ਅੱਜ ਤੋਂ ਖੁੱਲ੍ਹ ਜਾਵੇਗੀ ਕਸ਼ਮੀਰ ਵਾਦੀ

1281

ਅੱਜ ਵੀਰਵਾਰ ਤੋਂ ਸੈਲਾਨੀਆਂ (ਟੂਰਿਸਟਸ) ਲਈ ਜੰਮੂ–ਕਸ਼ਮੀਰ ਖੋਲ੍ਹਿਆਂ ਜਾ ਰਿਹਾ ਹੈ। 5 ਅਗਸਤ ਨੂੰ ਜਦੋਂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰ ਦਿੱਤੀ ਗਈ ਸੀ, ਉਸ ਦਿਨ ਤੋਂ ਹੀ ਸੈਲਾਨੀਆਂ ਦੀ ਆਵਾਜਾਈ ਕਸ਼ਮੀਰ ਵਾਦੀ ਵਿੱਚ ਪੂਰੀ ਤਰ੍ਹਾਂ ਬੰਦ ਸੀ। ਉਦੋਂ ਸੈਲਾਨੀਆਂ ਨੂੰ ਇੱਥੋਂ ਚਲੇ ਜਾਣ ਲਈ ਆਖ ਦਿੱਤਾ ਗਿਆ ਸੀ। ਕਸ਼ਮੀਰ ’ਚ ਸੈਲਾਨੀਆਂ ਦੀ ਆਵਾਜਾਈ ਉੱਤੇ ਲੱਗੀਆਂ ਰੋਕਾਂ ਹਟਾਉਣ ਦਾ ਐਲਾਨ ਰਾਜਪਾਲ ਸੱਤਿਆ ਪਾਲ ਮਲਿਕ ਨੇ ਸੋਮਵਾਰ ਨੂੰ ਕੀਤਾ ਸੀ।
ਕੇਂਦਰ ਸਰਕਾਰ ਨੇ ਬੀਤੀ 2 ਅਗਸਤ ਨੂੰ ਪਹਿਲਾਂ ਅਮਰਨਾਥ ਯਾਤਰਾ ਰੱਦ ਕਰਵਾਈ ਸੀ ਤੇ ਸਾਰੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਵਾਦੀ ਵਿੱਚ ਆਪਣੇ ਠਹਿਰਾਅ ਦੇ ਸਮੇਂ ਵਿੱਚ ਕਟੌਤੀ ਕਰਨ ਲਈ ਆਖਿਆ ਗਿਆ ਸੀ। ਇਸੇ ਕਾਰਨ ਉਨ੍ਹਾਂ ਨੂੰ ਤੁਰੰਤ ਵਾਦੀ ਛੱਡ ਕੇ ਚਲੇ ਜਾਣ ਲਈ ਆਖ ਦਿੱਤਾ ਗਿਆ ਸੀ। ਉਸ ਦੇ ਤਿੰਨ ਕੁ ਦਿਨਾਂ ਪਿੱਛੋਂ ਫਿਰ ਧਾਰਾ–370 ਖ਼ਤਮ ਕਰ ਦਿੱਤੀ ਗਈ ਸੀ।
5 ਅਗਸਤ ਨੂੰ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ–370 ਦੇ ਖ਼ਾਤਮੇ ਦਾ ਐਲਾਨ ਕੀਤਾ ਸੀ ਤੇ ਜੰਮੂ–ਕਸ਼ਮੀਰ ਨੂੰ ਦੋ ਭਾਗਾਂ ਵਿੱਚ ਵੰਡ ਕੇ ਉਨ੍ਹਾਂ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ਅਤੇ ਲੱਦਾਖ ਬਣਾਉਣ ਦਾ ਐਲਾਨ ਕੀਤਾ ਸੀ। ਇਹ ਦੋਵੇਂ ਆਉਂਦੀ 31 ਅਕਤੂਬਰ ਤੋਂ ਹੋਂਦ ਵਿੱਚ ਆ ਜਾਣਗੇ।
ਪ੍ਰਸ਼ਾਸਨ ਨੇ ਕਸ਼ਮੀਰ ਵਾਦੀ ਵਿੱਚ ਆਉਂਦੀ 24 ਅਕਤੂਬਰ ਨੂੰ ਬਲਾਕ ਵਿਕਾਸ ਕੌਂਸਲ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਵੀ ਕੀਤਾ ਹੋਇਆ ਹੈ।

Real Estate