ਅਕਾਲ ਤਖਤ ਜਥੇਦਾਰ ਨੇ ਦਿੱਲੀ ਕਮੇਟੀ ਦੇ ਨਗਰ ਕੀਰਤਨ ਤੇ ਲਗਾਈ ਰੋਕ

775

ਸੋਨੇ ਦੀ ਪਾਲਕੀ ਦਾ ਕੰਮ ਰੋਕ ਕੇ ਹਿਸਾਬ ਦੇਣ ਲਈ ਵੀ ਕਿਹਾ

ਅੰਮ੍ਰਿਤਸਰ 10 ਅਕਤੂਬਰ (ਜਸਬੀਰ ਸਿੰਘ ਪੱਟੀ) ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਮਾਨਮੱਤੀ ਸੰਸਥਾ ਹੈ ਅਤੇ ਕੁਝ ਸਮਾਂ ਪਹਿਲਾਂ ਦਿੱਲੀ ਦੀ ਇਕ ਸਿਆਸੀ ਪਾਰਟੀ ਵੱਲੋਂ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਲੈ ਜਾਣ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਉਸ ਤੋਂ ਕੁਝ ਸਮੇਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਵਿਖੇ ਲੈ ਕੇ ਜਾਣ ਦਾ ਐਲਾਨ ਕਰ ਦਿੱਤਾ ਗਿਆ।ਜਿਸ ਨਾਲ ਦਿੱਲੀ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਦੁਬਿਧਾ ਪੈਦਾ ਹੋ ਗਈ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਲਿਖਤੀ ਅਤੇ ਫੋਨ ਰਾਹੀਂ ਮਨਸ਼ਾ ਜਾਹਰ ਕੀਤੀ ਹੈ ਕਿ ਦਿੱਲੀ ਤੋਂ ਕੇਵਲ ਇੱਕ ਹੀ ਨਗਰ ਕੀਰਤਨ ਪੂਰੇ ਖਾਲਸਾਈ ਜਾਹੋ-ਜਲਾਲ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਵੇ।
ਉਹਨਾਂ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਵੀ ਕੇਵਲ ਇਕ ਹੀ ਨਗਰ ਕੀਰਤਨ ਨੂੰ ਪ੍ਰਵਾਨਗੀ ਮਿਲੀ ਹੈ।ਭਾਵੇਂ ਕਿ ਪਾਕਿਸਤਾਨ ਸਰਕਾਰ ਵੱਲੋਂ ਇਕ ਜਾਂ ਦੋ ਨਹੀਂ ਸਗੋਂ ਕਈ ਸਿੱਖ ਸੰਸਥਾਵਾਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਲਿਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਸੀ ਕਿਉਂਕਿ ਸਿੱਖਾਂ ਦੀ ਹਰ ਸੰਸਥਾ ਇਤਿਹਾਸਕ ਅਸਥਾਨਾਂ ਅਤੇ ਤਖ਼ਤ ਸਾਹਿਬਾਨਾਂ ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਦੇ ਰੂਪ ਵਿੱਚ ਜਾਣਾ ਲੋਚਦੀ ਹੈ।ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਅਤੇ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਪ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਅਕਤੂਬਰ 2019 ਨੂੰ ਆਰੰਭ ਕੀਤਾ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਮੁਲਤਵੀ ਕੀਤਾ ਜਾਵੇ ਅਤੇ ਪੂਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਨਗਰ ਕੀਰਤਨ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇ।ਦਿੱਲੀ ਵਿਖੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਧਾਰਮਿਕ ਪ੍ਰੋਗਰਾਮ ਉਲੀਕਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਰਜ਼ ਅਤੇ ਜਿੰਮੇਵਾਰੀ ਵੀ ਹੈ।ਫਿਲਹਾਲ ਗੁਰਦੁਆਰਾ ਸ੍ਰੀ ਨਾਨਕ ਪਿਆਓ ਸਾਹਿਬ ਤੋਂ 28 ਅਕਤੂਬਰ 2019 ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਪਿਆਰੇ ਸਾਹਿਬਾਨ ਅਤੇ ਸ਼ਾਮਿਲ ਸੰਗਤ ਦਾ ਵੱਧ ਤੋਂ ਵੱਧ ਸਨਮਾਨ ਤੇ ਸਵਾਗਤ ਕੀਤਾ ਜਾਵੇ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਸੰਗਤਾਂ ਵੱਲੋਂ ਦਿੱਤੀ ਮਾਇਆ ਅਤੇ (ਸੋਨੇ) ਆਦਿ ਦੀ ਸੇਵਾ ਨਾਲ ਪਾਕਿਸਤਾਨ ਵਿਖੇ ਸੋਨੇ ਦੀ ਪਾਲਕੀ ਤਿਆਰ ਕਰਵਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸਸ਼ੋਭਿਤ ਕਰਨ ਦਾ ਐਲਾਨ ਕੀਤਾ ਸੀ।ਉਸ ਵਿੱਚ ਸਿੱਖ ਸੰਗਤਾਂ ਨੇ ਆਪਣੀ ਸ਼ਰਧਾ ਮੁਤਾਬਕ ਇਸ ਕਾਰਜ ਲਈ ਮਾਇਆ ਤੇ ਸੋਨਾ ਭੇਟ ਕੀਤਾ, ਪਰ ਪਤਾ ਲੱਗਾ ਹੈ ਕਿ ਸੋਨੇ ਦੀ ਪਾਲਕੀ ਵੀ ਸਰਕਾਰਾਂ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲਿਜਾਈ ਜਾ ਸਕਦੀ।ਕੁਝ ਸਾਲ ਪਹਿਲਾਂ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸੋਨੇ ਦੀ ਪਾਲਕੀ ਸ੍ਰੀ ਨਨਕਾਣਾ ਸਾਹਿਬ ਵਿਖੇ ਭੇਜੀ ਗਈ ਸੀ ਜੋ ਅਜੇ ਤੱਕ ਵੀ ਵਰਤੋਂ ਵਿਚ ਨਹੀਂ ਆਈ ਤੇ ਕੰਪਲੈਕਸ ਵਿੱਚ ਪਈ ਹੈ।ਜਿਸ ਨੂੰ ਕਈ ਭੋਲੇ-ਭਾਲੇ ਸਿੱਖ ਮੱਥਾ ਟੇਕ ਕੇ ਮਨਮੱਤ ਕਰਦੇ ਹਨ।ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਪਾਲਕੀਆਂ ਦੀ ਬਜਾਏ ਵੱਧ ਤੋਂ ਵੱਧ ਮਾਇਆ ਪਾਕਿਸਤਾਨ ਵਿੱਚ ਰਹਿਣ ਵਾਲੇ ਗੁਰੂ ਨਾਨਕ ਨਾਮ ਲੇਵਾ ਲੋੜਵੰਦ ਸਿੱਖ ਬੱਚਿਆਂ ਦੀ ਪੜਾਈ ਲਈ ਖਰਚ ਕਰਦੇ ਜਿਸ ਨਾਲ ਕੌਮੀ ਲਾਭ ਹੁੰਦਾ।ਇਸ ਲਈ ਸੋਨੇ ਦੀ ਪਾਲਕੀ ਬਣਾਉਣ ਦਾ ਕਾਰਜ ਤੁਰੰਤ ਰੋਕਿਆ ਜਾਵੇ ਅਤੇ ਇਸ ਸੇਵਾ ਲਈ ਗੁਰਦੁਆਰਾ ਸਾਹਿਬ ਵਿਚ ਰੱਖੀਆਂ ਹੋਈਆਂ ਗੋਲਕਾਂ ਤੁਰੰਤ ਚੁਕਾਈਆਂ ਜਾਣ ਅਤੇ ਹੁਣ ਤੱਕ ਪਾਲਕੀ ਉੱਪਰ ਕਿੰਨਾ ਪੈਸਾ, ਕਿੰਨਾ ਸੋਨਾ ਸੰਗਤ ਵੱਲੋਂ ਆਇਆ ਹੈ ਅਤੇ ਕਿੰਨਾ ਖਰਚ ਹੋਇਆ ਹੈ, ਉਸ ਦੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ ਅਤੇ ਸਿੱਖ ਸੰਗਤ ਨੂੰ ਜਾਣਕਾਰੀ ਦੇਣ ਲਈ ਫਲੈਕਸ ਬੋਰਡ ਥਾਂ ਥਾਂ ‘ਤੇ ਲਗਾ ਕੇ ਵੇਰਵਾ ਦਿੱਤਾ ਜਾਵੇ।ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਪਾਲਕੀ ਸਾਹਿਬ ਸਸ਼ੋਭਿਤ ਕਰਨ ਦਾ ਫੈਸਲਾ ਸਿੱਖ ਚਿੰਤਕਾਂ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਦੀ ਰਾਏ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਵਾਲੇ ਸਮੇਂ ਅੰਦਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਲਿਆ ਜਾਵੇਗਾ।

Real Estate