ਖਾਲਿਸਤਾਨ ਦਾ ਨਾਅਰਾ ਲਗਾਉਣ ਵਾਲੇ ਨੂੰ ਤੁਰੰਤ ਵਾਪਸ ਭੇਜ ਦਿੱਤਾ ਜਾਵੇਗਾ- ਚੌਧਰੀ ਮੁਹੰਮਦ ਸਰਵਰ

1145

BREAKINGਅੰਮ੍ਰਿਤਸਰ 10 ਅਕਤੂਬਰ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਰਾਜਪਾਲ ਜਨਾਬ ਚੌਧਰੀ ਮੁਹੰਮਦ ਸਰਵਰ ਨੂੰ ਕਰਤਾਰਪੁਰ ਵਿਖੇ ਪਾਲਕੀ ਸਾਹਿਬ ਸੰਸੋਭਿਤ ਕਰਨ ਲਈ ਸੱਦਾ ਪੱਤਰ ਦੇਣ ਪੁੱਜੇ ਤਾਂ ਉਹਨਾਂ ਨੇ ਸਪੱਸ਼ਟ ਕਿਹਾ ਕਿ ਜੇਕਰ ਨਗਰ ਕੀਰਤਨ ਵਿੱਚ ਸ਼ਾਮਲ ਕਿਸੇ ਵਿਅਕਤੀ ਨੇ ਕੋਈ ਖਾਲਿਸਤਾਨ ਦਾ ਨਾਅਰਾ ਲਗਾਇਆ ਤਾਂ ਉਸ ਵਿਰੁੱਧ ਕਨੂੰਨੀ ਕਾਰਵਾਈ ਕਰਨ ਤੋ ਇਲਾਵਾ ਉਸੇ ਵੇਲੇ ਹੀ ਵਾਪਸ ਭੇਜ ਦਿੱਤਾ ਜਾਵੇਗਾ।
ਦਿੱਲੀ ਤੋ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਬੰਧੀ ਪ੍ਰਬੰਧ ਕਰਨ ਲਈ ਆਪਣੇ ਦੋ ਦਿਨਾਂ ਦੌਰੇ ਤੇ ਵਾਪਸ ਪਰਤਣ ਉਪਰੰਤ ਦੱਸਿਆ ਕਿ ਉਹਨਾਂ ਨੇ ਅੱਜ ਲਾਹੌਰ ਵਿਖੇ ਰਾਜਪਾਲ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ 4 ਨਵੰਬਰ ਨੂੰ ਕਰਤਾਰਪੁਰ ਵਿਖੇ ਪਾਲਕੀ ਸਾਹਿਬ ਸੰਸ਼ੋਭਿਤ ਕਰਨ ਦਾ ਸੱਦਾ ਦੇਣ ਲਈ ਪੁੱਜੇ ਤਾਂ ਚੌਧਰੀ ਸਾਹਿਬ ਨੇ ਸੱਦਾ ਪ੍ਰਵਾਨ ਕਰਦਿਆ ਕਿਹਾ ਕਿ ਨਗਰ ਕੀਰਤਨ ਨਾਲ ਗਰਮੀਜੋਸ਼ੀ ਨਾਲ ਸਵਾਗਤ ਕਰਨਗੇ। ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਰਾਜਪਾਲ ਸਾਹਿਬ ਨੇ ਕਿਹਾ ਕਿ ਉਹ ਬਾਬੇ ਨਾਨਕ ਦੇ ਦਰਬਾਰ ਵਿਖੇ ਦਰਸ਼ਨਾਂ ਲਈ ਜਰੂਰ ਪੁੱਜਣਗੇ ਅਤੇ ਬਾਬਾ ਜੀ ਦੇ ਹੁਕਮ ਅਨੁਸਾਰ ਪਾਲਕੀ ਸਾਹਿਬ ਸੰਸੋਭਿਤ ਕਰਨ ਵਿੱਚ ਸਾਥ ਨਿਭਾਉਣਗੇ। ਉਹਨਾਂ ਇਹ ਵੀ ਕਿਹਾ ਕਿ ਨਗਰ ਕੀਰਤਨ ਧਾਰਮਿਕ ਮਾਮਲਾ ਹੈ ਤੇ ਸੰਗਤਾਂ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਹੈ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਕਿਸੇ ਨੇ ਵੀ ਜੇਕਰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਿਆ ਖਾਲਿਸਤਾਨ ਦੇ ਨਾਅਰੇ ਲਗਾਏ ਤਾਂ ਉਸ ਵਿਰੁੱਧ ਕਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਉਸ ਨੂੰ ਤੁਰੰਤ ਵਾਪਸ ਵੀ ਭੇਜ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਗੁਆਢੀ ਮੁਲਕ ਨਾਲ ਸੁਖਾਵੇ ਸਬੰਧ ਚਾਹੁੰਦੇ ਹਨ। ਸ੍ਰ ਸਰਨਾ ਨੇ ਕਿਹਾ ਕਿ ਉਹ ਸੰਗਤਾਂ ਲਈ ਸੁਖਾਵੇ ਪ੍ਰਬੰਧ ਕਰਨ ਲਈ ਪਾਕਿਸਤਾਨ ਗਏ ਸਨ ਤੇ ਉਹ ਨਵੀਆ ਚਾਦਰਾਂ , ਕੰਬਲ ਤੇ ਸਾਬਨ ਖਰੀਦ ਕੇ ਦੇ ਕੇ ਆਏ ਹਨ ਤੇ ਹਰ ਕਮਰੇ ਵਿੱਚ ਇਹ ਸਮਾਨ ਰੱਖ ਦਿੱਤਾ ਗਿਆ ਹੈ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਸੰਗਤਾਂ ਵਿੱਚ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਦਾ ਕਾਫੀ ਉਤਸ਼ਾਹ ਹੈ ਤੇ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

Real Estate