ਭੀੜ ਹੱਤਿਆਵਾਂ ਖਿਲਾਫ ਮੋਦੀ ਨੂੰ ਖ਼ਤ ਲਿਖਣ ਵਾਲਿਆਂ ਖਿਲਾਫ ਦਰਜ ਕੇਸ ਬੰਦ ਕਰਨ ਦੇ ਹੁਕਮ

882

ਬਿਹਾਰ ਪੁਲਿਸ ਨੇ ਬੁੱਧਵਾਰ ਨੂੰ ਆਦੇਸ਼ ਦਿੱਤੇ ਹਨ ਕਿ ਉਹ ਉਨ੍ਹਾਂ 49 ਉੱਘੀਆਂ ਸ਼ਖਸੀਅਤਾਂ ਅਤੇ ਬੁੱਧੀਜੀਵੀਆਂ ਖ਼ਿਲਾਫ਼ ਦੇਸ਼ਧ੍ਰੋਹ ਦੇ ਕੇਸ ਨੂੰ ਬੰਦ ਕਰਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੀੜ-ਹਿੰਸਾ ਰੋਕਣ ਲਈ ਦਖਲ ਦੇਣ ਦੀ ਮੰਗ ਕੀਤੀ ਸੀ। ਮੁਜ਼ੱਫਰਪੁਰ ਦੇ ਐਸਐਸਪੀ ਮਨੋਜ ਕੁਮਾਰ ਸਿਨਹਾ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਾਇਆ ਕਿ ਉਨ੍ਹਾਂ ਉਪਰ ਲਗਾਏ ਗਏ ਦੋਸ਼ ਗਲਤ ਇਰਾਦੇ ਤੋਂ ਹਨ ਤੇ ਸਬੂਤਾਂ ਦੀ ਘਾਟ ਹੈ, ਜਿਸ ਤੋਂ ਬਾਅਦ ਇਸ ਕੇਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਹ ਕੇਸ ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਸੂਰਿਆਕਾਂਤ ਤਿਵਾੜੀ ਦੇ ਆਦੇਸ਼ ਤੋਂ ਬਾਅਦ ਦੋ ਮਹੀਨੇ ਪਹਿਲਾਂ ਸਥਾਨਕ ਵਕੀਲ ਸੁਧੀਰ ਕੁਮਾਰ ਓਝਾ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ’ਤੇ ਦਰਜ ਕੀਤਾ ਗਿਆ ਸੀ। ਓਝਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਟੀਸ਼ਨ ਸੀਜੇਐਮ ਨੇ 20 ਅਗਸਤ ਨੂੰ ਸਵੀਕਾਰ ਕਰ ਲਈ ਸੀ। ਇਸ ਤੋਂ ਬਾਅਦ ਮੁਜ਼ੱਫਰਪੁਰ ਦੇ ਸਦਰ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ।ਐਸਐਸਪੀ ਮਨੋਜ ਕੁਮਾਰ ਨੇ ਫਿਲਮੀ ਸ਼ਖਸੀਅਤਾਂ ਖਿਲਾਫ ਮੁਕੱਦਮਾ ਕਰਨ ਦੇ ਸਬੂਤ ਨਾ ਮਿਲਣ ਕਾਰਨ ਸ਼ਿਕਾਇਤਕਰਤਾ ਐਡਵੋਕੇਟ ਸੁਧੀਰ ਓਝਾ ’ਤੇ ਕੇਸ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਐਸਐਸਪੀ ਦੇ ਅਨੁਸਾਰ ਸ਼ਿਕਾਇਤਕਰਤਾ ਪੁੱਛਗਿੱਛ ਦੌਰਾਨ ਆਪਣੇ ਕੇਸ ਦੇ ਹੱਕ ਚ ਕੋਈ ਠੋਸ ਸਬੂਤ ਨਹੀਂ ਦੇ ਸਕਿਆ। ਝੂਠਾ ਕੇਸ ਦਰਜ ਕਰਾਉਣ ਲਈ ਆਈਪੀਸੀ ਦੀ ਧਾਰਾ 182/211 ਅਧੀਨ ਕੇਸ ਦਰਜ ਕੀਤਾ ਜਾਵੇਗਾ। ਆਈਓ ਹਰੇਰਾਮ ਪਾਸਵਾਨ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤੇ ਅਦਾਲਤ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਹੈ।

Real Estate