ਗੁਰਦਾਸ ਮਾਨ ਦੇ ਨੋਸਟੈਲਜ਼ਿਕ ਪੰਜਾਬ ‘ਚ ਔਰਤ ਦੀ ਸਥਿਤੀ

2559

ਨਵਕਿਰਨ ਨੱਤ

ਪਿਛਲੇ ਮਹੀਨੇ ਹਿੰਦੀ ਦਿਵਸ ਦੇ ਦਿਨ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਬਿਆਨ ਆਇਆ ਕਿ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਦੇਸ਼ ਨੂੰ ਬਾਹਰਲੀਆਂ ਭਾਸ਼ਾਵਾਂ ਤੋਂ ਖ਼ਤਰਾ ਹੋ ਸਕਦਾ ਹੈ ਅਤੇ ਇਹ ਇੱਕ ਭਾਸ਼ਾ ਹੈ ਹਿੰਦੀ। ਇਸ ਬਿਆਨ ਤੋਂ ਬਾਅਦ ਦੇਸ਼ ਦੇ ਸਾਰੇ ਹਲਕਿਆਂ ‘ਚ ਬਹਿਸ ਸ਼ੁਰੂ ਹੋ ਗਈ, ਕਈਆਂ ਨੇ ਹਿੰਦੀ ਨੂੰ ਪੂਰੇ ਦੇਸ਼ ਦੀ ਇੱਕ ਸਾਂਝੀ ਭਾਸ਼ਾ ਬਣਾਉਣ ਦੇ ਵਿਚਾਰ ਖਿਲਾਫ ਆਪਣਾ ਵਿਰੋਧ ਜ਼ਾਹਿਰ ਕੀਤਾ ਅਤੇ ਕਈਆਂ ਨੇ ਇਸਦੇ ਹੱਕ ਚ ਬਿਆਨ ਦਿੱਤੇ। ਪੰਜਾਬ ਵਿੱਚ ਜਿੱਥੇ ਜ਼ਿਆਦਾਤਰ ਹਿੱਸੇ ਚ ਇਸ ਗੱਲ ਦਾ ਵਿਰੋਧ ਹੋਇਆ ਉੱਥੇ ਹੀ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਗ੍ਰਹਿ ਮੰਤਰੀ ਦੇ ਇਸ ਬਿਆਨ ਨਾਲ ਸਹਿਮਤੀ ਪ੍ਰਗਟਾਈ। ਫਿਰ ਇਹ ਤਾਂ ਲਾਜ਼ਿਮ ਸੀ ਕਿ ਉਹਨਾਂ ਨੂੰ ਵੀ ਇਸ ਵਿਰੋਧ ਦਾ ਸੇਕ ਝੱਲਣਾ ਪੈਂਦਾ। ਪਰ ਬਜਾਏ ਸਿਰਫ ਵਿਰੋਧ ਨੂੰ ਝੱਲਣ ਦੇ ਉਹਨਾਂ ਨੇ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਟੇਟ ਵਿੱਚ ਹੋ ਰਹੇ ਆਪਣੇ ਸ਼ੋਅ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਗ਼ਲਤ ਸ਼ਬਦ ਬੋਲੇ ਜਿਸ ਕਾਰਨ ਮਸਲਾ ਹੋਰ ਭੜਕ ਗਿਆ। ਇੰਡੀਆ ਆਉਣ ਤੋਂ ਬਾਅਦ ਇੱਕ ਵੀਡੀਓ ਵਿੱਚ ਮਾਨ ਸਾਹਿਬ ਨੇ ਬਹੁਤ ਹੀ ਘੁੰਮਾ-ਫਿਰਾ ਕੇ ਮਾਫੀ ਤਾਂ ਮੰਗ ਲਈ ਪਰ ਸੋਸ਼ਲ ਮੀਡਿਆ
ਪਲੇਟਫਾਰਮਸ ਉੱਤੇ ਕਈ ਦਿਨਾਂ ਤੱਕ ਇਹ ਮੁੱਦਾ ਚਰਚਾ ਦਾ ਵਿਸ਼ਾ ਰਿਹਾ ਅਤੇ ਇਸ ਕਰਕੇ ਕਈ ਲੋਕਾਂ ਦਾ ਆਪਣੇ ਪਸੰਦੀਦਾ
ਗਾਇਕ ਪ੍ਰਤੀ ਮੋਹ ਭੰਗ ਵੀ ਹੋਇਆ। ਸਾਰੇ ਮਸਲੇ ਚ ਇੱਕ ਹੋਰ ਚੰਗੀ ਗੱਲ ਇਹ ਹੋਈ ਕਿ ਲੋਕ ਆਪਣੇ ਪਸੰਦੀਦਾ ਸਟਾਰ ਦੀ ਆਲੋਚਨਾ ਪ੍ਰਤੀ ਕਾਫੀ ਗ੍ਰਹਿਣਸ਼ੀਲ ਹੋਏ। ਮੈਨੂੰ ਲੱਗਿਆ ਕਿ ਮੌਕਾ ਚੰਗਾ ਐ, ਲੱਗੇ ਹੱਥ ਮੈਨੂੰ ਵੀ ਲੋਕਾਂ ਨਾਲ ਇਸ ਮੁੱਦੇ ਨਾਲ ਜੁੜੇ ਕੁਝ ਵਿਚਾਰ ਸਾਂਝੇ ਕਰ ਲੈਣੇ ਚਾਹੀਦੇ ਹਨ।
ਇੱਕ ਦਿਨ ਮੈਂ ਤੇ ਮੇਰੇ ਮੰਮੀ ਕਿਸੇ ਲਾਗਲੇ ਪਿੰਡੋਂ ਵਾਪਿਸ ਮਾਨਸਾ ਆ ਰਹੇ ਸੀ ਅਤੇ ਮੈਂ ਕਾਰ ਚਲਾ ਰਹੀ ਸੀ। ਸਾਡੇ ਦੋਵਾਂ ਵਿਚਕਾਰ ਗੱਲਾਂ ਦਾ ਦੌਰ ਚੱਲ ਹੀ ਰਿਹਾ ਸੀ ਕਿ ਇੱਕਦਮ ਗੱਡੀ ਦੇ ਮਿਊਜ਼ਿਕ ਸਿਸਟਮ ਚ ਵੱਜ ਰਹੀ DVD ਤੇ ਗੁਰਦਾਸ ਮਾਨ ਦਾ ਗਾਣਾ ‘ਕੀ ਬਣੂ ਦੁਨੀਆ ਦਾ’ ਚੱਲਣ ਲੱਗਾ। ਮੇਰਾ ਧਿਆਨ ਗਾਣੇ ਵੱਲ ਗਿਆ ਅਤੇ ਸਾਡੀ ਗੱਲ ਦਾ ਵਿਸ਼ਾ ਬਦਲ ਗਿਆ। ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਨੂੰ ਪਤਾ ਲੋਕ ਗੁਰਦਾਸ ਮਾਨ ਨੂੰ ਮਾਨ ਪੰਜਾਬ ਦਾ ਕਿਉਂ ਕਹਿੰਦੇ ਨੇ, ਮੈਨੂੰ ਇਹਦੇ ਗਾਣੇ ਨੀਂ ਪਸੰਦ। ਇੱਕ ਕੁੜੀ ਹੋਣ ਦੇ ਨਾਤੇ ਜਦ ਮੈਂ ਗੁਰਦਾਸ ਮਾਨ ਦੇ ਗਾਣੇ ਸੁਣਦੀ ਹਾਂ ਤਾਂ ਮੈਨੂੰ ਇਹ ਇਤਰਾਜ਼ਯੋਗ ਲੱਗਦੇ ਨੇ। ਗਾਣੇ ਦੇ ਬੋਲ ਨੇ ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿਚ ਕੋਕਲੂ ਤੇ ਵਾਲੀਆਂ ਵੀ ਗਈਆਂ ਪਰ ਸਚਾਈ ਤਾਂ ਇਹ ਹੈ ਕਿ ਮੈਂ ਜਾਂ ਕੋਈ ਵੀ ਹੋਰ ਕੁੜੀ ਸੂਫ ਦਾ ਘੱਗਰਾ ਪਾ ਅਤੇ ਫੁਲਕਾਰੀ ਦੀ ਬੁੱਕਲ ਮਾਰ ਕੇ ਤੇ ਉੱਤੋਂ ਘੁੰਡ ਕੱਢ ਕੇ ਨਾ ਤਾਂ ਕਾਰ ਚਲਾ ਸਕਦੀ ਐ, ਨਾ ਸਕੂਟਰ ਅਤੇ ਨਾ ਹੀ ਰੋਜਮਰਾ ਦਾ ਕੋਈ ਹੋਰ ਕੰਮ ਕਰ ਸਕਦੀ ਹੈ। ਫਿਰ ਇਹ ਹਾਲ ਦੁਹਾਈ ਕਿਉਂ?
ਅੰਗਰੇਜ਼ੀ ਦਾ ਇੱਕ ਸ਼ਬਦ ਹੈ ਕਲਚਰਲ ਨੋਸਟੈਲਜੀਆ (Cultural Nostalgia) ਜਿਸਦਾ ਮਤਲਬ ਹੈ ਪੁਰਾਣੇ ਸੱਭਿਆਚਾਰਿਕ ਰੀਤੀ ਰਿਵਾਜਾਂ ਪ੍ਰਤੀ ਕਿਸੇ ਇਨਸਾਨ ਦੀ ਭਾਵਨਾਤਮਿਕ ਤਾਂਘ ਅਤੇ ਤਾਂਘ ਸਿਰਫ ਉਹਨਾਂ ਲੰਘ ਚੁੱਕੇ ਮੌਕਿਆਂ ਜਾਂ ਸਮਿਆਂ ਦੀ ਹੁੰਦੀ ਹੈ ਜੋ ਇਨਸਾਨ ਲਈ ਸਕਾਰਾਤਮਕ ਜਾਂ ਸੁਖਾਵੇਂ ਬੀਤੇ ਹੋਣ। ਇਸ ਲਈ ਸਮਾਜ ਦਾ ਇੱਕ ਹਿੱਸਾ ਹਮੇਸ਼ਾ ਇਸ ਕਲਚਰਲ ਨੋਸਟੈਲਜੀਆ ਦਾ ਸ਼ਿਕਾਰ ਰਹਿੰਦਾ ਹੈ ਅਤੇ ਜ਼ਿਆਦਾਤਰ ਕੇਸਾਂ ਚ ਇਹ ਹਿੱਸਾ ਸਮਾਜਿਕ ਅਸਰ-ਰਸੂਖ ਤੇ ਖਾਸ ਰੁਤਬਾ ਰੱਖਣ ਵਾਲੇ ਵਰਗ, ਜਿਸਨੂੰ ਅੰਗਰੇਜ਼ੀ ਚ ਪ੍ਰਿਵਿਲਜਡ (privileged) ਕਿਹਾ ਜਾਂਦਾ ਦਾ, ਹੁੰਦਾ ਹੈ। ਪੰਜਾਬੀ ਸਮਾਜ ਚ ਭਾਰਤ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਹੀ ਔਰਤਾਂ ਨੂੰ ਘੁੰਡ ਚੋਂ ਨਿਕਲ ਕੇ ਖੁਲ੍ਹੇਆਮ ਸੜਕਾਂ ਤੇ ਆਉਣ, ਆਪਣੀ ਮਰਜ਼ੀ ਦੇ ਕੱਪੜੇ ਪਾਉਣ, ਨੌਕਰੀ ਕਰਕੇ ਪੈਸੇ ਕਮਾ ਕੇ ਆਪਣੇ ਪੈਰਾਂ ਸਿਰ ਖੜ ਸਕਣ ਅਤੇ ਇਸ ਸਮਾਜ ਦਾ ਇੱਕ ਅਹਿਮ ਹਿੱਸਾਬਣਨ ਵਿੱਚ ਸਦੀਆਂ ਲੱਗੀਆਂ ਹਨ। ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਮਿਲੀ ਇਸ ਅਜ਼ਾਦੀ ਨੂੰ ਮਾਨਣ ਵਾਲੀਆਂ ਔਰਤਾਂ ਜਾਂ ਕੁੜੀਆਂ ਲਈ ਘੁੰਡ ਹਰਗਿਜ਼ ਨੋਸਟੈਲਜੀਆ ਨਹੀਂ ਹੋ ਸਕਦਾ, ਜਦੋਂ ਤੱਕ ਕਿ ਉਹ ਆਪ ਇਸ ਪਿਤ੍ਰਸਤਾਤਮਿਕ ਸੋਚ ਦੀਆਂ
ਗ਼ੁਲਾਮ ਨਾ ਹੋਣ। ਹਾਂ, ਮਾਨ ਸਾਹਿਬ ਵਰਗੇ ਉੱਚੀ ਜਾਤ ਅਤੇ ਜਮਾਤ ਦੇ ਮਰਦਾਂ ਲਈ ਸੱਚਮੁੱਚ ਇਹ ਨੋਸਟੈਲਜੀਆ ਹੋ ਸਕਦਾ
ਜਿਨ੍ਹਾਂ ਨੂੰ ਔਰਤ ਦੇ ਅਜ਼ਾਦ ਹੋਣ ਨਾਲ ਆਪਣੀ ਪ੍ਰਿਵਿਲਜ ਖੁਸਦੀ ਜਾਪਦੀ ਹੋਵੇ।
ਇੱਕ ਹੋਰ ਖਾਸ ਗੱਲ ਇਹ ਕਿ ਕਲਚਰਲ ਨੋਸਟੈਲਜੀਆ ਕਦੀ ਇੱਕ-ਅੱਧੀ ਗੱਲ  ਚ ਨਹੀਂ ਝਲਕਦਾ, ਸਗੋਂ ਪੂਰੇ ਪੈਕੇਜ ਵਿੱਚ ਆਉਂਦਾ ਹੈ। ਪੁਰਾਣੇ ਸਮਿਆਂ ਦਾ ਸਾਫ਼-ਸੁਥਰਾ ਹਵਾ-ਪਾਣੀ ਅਤੇ ਵਾਤਾਵਰਣ ਅਤੇ ਇਸਦੇ ਨਤੀਜੇ ਵਜੋਂ ਵਧੀਆ ਸਿਹਤਾਂ ਤੇ ਲੰਬੀਆਂ ਉਮਰਾਂ ਨੂੰ ਯਾਦ ਕਰਨਾ ਤੇ ਉਸਦੀ ਪ੍ਰਸ਼ੰਸਾ ਕਰਨਾ ਵੀ ਇਸੇ ਕਲਚਰਲ ਨੋਸਟੈਲਜੀਆ ਦਾ ਹਿੱਸਾ ਹੈ, ਜੋ ਮਾਨ ਸਾਹਿਬ ਦੇ ਇੱਕ ਹੋਰ ਗੀਤ , ਬਾਬੇ ਭੰਗੜਾ ਪਾਉਂਦੇ ਨੇ ਵਿੱਚ ਸਾਫ਼ ਦੇਖਣ ਨੂੰ ਮਿਲਦਾ ਹੈ। ਪੁਰਾਣੇ ਵੇਲਿਆਂ ਦੀਆਂ ਕੁੱਝ ਚੰਗੀਆਂ ਗੱਲਾਂ ਤੇ ਕੁੱਝ ਬੁਰੀਆਂ ਗੱਲਾਂ ਨੂੰ ਮਿਲਾਕੇ ਇਹ ਪੈਕੇਜ ਬਣਦਾ ਹੈ। ਪਰ ਇਹ ਤਹਿ ਅੱਜ ਦੇ ਸਮੇਂ ਚ ਜੀਅ ਰਹੇ ਲੋਕਾਂ ਨੇ ਕਰਨਾ ਹੁੰਦਾ ਹੈ ਕਿ ਉਹਨਾਂ ਨੇ ਕਿਹੜੀਆਂ ਚੰਗੀਆਂ ਚੀਜ਼ਾਂ ਨੂੰ ਫੜ ਕੇ ਰੱਖਣਾ ਹੈ ਤੇ ਕਿਹੜੇ ਬੁਰੇ ਰੀਤੀ-ਰਿਵਾਜਾਂ ਨੂੰ ਜੜੋਂ ਪੁੱਟ ਸੁੱਟਣਾ ਹੈ। ਸਭ ਪੁਰਾਣੇ ਰਿਵਾਜਾਂ ਅਤੇ ਗੱਲਾਂ ਨੂੰ ਹਮੇਸ਼ਾ ਮਹਾਨ ਬਣਾ ਕੇ ਦੇਖਣਾ ਅਤੇ ਹਰ ਨਵੀਂ ਚੀਜ਼ ਨੂੰ ਨਿੰਦਣਾ ਗ਼ਲਤ ਹੈ, ਜਿਵੇਂ ਮੌਜੂਦਾ ਦੌਰ ਦੇ ਪ੍ਰੇਮੀ ਜੋੜਿਆਂ ਬਾਰੇ ਕਿਰਾਏ ਤੇ ਲਈ ਗਈ ਹੀਰ ਵਰਗੇ ਸ਼ਬਦ ਵਰਤਣਾ ਤੇ ਸਿਰਫ਼ ਪੁਰਾਣੇ ਸਮੇਂ ਦੇ ਪਿਆਰ ਨੂੰ ਮਹਾਨ ਕਰਕੇ ਦੇਖਣਾ।
ਜਦੋਂ ਔਰਤਾਂ ਦੇ ਪੱਖ ਤੋਂ ਗੁਰਦਾਸ ਮਾਨ ਦੇ ਗਾਣਿਆਂ ਦੀ ਗੱਲ ਹੋ ਰਹੀ ਹੋਵੇ ਤਾਂ ਕੁੱਝ ਲੋਕਾਂ ਨੂੰ ਮਾਨ ਸਾਹਿਬ ਦਾ ਗਾਣਾ ਕੁੜੀਆਂ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦੇਵਾਂ  ਦੀ ਯਾਦ ਆਉਣੀ ਸੁਭਾਵਿਕ ਹੈ। ਇਸ ਬਾਰੇ ਮੇਰੇ ਕੁੱਝ ਸਵਾਲ ਨੇ ਕਿ ਜਦੋਂ ਵੀ ਔਰਤ ਦੇ ਵੱਲ ਦੀ, ਉਸਦੇ ਹੱਕ ਦੀ ਗੱਲ ਕਰਨੀ ਹੋਵੇ ਤਾਂ ਕੀ ਉਸਨੂੰ ਹਮੇਸ਼ਾ ਵਿਚਾਰੀ ਤੇ ਤਰਸ ਦਾ ਪਾਤਰ ਬਣਾ ਕੇ ਸੰਬੋਧਿਤ ਕਰਨਾ ਜ਼ਰੂਰੀ ਹੈ? ਕੀ ਸਮਾਜ ਕੁੜੀ ਨੂੰ ਉਸਦੇ ਹਿੱਸੇ ਦੀ ਦੁਨੀਆ ਨਹੀਂ ਦੇ ਸਕਦਾ ਜਿੱਥੇ ਉਹ ਬਿਨਾਂ ਰੋਕ-ਟੋਕ ਅਤੇ ਬੰਦਿਸ਼ਾਂ ਦੇ ਇੱਕ ਅਜ਼ਾਦ ਜ਼ਿੰਦਗੀ ਜੀਅ ਸਕੇ?
ਗੁਰਦਾਸ ਮਾਨ ਦਾ ਸਾਲ 2017 ਚ ਰਲੀਜ਼ ਹੋਇਆ ਗੀਤ ਪੰਜਾਬ ਅਤੇ ਇਸ ਦੀ ਵੀਡੀਓ, ਦੋਨੋਂ ਹੀ ਚੀਜ਼ਾਂ ਬਹੁਤ ਇਤਰਾਜ਼ਯੋਗ ਹਨ। ਇਸ ਗੀਤ ਦੀ ਵੀਡੀਓ ਵਿੱਚ ਮਾਨ ਸਾਹਿਬ ਕਥਾਵਾਚਕ ਦੀ ਭੂਮਿਕਾ ਵਿੱਚ ਹਨ ਅਤੇ ਪੰਜਾਬ ਦੇ ਅੱਜ ਚੋਂ ਬੀਤੇ ਕੱਲ ਚ, ਤੇ ਉੱਥੋਂ ਭਗਤ ਸਿੰਘ ਨੂੰ ਨਾਲ ਲੈ ਕੇ ਫਿਰ ਅੱਜ ਵਿੱਚ ਟਾਈਮ ਟ੍ਰੈਵਲ (Time travel) ਕਰਦੇ ਨਜ਼ਰ ਆਉਂਦੇ ਹਨ ਅਤੇ ਭਗਤ ਸਿੰਘ ਤੋਂ ਵਾਇਦਾ ਲੈਂਦੇ ਹਨ ਕਿ ਉਹ ਪੰਜਾਬ ਦੀ ਮੌਜੂਦਾ ਸਥਿਤੀ ਦੇਖ ਕੇ ਆਪਣਾ ਫਾਂਸੀ ਚੜਣ ਦਾ ਫੈਸਲਾ ਬਦਲੇਗਾ ਨਹੀਂ। ਆਪਣੀ ਅੱਜ ਤੱਕ ਦੀ ਜ਼ਿੰਦਗੀ ਚ ਮੈਂ ਜਿੰਨਾ ਭਗਤ ਸਿੰਘ ਨੂੰ ਜਾਂ ਫਿਰ ਭਗਤ ਸਿੰਘ ਬਾਰੇ ਪੜ੍ਹਿਆ ਅਤੇ ਜਾਣਿਆ ਹੈ, ਉਸਤੋਂ ਮੈਂ ਇਹ ਗੱਲ ਸਹਿਜੇ ਹੀ ਕਹਿ ਸਕਦੀ ਹਾਂ ਕਿ ਅੱਜ ਪੂੰਜੀਵਾਦ ਨੇ ਸਾਡੇ ਦੇਸ਼ ਅਤੇ ਪੰਜਾਬ ਦੀ ਜੋ ਸਥਿਤੀ ਬਣਾ ਦਿੱਤੀ ਹੈ ਉਸਦਾ ਅੰਦੇਸ਼ਾ ਭਗਤ ਸਿੰਘ ਨੂੰ ਬਾ-ਖੂਬੀ ਸੀ। ਸ਼ਾਇਦ ਇਸੇ ਲਈ ਭਗਤ ਸਿੰਘ ਨੇ ਕਿਹਾ ਸੀ ਕਿ ਮੇਰੀ ਲੜਾਈ ਸਿਰਫ ਅੰਗਰੇਜਾਂ ਨੂੰ ਦੇਸ਼ ਚੋਂ ਬਾਹਰ ਕੱਢਣ ਤੱਕ ਸੀਮਿਤ ਨਹੀਂ ਬਲਕਿ ਮੇਰੀ ਲੜਾਈ ਉਦੋਂ ਤੱਕ ਜ਼ਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ। ਦੂਜੀ ਗੱਲ ਸਕੂਲ  ਚ ਪੜਦਿਆਂ ਜਦੋਂ ਵੀ ਭਗਤ ਸਿੰਘ ਤੇ ਲੇਖ ਲਿਖਦੇ ਸੀ ਤਾਂ ਸਾਨੂੰ ਹਮੇਸ਼ਾਂ ਇਹ ਗੱਲ ਦੱਸੀ ਗਈ ਕਿ ਇੱਕ ਵਾਰੀ ਭਗਤ ਸਿੰਘ ਛੋਟਾ ਹੁੰਦਾ ਆਪਣੇ ਪਿਤਾ ਨਾਲ ਖੇਤਾਂ  ਚ ਗਿਆ ਅਤੇ ਖੇਡਦੇ ਖੇਡਦੇ ਛਟੀਆਂ ਮਿੱਟੀ  ਚ ਗੱਡਣ ਲੱਗਾ। ਜਦੋਂ ਭਗਤ ਸਿੰਘ ਦੇ ਪਿਤਾ ਨੇ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ ਤਾਂ ਭਗਤ ਸਿੰਘ ਨੇ ਜਵਾਬ ਦਿੱਤਾ ਕਿ ਬੰਦੂਕਾਂ ਬੀਜ ਰਿਹਾ ਹਾਂ, ਵੱਡਾ ਹੋਕੇ ਇਹਨਾਂ ਨਾਲ ਅੰਗਰੇਜਾਂ ਨੂੰ ਮਾਰ ਭਜਾਊਂਗਾ ਦੇਸ਼ ਚੋਂ . ਫਾਂਸੀ  ਤੇ ਚੜਣਾ ਭਗਤ ਸਿੰਘ ਦਾ ਟੀਚਾ ਨਹੀਂ ਸੀ ਬਲਕਿ ਫਾਂਸੀ ਦੀ ਸਜ਼ਾ ਤਾਂ ਉਸਦੀ ਲੜਾਈ ਦੇ ਰਸਤੇ ਦੀ ਇੱਕ ਰੁਕਾਵਟ ਸੀ ਜਿਸਤੋਂ ਭਗਤ ਸਿੰਘ ਡਰ ਕੇ ਭਜਿਆ ਨਹੀਂ ਅਤੇ ਕੁਰਬਾਨ ਹੋ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ  ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵ ਵਰਗੇ ਗੀਤ ਨਾਲ ਪ੍ਰਸਿੱਧੀ ਪਾਉਣ ਵਾਲੇ ਮਾਨ ਸਾਹਿਬ ਆਪਣੇ ਗੀਤ  ਪੰਜਾਬ ਵਿੱਚ ਸ਼ਰਾਬ ਪੀ ਰਹੀਆਂ ਔਰਤਾਂ ਨੂੰ ਨਿੰਦ ਰਹੇ ਹਨ ਤੇ ਸਿਗਰਟਾਂ ਨਾਲ ਛਾਤੀਆਂ ਦਾ ਦੁੱਧ ਸੁੱਕਣ ਦੀ ਗੱਲ ਕਰਦੇ ਹਨ। ਅਜਿਹੀ ਕਿਹੜੀ ਸ਼ਰਾਬ ਹੈ ਜੋ ਮਰਦਾਂ ਲਈ ਤਾਂ ਬਹੁਤ ਮਹਾਨ ਹੈ ਪਰ ਔਰਤਾਂ ਲਈ ਮਾੜੀ? ਜੇ ਕੋਈ ਕਹੇ ਕਿ ਸ਼ਰਾਬ ਸਿਗਰੇਟ ਸਿਹਤ ਲਈ ਮਾੜੀਆਂ ਚੀਜ਼ਾਂ ਨੇ, ਇਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਗੱਲ ਦਾ ਤਰਕ ਸਮਝ ਆਉਂਦਾ ਹੈ। ਪਰ ਜਦੋਂ ਇਹ ਸਿਰਫ਼ ਔਰਤਾਂ ਲਈ ਮਾੜੀਆਂ ਕਰਾਰ ਦਿੱਤੀਆਂ ਜਾਂਦੀਆਂ ਨੇ ਤਾਂ ਇਸ ਗੱਲ ਪਿਛਲੀ ਪਿਤ੍ਰਸਤਾਤਮਿਕ ਸੋਚ ਸਾਫ ਝਲਕਦੀ ਹੈ, ਜਿਸਦਾ ਮੈਂ ਵਿਰੋਧ ਕਰਦੀ ਹਾਂ ਤੇ ਹਰ ਤਰੱਕੀ ਤੇ ਜਮਹੂਰੀਅਤ ਪਸੰਦ ਇਨਸਾਨ  ਦੁਆਰਾ ਇਸਦਾ ਵਿਰੋਧ ਕਰਨਾ ਬਣਦਾ ਵੀ ਹੈ। ਇੱਕ ਗੱਲ ਹੋਰ, ਬੇਸ਼ੱਕ ਇਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਪਰ ਉਸਨੂੰ ਪਾਲਣਾ ਸਿਰਫ ਇੱਕ ਔਰਤ ਦਾ ਕੰਮ ਨਹੀਂ ਬਲਕਿ ਸਾਂਝੀ ਜ਼ਿੰਮੇਵਾਰੀ ਹੈ। ਫਿਰ ਗ਼ਲਤ ਪਾਲਣ-ਪੋਸ਼ਣ ਦਾ ਭਾਂਡਾ ਸਿਰਫ਼ ਔਰਤ ਦੇ ਸਿਰ ਤੇ ਕਿਉਂ ਭੰਨਿਆ ਗਿਆ/ਜਾਂਦਾ ਹੈ?
ਆਖਿਰ  ਚ ਮੈਂ ਇਹੀ ਕਹਿਣਾ ਚਾਉਂਦੀ ਹਾਂ ਕਿ ਬੇਸ਼ੱਕ ਗੁਰਦਾਸ ਮਾਨ ਜੀ ਦੀ ਆਵਾਜ਼ ਅਤੇ ਸੁਰ ਸੋਹਣੇ ਨੇ। ਪਰ ਕੋਈ ਵੀ ਕਲਾਕਾਰ ਲੋਕਾਂ ਲਈ ਸਟਾਰ ਉਦੋਂ ਬਣਦਾ ਹੈ ਜਦੋਂ ਉਹ ਉਹਨਾਂ ਲੋਕਾਂ ਦੇ ਹੱਕ ਦੀ ਜਾਂ ਉਹਨਾਂ ਦੇ ਵੱਲ ਦੀ ਗੱਲ ਕਰੇ। ਇੱਕ ਕੁੜੀ ਹੋਣ ਨਾਤੇ ਮੇਰੇ ਲਈ ਉਹਨਾਂ ਨੂੰ ਪੰਜਾਬ ਦਾ ਮਾਣ ਮੰਨ ਸਕਣਾ ਸੰਭਵ ਨਹੀਂ ਕਿਉਂਕਿ ਮੈਂ ਇੱਕ ਅਗਾਂਹਵਧੂ ਤੇ ਔਰਤਾਂ ਦੀ ਤਰੱਕੀ ਪਸੰਦ ਕਰਨ ਵਾਲੇ ਪੰਜਾਬ ਚ ਵਿਸ਼ਵਾਸ ਰੱਖਦੀ ਹਾਂ।

7837670991

Real Estate