ਅਧਿਆਪਕ , ਪੁਲਿਸ ਮੁਲਾਜਮਾਂ ਦੀ ਤਨਖਾਹ ਵੀ ਮਾਪਿਆਂ ਨੂੰ ਨਿਊਜ਼ੀਲੈਂਡ ਪੱਕਿਆਂ ਬੁਲਾਉਣ ਦੇ ਯੋਗ ਨਹੀਂ

1050

ਔਕਲੈਂਡ 9 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਪੁਲਿਸ ਦੇ ਵਿਚ ਭਰਤੀ ਹੋ ਕੇ ਲੋਕ ਜਿੱਥੇ ਆਪਣੇ ਆਪ ਨੂੰ ਸੁਰੱਖਿਅਤ ਰੱਖਦੇ ਹਨ ਉਥੇ ਲੋਕਾਂ ਦੀ ਸੁਰੱਖਿਆ ਵੀ ਉਨ੍ਹਾਂ ਦੀ ਨੌਕਰੀ ਦਾ ਇਕ ਅਹਿਮ ਹਿੱਸਾ ਹੁੰਦਾ ਹੈ। ਅਪਰਾਧ ਨਾਲ ਨਿਪਟਣ ਵਾਲੀ ਇਸ ਨੌਕਰੀ ਦੇ ਵਿਚ ਪਰਿਵਾਰ ਦਾ ਇਕ ਵੱਡਾ ਸਾਥ ਹੁੰਦਾ ਹੈ ਜਦੋਂ ਉਹ ਡਿਊਟੀ ਉਪਰੰਤ ਆਪਣੇ ਪਰਿਵਾਰ ਦੇ ਵਿਚ ਬੈਠਦੇ ਹਨ। ਪ੍ਰਵਾਸੀ ਲੋਕਾਂ ਲਈ ਜੇਕਰ ਅਜਿਹੀ ਨੌਕਰੀ ਦੌਰਾਨ ਪਰਿਵਾਰ ਇਕੱਠਾ ਕਰਨਾ ਹੀ ਮੁਸ਼ਕਿਲ ਹੈ ਤਾਂ ਇਹ ਨੌਕਰੀ ਉਚ ਦਰਜੇ ਦੀ ਨਾ ਹੋ ਕੇ ਬੌਣੀ ਨਜ਼ਰ ਆਵੇਗੀ। ਅਜਿਹਾ ਦੋ ਪੁਲਿਸ ਅਫਸਰਾਂ ਨੇ ਮਹਿਸੂਸ ਕੀਤਾ ਹੈ। ਡੁਨੀਡਨ ਤੋਂ ਇਕ ਬ੍ਰਿਟੇਨ ਮੂਲ ਦਾ ਪੁਲਿਸ ਅਫਸਰ ਜੋ 10 ਸਾਲ ਤੋਂ ਇਥੇ ਪੁਲਿਸ ਦੇ ਵਿਚ ਭਰਤੀ ਹੋਇਆ ਹੈ, ਨੇ ਅੱਜ ਮੀਡੀਆ ਨੂੰ ਰੋਸ ਜਿਤਾਉਂਦਿਆਂ ਦੱਸਿਆ ਕਿ ਉਹ ਤਾਂ ਸੋਚ ਰਿਹਾ ਹੈ ਕਿ ਪੁਲਿਸ ਦੀ ਨੌਕਰੀ ਹੀ ਛੱਡ ਦੇਵੇ ਅਤੇ ਵਾਪਿਸ ਇੰਗਲੈਂਡ ਚਲਿਆ ਜਾਵੇ।
ਇਸੀ ਤਰ੍ਹਾਂ ਔਕਲੈਂਡ ਤੋਂ ਇਕ ਪੁਲਿਸ ਅਫਸਰ ਅਮਨ ਸਿੰਘ ਨੇ ਇਸ ਪੱਤਰਕਾਰ ਨੂੰ ਫੋਨ ਕਰਕੇ ਦੱਸਿਆ ਕਿ ”ਉਹ ਵੀ ਡੁਨੀਡਨ ਵਾਲੇ ਪੁਲਿਸ ਅਫਸਰ ਦੀ ਤਰ੍ਹਾਂ ਸੋਚ ਰਿਹਾ ਹੈ। ਜੇਕਰ ਇਥੇ ਐਨੀ ਮਿਹਨਤ ਕਰਕੇ ਅਤੇ ਸਰਕਾਰ ਦੀ ਨਿਰਧਾਰਤ ਤਨਖਾਹ ਐਨੀ ਯੋਗ ਨਹੀਂ ਹੈ ਕਿ ਉਹ ਆਪਣੇ ਮਾਪਿਆਂ ਨੂੰ ਇਥੇ ਬੁਲਾ ਸਕਣ ਤਾਂ ਅਜਿਹੀ ਨੌਕਰੀ ਦਾ ਕੀ ਫਾਇਦਾ। ਇਸਦੇ ਲਈ ਤਾਂ ਕੋਈ ਬਿਜ਼ਨਸ ਕਰਨਾ ਚਾਹੀਦਾ ਹੈ ਜਿੱਥੇ ਆਮਦਨ ਨੂੰ ਵਧਾਇਆ ਜਾ ਸਕੇ। ਨੌਕਰੀ ਦੇ ਵਿਚ ਤਾਂ ਤਨਖਾਹ ਦਾ ਦੁੱਗਣਾ ਹੋਣਾ ਅਸੰਭਵ ਹੈ ਅਤੇ ਸਰਕਾਰ ਨੇ ਜਿਹੜਾ ਫਾਰਮੂਲਾ ਲਾਇਆ ਹੈ ਉਸਦੇ ਹਿਸਾਬ ਨਾਲ ਜਿੰਨੇ ਵਿਅਕਤੀ ਸਪਾਂਸਰ ਕਰਨੇ ਹੋਣਗੇ ਓਨੀ ਹੀ ਔਸਤਨ ਤਨਖਾਹ ਉਨ੍ਹਾਂ ਦੇ ਲਈ ਵੀ ਤਿਆਰ ਕਰਨੀ ਹੋਏਗੀ।”
ਰਾਸ਼ਟਰੀ ਖਬਰਾਂ ਵੇਖੀਏ ਤਾਂ ਸਾਹਮਣੇ ਆ ਰਾਹ ਹੈ ਕਿ ਇਸ ਵੇਲੇ ਜੋ ਮਾਪਿਆਂ ਦੀ ਉਡੀਕ ਸੂਚੀ ਹੈ ਉਸਦੇ ਦੇ ਵਿਚ 85% ਅਰਜ਼ੀਆਂ ਇਸ ਤਨਖਾਹ ਵਾਲੇ ਦਾਇਰੇ ਵਿਚ ਆਉਂਦੀਆਂ ਹੀ ਨਹੀਂ ਹਨ। ਅਧਿਆਪਕ ਵਰਗ ਵੀ ਇਸ ਨਵੇਂ ਮਾਪਦੰਢਾਂ ਦੇ ਵਿਚ ਨਹੀਂ ਆਉਂਦਾ ਅਤੇ ਉਹ ਵੀ ਆਪਣੇ ਮਾਪਿਆਂ ਨੂੰ ਇਥੇ ਬੁਲਾਉਣ ਦੇ ਯੋਗ ਨਹੀਂ ਹਨ। ਇਕ ਭਾਰਤੀ ਮਹਿਲਾ ਜੋ ਕਿ ਫੀਜੀਓ ਹੈ ਨੇ ਵੀ ਆਪਣਾ ਬਿਆਨ ਦਿੱਤਾ ਹੈ ਕਿ ਉਹ ਵੀ ਨਿਰਧਾਰਤ ਪੈਸੇ ਨਹੀਂ ਕਮਾ ਸਕਦੀ ਅਤੇ ਆਪਣੇ ਮਾਪੇ ਇਥੇ ਨਹੀਂ ਬੁਲਾ ਸਕਦੀ। ਇਸ ਵੇਲੇ ਸਰਕਾਰ ਦੇ ਕੋਲ 5900 ਕੇਸ ਪਏ ਹਨ ਜਿਨ੍ਹਾਂ ਦੇ ਵਿਚ 9850 ਲੋਕਾਂ ਦੇ ਇਥੇ ਆਉਣ ਲਈ ਅਰਜ਼ੀ ਲੱਗੀ ਹੋਈ ਹੈ ਅਤੇ ਨੈਸ਼ਨਲ ਸਰਕਾਰ ਨੇ ਇਸ ਨੂੰ ਆਰਜ਼ੀ ਤੌਰ ‘ਤੇ ਬੰਦ ਕੀਤਾ ਸੀ।

Real Estate