ਜਾਪਾਨ ‘ਚ ਖ਼ਤਰਨਾਕ ਤੂਫ਼ਾਨ : ਮੀਂਹ ਕਾਰਨ ਡੁੱਬੀਆਂ ਬੁਲੇਟ ਟਰੇਨਾਂ

3670

ਜਾਪਾਨ ਵਿੱਚ 60 ਸਾਲਾਂ ਵਿੱਚ ਆਏ ਸਭ ਤੋਂ ਭਿਆਨਕ ਤੂਫ਼ਾਨ ‘ਚ ਹੁਣ ਤੱਕ 18 ਲੋਕਾਂ ਦੀ ਮੌਤ ਅਤੇ ਕਈਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਹਨ। ਚੱਕਰਵਰਤੀ ਤੂਫ਼ਾਨ ਹੇਗੀਬਿਸ ਰਾਜਧਾਨੀ ਟੋਕਿਓ ਦੇ ਦੱਖਣ-ਪੱਛਮ ਵਿੱਚ ਇਜ਼ੁ ਦੀਪ ਦੀ ਮੁੱਖ ਧਰਤੀ ‘ਤੇ ਸਥਾਨਕ ਸਮੇਂ ਮੁਤਾਬਕ ਸ਼ਾਮੀਂ 7 ਵਜੇ ਦੇ ਕਰੀਬ ਟਕਰਾਇਆ। ਵਧ ਰਹੇ ਪਾਣੀ ਦੇ ਪੱਧਰ ਕਾਰਨ ਲੋਕ ਘਰਾਂ ਅੰਦਰ ਫਸ ਗਏ ਹਨ ਤੇ ਤਕਰੀਬਨ 27,000 ਫੌਜੀ ਬਚਾਅ ਕਾਰਜ ਲਈ ਲਗਾਏ ਗਏ ਹਨ। ਫਿਲਹਾਲ ਇਹ ਤੂਫ਼ਾਨ 225 ਕਿਲਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੇਸ ਦੇ ਪੂਰਬੀ ਤਟ ਵੱਲ ਵਧ ਰਿਹਾ ਹੈ। ਜਾਪਨੀ ਆਊਟਲੈਟ ਐੱਨਐੱਚਕੇ ਦੀ ਰਿਪੋਰਟ ਮੁਤਾਬਕ 4,00,000 ਘਰਾਂ ਦੀ ਬਿਜਲੀ ਠੱਪ ਹੋ ਗਈ ਹੈ। ਟਰੇਨ ਸੇਵਾਵਾਂ ਠੱਪ ਹਨ, ਇੱਕ ਹਜ਼ਾਰ ਤੋਂ ਵੱਧ ਜਹਾਜ਼ ਹਵਾਈ ਅੱਡਿਆਂ ‘ਤੇ ਖੜ੍ਹੇ ਹਨ। ਹਜ਼ਾਰਾਂ ਘਰ ਬਿਜਲੀ ਨਾ ਹੋਣ ਕਰਕੇ ਹਨੇਰਿਆਂ ‘ਚ ਡੁੱਬੇ ਹੋਏ ਹਨ। ਗੰਭੀਰ ਹਾਲਾਤ ਦੇ ਮੱਦੇਨਜ਼ਰ 70 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੀ ਤੇ ਜਾਣ ਲਈ ਕਿਹਾ ਗਿਆ ਹੈ ਪਰ ਸਿਰਫ਼ 50 ਹਜ਼ਾਰ ਲੋਕਾਂ ਨੇ ਆਪਣਾ ਘਰ ਛੱਡਣਾ ਮੁਨਾਸਿਬ ਸਮਝਿਆ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਰਾਜਧਾਨੀ ਟੋਕਿਓ ਵਿੱਚ ਐਤਵਾਰ ਤੱਕ ਅੱਧਾ ਮੀਟਰ ਤੱਕ ਮੀਂਹ ਪੈ ਸਕਦਾ ਹੈ । ਸ਼ਹਿਰ ਵਿੱਚ ਐਤਵਾਰ ਹੋਣ ਵਾਲੇ ਦੋ ਵਿਸ਼ਵ ਕੱਪ ਰਗਬੀ ਦੇ ਮੁਕਾਬਲੇ (ਇੰਗਲੈਂਡ ਬਨਾਮ ਫਰਾਂਸ ਅਤੇ ਨਿਊਜ਼ੀਲੈਂਡ ਬਨਾਮ ਇਟਲੀ) ਰੱਦ ਕੀਤੇ ਗਏ ਹਨ।

Real Estate