ਪੰਜਾਬ ਵਿੱਚ ਦਹਿਸ਼ਤਗਰਦ ਹਮਲੇ ਦਾ ਖ਼ਦਸ਼ਾ, ਸਰਹੱਦੀ ਜ਼ਿਲ੍ਹਿਆਂ ’ਚ ਹਾਈ ਅਲਰਟ

798

ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਹਾਈ–ਅਲਰਟ ਐਲਾਨ ਦਿੱਤਾ ਹੈ। ਦਰਅਸਲ, ਖ਼ੁਫ਼ੀਆ ਏਜੰਸੀਆਂ ਨੂੰ ਸੂਹ ਮਿਲੀ ਸੀ ਕਿ ਸ਼ਾਇਦ ਦਹਿਸ਼ਤਗਰਦ ਪੰਜਾਬ ਵਿੱਚ ਕਿਸੇ ਹਿੰਸਕ ਹਮਲੇ ਦੀ ਯੋਜਨਾ ਉਲੀਕ ਚੁੱਕੇ ਹਨ।ਦਰਅਸਲ, ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਾਕਿਸਤਾਨ ’ਚ ਰਹਿ ਰਹੇ ਅੱਤਵਾਦੀਆਂ ਨੇ ਡ੍ਰੋਨ ਜਹਾਜ਼ਾਂ ਰਾਹੀਂ ਭਾਰਤੀ ਪੰਜਾਬ ਵਿੱਚ ਅਸਾਲਟ ਰਾਈਫ਼ਲਾਂ ਤੇ ਗ੍ਰੇਨੇਡ ਸੁੱਟੇ ਸਨ।ਐਡੀਸ਼ਨਲ ਡਾਇਰੈਕਟਰ ਆੱਫ਼ ਪੁਲਿਸ (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਤੇ ਏਡੀਜੀਪੀ (ਸਪੈਸ਼ਨ ਆੱਪਰੇਸ਼ਨਜ਼ ਗਰੁੱਪ ਐਂਡ ਕਮਾਂਡੋਜ਼) ਰਾਕੇਸ਼ ਚੰਦਰਾ ਦੀ ਅਗਵਾਈ ਹੇਠ 5,000 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਗੁਰਪਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਉੱਤੇ ਸ਼ੱਕੀ ਟਿਕਾਣਿਆਂ ਦੀਆਂ ਤਲਾਸ਼ੀਆਂ ਲੈ ਰਹੇ ਹਨ। ਇਸ ਤੋਂ ਪਹਿਲਾਂ ਜਲੰਧਰ ’ਚ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਹੀ ਹਾਈ–ਅਲਰਟ ਐਲਾਨਿਆ ਗਿਆ ਹੈ। ਉਸ ਮੀਟਿੰਗ ਵਿੱਚ ਭਾਰਤੀ ਹਵਾਈ ਫ਼ੌਜ, ਫ਼ੌਜੀ ਖ਼ੁਫ਼ੀਆ ਏਜੰਸੀ, ਬਾਰਡਰ ਸਕਿਓਰਿਟੀ ਫ਼ੋਰਸ ਤੇ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ।
ਸਾਰੀਆਂ ਹੀ ਏਜੰਸੀਆਂ ਕੋਲ ਅਜਿਹੀ ਸੂਹ ਸੀ ਕਿ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਵਿੱਚ ਦਹਿਸ਼ਤਗਰਦ ਹਮਲੇ ਦਾ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਇਹ ਜ਼ਿਲ੍ਹੇ ਜਿੱਥੇ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਹਨ, ਉੱਥੇ ਇਹ ਜੰਮੂ–ਕਸ਼ਮੀਰ ਲਈ ਵੀ ਪ੍ਰਵੇਸ਼–ਦੁਆਰ ਹਨ। ਜੰਮੂ–ਕਸ਼ਮੀਰ ਵਿੱਚ ਤਾਂ ਪਹਿਲਾਂ ਹੀ ਬਹੁਤ ਸਾਰੇ ਦਹਿਸ਼ਤਗਰਦਾਂ ਦੇ ਮੌਜੂਦ ਹੋਣ ਦੀਆਂ ਖ਼ਬਰਾਂ ਮਿਲ ਚੁੱਕੀਆਂ ਹਨ।ਪਿਛਲੇ ਮਹੀਨੇ ਸੁਰੱਖਿਆ ਬਲਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ ਆਏ 8 ਡ੍ਰੋਨਜ਼ ਨੇ 80 ਕਿਲੋਗ੍ਰਾਮ ਦੇ ਲਗਭਗ ਅਸਲਾ ਤੇ ਹੋਰ ਗੋਲੀ–ਸਿੱਕਾ ਭਾਰਤੀ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ’ਚ ਸੁੱਟਿਆ ਸੀ।

Real Estate