ਹਨ ਤਾਂ ਫਿਰ ਦੇਸ ਵਿੱਚ ਮੰਦੀ ਕਿਵੇਂ ਹੋ ਸਕਦੀ ਹੈ? – ਰਵੀਸ਼ੰਕਰ

828

ਮੋਦੀ ਸਰਕਾਰ ਦੇ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਐਨਐਸਐਸਓ ਦੇ ਬੇਰੁਜ਼ਗਾਰੀ ਨਾਲ ਜੁੜੇ ਅੰਕੜੇ ਪੂਰੀ ਤਰ੍ਹਾਂ ਗਲਤ ਹਨ। ਰਵੀਸ਼ੰਕਰ ਪ੍ਰਸਾਦ ਨੇ ਇਹ ਵੀ ਕਿਹਾ ਹੈ ਕਿ ਜੇ ਫਿਲਮਾਂ ਕਰੋੜਾਂ ਦਾ ਕਾਰੋਬਾਰ ਕਰ ਰਹੀਆਂ ਹਨ ਤਾਂ ਫਿਰ ਦੇਸ ਵਿੱਚ ਮੰਦੀ ਕਿਵੇਂ ਹੋ ਸਕਦੀ ਹੈ? ਉਨ੍ਹਾਂ ਨੇ ਕਿਹਾ, “ਮੈਂ ਐਨਐਸਐਸਓ ਦੀ ਰਿਪੋਰਟ ਨੂੰ ਗਲਤ ਕਹਿੰਦਾ ਹਾਂ ਅਤੇ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ। ਉਸ ਰਿਪੋਰਟ ਵਿੱਚ ਇਲੈਕਟਰੋਨਿਕ ਮੈਨਿਊਫੈਕਚਰਿੰਗ, ਆਈਟੀ ਖੇਤਰ, ਮੁਦਰਾ ਲੋਨ ਤੇ ‘ਕਾਮਨ ਸਰਵਿਸ ਸੈਂਟਰ’ ਦਾ ਜ਼ਿਕਰ ਨਹੀਂ ਹੈ।” “ਕਿਉਂ ਨਹੀਂ ਹੈ? ਅਸੀਂ ਕਦੇ ਨਹੀਂ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਸਰਕਾਰੀ ਨੌਕਰੀ ਦੇਵਾਂਗੇ। ਅਸੀਂ ਇਹ ਹਾਲੇ ਵੀ ਨਹੀਂ ਕਹਿ ਰਹੇ ਹਾਂ। ਕੁਝ ਲੋਕਾਂ ਨੇ ਅੰਕੜਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਗਲਤ ਢੰਗ ਨਾਲ ਪੇਸ਼ ਕੀਤਾ। ਮੈਂ ਇਹ ਦਿੱਲੀ ਵਿੱਚ ਵੀ ਕਹਿ ਚੁੱਕਿਆ ਹਾਂ।” ਰਵੀਸ਼ੰਕਰ ਪ੍ਰਸਾਦ ਨੇ ਭਾਰਤੀ ਅਰਥਚਾਰੇ ਵਿੱਚ ਸੁਸਤੀ ਬਾਰੇ ਪੁੱਛੇ ਜਾਣ ‘ਤੇ ਇਸ ਨੂੰ ਫਿਲਮਾਂ ਨਾਲ ਜੋੜ ਦਿੱਤਾ। ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, “ਦੋ ਅਕਤੂਬਰ ਨੂੰ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ ਸਨ- ਵਾਰ, ਜੋਕਰ ਤੇ ਸਾਇਰਾ। ਬਾਕਸ ਆਫ਼ਿਸ ਦੇ ਕਾਰੋਬਾਰ ‘ਤੇ ਨਜ਼ਰ ਰੱਖਣ ਵਾਲੇ ਮਾਹਿਰ ਕੋਮਲ ਨਹਾਟਾ ਮੁਤਾਬਕ ਉਸ ਦਿਨ ਇਨ੍ਹਾਂ ਫ਼ਿਲਮਾਂ ਨੇ 120 ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕੀਤੀ ਸੀ। ਯਾਨਿ ਕਿ ਦੇਸ ਦੀ ਅਰਥਵਿਵਸਥਾ ਠੀਕ ਹੈ। ਤਾਂ ਹੀ ਫਿਲਮਾਂ ਇੰਨਾ ਚੰਗਾ ਵਪਾਰ ਕਰ ਰਹੀਆਂ ਹਨ।” ਰਵੀਸ਼ੰਕਰ ਪ੍ਰਸਾਦ ਨੇ ਇਹ ਵੀ ਕਿਹਾ ਕਿ ਉਹ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਵੀ ਸੂਚਨਾ ਪ੍ਰਸਾਰਣ ਮੰਤਰੀ ਸੀ ਇਸ ਲਈ ਉਨ੍ਹਾਂ ਦਾ ਫਿਲਮਾਂ ਨਾਲ ਲਗਾਅ ਹੈ।
ਇਸ ਸਾਲ ਫਰਵਰੀ ਵਿੱਚ ਐਨਐਸਐਸਓ ਦੇ ਲੀਕ ਹੋਏ ਅੰਕੜਿਆਂ ਮੁਤਾਬਕ ਸਾਲ 2017-18 ਵਿੱਚ ਬੇਰੁਜ਼ਗਾਰੀ ਦੀ ਦਰ 6।1 ਫੀਸਦ ਸੀ ਜੋ ਕਿ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਸੀ। ਇਹ ਅੰਕੜੇ ਬਾਹਰ ਆਉਣ ‘ਤੇ ਸਰਕਾਰ ਦੀ ਕਾਫ਼ੀ ਕਿਰਕਿਰੀ ਹੋਈ ਹੈ। ਹਾਲ ਦੇ ਦਿਨਾਂ ਵਿੱਚ ਵੀ ਬੇਰੁਜ਼ਗਾਰੀ ਅਤੇ ਵਿੱਤੀ ਸੁਸਤੀ ਦੇ ਸਵਾਲਾਂ ਨੂੰ ਲੈ ਕੇ ਸਰਕਾਰ ਨੂੰ ਸਖ਼ਤ ਸਵਾਲ ਝੱਲਣੇ ਪਏ ਹਨ। ਕੁਝ ਸਮਾਂ ਪਹਿਲਾਂ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ ਭਾਰਤੀ ਨੌਜਵਾਨ ਗੱਡੀਆਂ ਖਰੀਦਣ ਦੀ ਥਾਂ ਓਲਾ-ਊਬਰ ਤੋਂ ਜਾਣਾ ਪਸੰਦ ਕਰਦੇ ਹਨ ਇਸ ਲਈ ਆਟੋ ਸੈਕਟਰ ਵਿੱਚ ਗਿਰਾਵਟ ਆਈ ਹੈ।

Real Estate