ਮੋਹਨ ਭਾਗਵਤ ਦਾ ਕਹਿਣਾ “ਲਿੰਚਿੰਗ” ਸ਼ਬਦ ਭਾਰਤ ‘ਤੇ ਥੋਪਿਆ ਗਿਆ ਹੈ

970

ਰਾਜਸਥਾਨ ‘ਚ ਜਬਰਨ ਜੈ ਸ਼੍ਰੀਰਾਮ ਦੇ ‘ਨਾਅਰੇ ਲਗਾਉਣ ਨੂੰ ਕਿਹਾ ਗਿਆ

ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਨਾਗਪੁਰ ‘ਚ ਦੁਸ਼ਹਿਰੇ ਮੌਕੇ ਭਾਸ਼ਣ ‘ਚ ਕਸ਼ਮੀਰ ਮੁੱਦੇ ਉੱਤੇ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ ਅਤੇ ਮੌਬ ਲਿੰਚਿੰਗ ਬਾਰੇ ਆਪਣੇ ਵਿਚਾਰ ਰੱਖੇ।ਉਨ੍ਹਾਂ ਨੇ ਕਿਹਾ, “ਇੱਕ ਸਾਜਿਸ਼ ਚੱਲ ਰਹੀ ਹੈ। ਸਾਡੇ ਸੰਵਿਧਾਨ ਵਿੱਚ ਅਜਿਹਾ ਸ਼ਬਦ ਨਹੀਂ ਹੈ, ਅੱਜ ਵੀ ਨਹੀਂ ਹੈ, ਇੱਥੇ ਅਜਿਹਾ ਕੁਝ ਹੋਇਆ ਹੀ ਨਹੀਂ। ਜਿਨ੍ਹਾਂ ਦੇਸਾਂ ਵਿੱਚ ਹੋਇਆ ਹੈ, ਉੱਥੇ ਉਨ੍ਹਾਂ ਲਈ ਇਹ ਸ਼ਬਦ ਹੈ। ਜਿਵੇਂ ਇੱਕ ਸ਼ਬਦ ਚੱਲਿਆ ਪਿਛਲੇ ਸਾਲ-ਲਿੰਚਿੰਗ। ਇਹ ਸ਼ਬਦ ਆਇਆ ਕਿੱਥੋਂ?””ਸਾਡੇ ਇੱਥੇ ਅਜਿਹਾ ਹੋਇਆ ਨਹੀਂ, ਇਹ ਛੋਟੇ-ਮੋਟੇ ਗਰੁੱਪਾਂ ਦੀਆਂ ਘਟਨਾਵਾਂ ਹਨ ਜਿਨ੍ਹਾਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”“ਸਾਡੇ ਦੇਸ ਦੀ ਪਰੰਪਰਾ ਉਦਾਰਤਾ ਦੀ ਹੈ, ਭਾਈਚਾਰੇ ਦੀ ਹੈ, ਮਿਲ ਕੇ ਰਹਿਣ ਦੀ ਹੈ। ਪਰ ਅਜਿਹੀ ਕਿਸੇ ਹੋਰ ਦੇਸ ਤੋਂ ਆਈ ਪਰੰਪਰਾ ਦਾ ਸ਼ਬਦ ਸਾਡੇ ‘ਤੇ ਥੋਪਦੇ ਹਨ ਤੇ ਸਾਡੇ ਦੇਸ ਨੂੰ ਦੁਨੀਆਂ ‘ਚ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ।”
ਦੂਜੇ ਪਾਸੇ ਲੰਘੇ ਦਿਨੀਂ ਰਾਜਸਥਾਨ ਦੇ ਅਲਵਰ ਦੇ ਕੇਂਦਰੀ ਬੱਸ ਅੱਡੇ ‘ਤੇ ਸ਼ਨੀਵਾਰ ਰਾਤ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ ਜਾਣ ਦੇ ਇਲਜ਼ਾਮਾਂ ਤਹਿਤ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵੰਸ਼ ਭਾਰਦਵਾਜ ਅਤੇ ਸੁਰੇਂਦਰ ਭਾਟੀਆ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਲੋਕਾਂ ਦਾ ਕਿਸੇ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ ਪਰ ਵੰਸ਼ ਭਾਰਦਵਾਜ ਖਿਲਾਫ਼ ਅਪਰਾਧਕ ਮਾਮਲਿਆਂ ਦਾ ਇਤਿਹਾਸ ਰਿਹਾ ਹੈ। ਇਨ੍ਹਾਂ ਦੋਹਾਂ ਨੂੰ ਐਤਵਾਰ ਦੇ ਦਿਨ ਨਿਆਂਇਕ ਅਧਿਕਾਰੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ 18 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਘਟਨਾ ਉਸ ਵੇਲੇ ਹੋਈ ਹੈ ਜਦੋਂ ਰਈਸ ਖਾਨ ਆਪਣੇ ਘਰ ਪਰਿਵਾਰ ਦੀ ਇੱਕ ਮਹਿਲਾ ਮੈਂਬਰ ਅਤੇ ਇੱਕ ਬੱਚੇ ਦੇ ਨਾਲ ਨੂੰਹ ਜਾਣ ਲਈ ਬੱਸ ਅੱਡੇ ਪਹੁੰਚੇ। ਰਈਸ ਖ਼ਾਨ ਆਪਣੇ ਪਰਿਵਾਰ ਦੇ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਕਰਨ ਆਏ ਸਨ। ਉਹ ਕਹਿੰਦੇ ਹਨ ਕਿ ਇਸ ਘਟਨਾ ਨਾਲ ਵਿਆਹ ਦੀਆਂ ਖੁਸ਼ੀਆਂ ਖ਼ਤਮ ਹੋ ਗਈਆਂ।ਦਸਵੀਂ ਪਾਸ 24 ਸਾਲ ਦੇ ਰਈਸ ਖਾਨ ਕਹਿੰਦੇ ਹਨ, “ਮੈਂ ਜਿੰਨਾ ਵੀ ਸਮਝਦਾ ਹਾਂ, ਭਗਵਾਨ ਰਾਮ ਦੁਨੀਆਂ ਵਿੱਚ ਚੰਗਿਆਈ ਦਾ ਸੁਨੇਹਾ ਲੈ ਕੇ ਆਏ ਸਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਕਦੇ ਕੋਈ ਭਗਵਾਨ ਅਜਿਹਾ ਮਾੜਾ ਸਲੂਕ ਕਰਨ ਲਈ ਕਹਿੰਦੇ ਹਨ।”“ਮੈਨੂੰ ਬਹੁਤ ਦੁੱਖ ਹੋਇਆ ਜਦੋਂ ਲੋਕ ਇਹ ਸਭ ਦੇਖਦੇ ਰਹੇ ਅਤੇ ਬਚਾਅ ਵਿੱਚ ਅੱਗੇ ਨਹੀਂ ਆਏ। ਪਰ ਮੈਂ ਫ਼ੌਜ ਦੇ ਉਸ ਵਿਅਕਤੀ ਅਤੇ ਚਾਹ ਵਾਲੇ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੁਸ਼ਕਿਲ ਦੀ ਘੜੀ ਵਿੱਚ ਆਪਣਾ ਫ਼ਰਜ਼ ਨਿਭਾਇਆ ਅਤੇ ਮਦਦ ਕੀਤੀ। ਅਫ਼ਸੋਸ ਹੈ ਕਿ ਮੈਂ ਉਨ੍ਹਾਂ ਮਦਦਗਾਰਾਂ ਦਾ ਨਾਮ ਵੀ ਨਹੀਂ ਪੁੱਛ ਸਕਿਆ।”
ਰਈਸ ਖ਼ਾਨ ਨੇ ਦੱਸਿਆ, “ਉਨ੍ਹਾਂ ਦੇ ਪਰਿਵਾਰ ਦੀ ਔਰਤ ਨੇ ਜਦੋਂ ਉਨ੍ਹਾਂ ਦੋਹਾਂ ਨੂੰ ਮਨੁੱਖਤਾ ਦਾ ਵਾਸਤਾ ਦਿੱਤਾ ਅਤੇ ਅਜਿਹਾ ਨਾ ਕਰਨ ਲਈ ਕਿਹਾ ਉਦੋਂ ਉਨ੍ਹਾਂ ਵਿੱਚ ਇੱਕ ਵਿਅਕਤੀ ਅਰਧ ਨਗਨ ਹੋ ਕੇ ਸਾਹਮਣੇ ਆ ਗਿਆ ਅਤੇ ਗੰਦੇ ਇਸ਼ਾਰੇ ਕਰਨ ਲੱਗਾ।”“ਮੈਨੂੰ ਲੱਗਿਆ ਕਿ ਜੇ ਮੈਂ ਵਿਰੋਧ ਕੀਤਾ ਤਾਂ ਭੀੜ ਸਾਡੇ ਉੱਪਰ ਟੁੱਟ ਪਏਗੀ। ਪਰ ਉਦੋਂ ਹੀ ਉਹ ਫ਼ੌਜ ਦਾ ਵਿਅਕਤੀ ਬਚਾਅ ਵਿੱਚ ਆ ਖੜ੍ਹਾ ਹੋਇਆ ਅਤੇ ਦੋਹਾਂ ਨੂੰ ਫਟਕਾਰ ਲਾਈ।”ਰਈਸ ਕਹਿੰਦੇ ਹਨ ਕਿ ਦੇਸ ਦੇ ਆਗੂ ਕਹਿੰਦੇ ਹਨ, “ਬੇਟੀ ਬਚਾਓ ਪਰ ਕੀ ਇਸ ਤਰ੍ਹਾਂ ਬੇਟੀ ਬਚੇਗੀ?” ਰਈਸ ਖ਼ਾਨ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਅਖ਼ੀਰ ਅਚਾਨਕ ਕੀ ਹੋ ਗਿਆ ਹੈ ਕਿ ਸਾਡੇ ਤੋਂ ਸਾਡੇ ਦੇਸ ਬਾਰੇ ਸਵਾਲ ਪੁੱਛੇ ਜਾਣ ਲੱਗੇ ਹਨ। ਰਈਸ ਖ਼ਾਨ ਕਹਿੰਦੇ ਹਨ ਉਹ ਵੀ ਉੰਨੇ ਹੀ ਭਾਰਤੀ ਹਨ ਜਿੰਨੇ ਦੂਜੇ। ਉਹ ਕਹਿਣ ਲੱਗੇ, “ਮੈਂ ਆਪਣੇ ਦੇਸ ਲਈ ਆਪਣੀ ਜਾਨ ਦਾ ਨਜ਼ਰਾਨਾ ਵੀ ਪੇਸ਼ ਕਰ ਸਕਦਾ ਹਾਂ। ਦੇਸ ਦੀ ਆਜ਼ਾਦੀ ਲਈ ਮੁਸਲਮਾਨਾਂ ਨੇ ਵੀ ਸਿਰ ਕਟਵਾਏ ਹਨ ਫਿਰ ਸਾਡੇ ਤੋਂ ਹਿਸਾਬ ਕਿਉਂ ਮੰਗਿਆ ਜਾ ਰਿਹਾ ਹੈ।” ਰਈਸ ਕਹਿੰਦੇ ਹਨ, “ਉਨ੍ਹਾਂ ਲੋਕਾਂ ਨੇ ਸਾਨੂੰ ਦੇਸਧਰੋਹੀ ਕਿਹਾ। ਉਹ ਕਹਿ ਰਹੇ ਸਨ ਤੁਸੀਂ ਗੱਦਾਰ ਹੋ। ਪਰ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਦੇਸ ਲਈ ਮਰ ਸਕਦਾ ਹਾਂ, ਜਾਨ ਦੇ ਸਕਦੇ ਹਨ ਪਰ ਉਹ ਮੁੱਕਾ ਦਿਖਾ ਕੇ ਕਹਿ ਰਿਹਾ ਸੀ ਬੋਲ ਜੈ ਸ਼੍ਰੀ ਰਾਮ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਗਵਾਨ ਰਾਮ ਤਾਂ ਬੁਰਾਈ ਮਿਟਾਉਣ ਆਏ ਸਨ।”

Real Estate