(ਮਿੰਨੀ ਕਹਾਣੀ) ਪਨਾਹ

2200
-ਸੁਖਵਿੰਦਰ ਕੌਰ ‘ਹਰਿਆਓ’
ਉੱਭਾਵਾਲ, ਸੰਗਰੂਰ

ਧਰਮ ਦੇ ਝਗੜੇ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਸਨ। ਲੋਕਾਂ ‘ਚ ਹਾਂਅ…ਹਾਂਅਕਾਰ ‘ਤੇ ਦਹਿਸ਼ਤ ਦਾ ਮਾਹੌਲ ਸੀ। ਜਮਾਲੂ ਨੇ ਇੱਕ ਦੋ ਦਿਨ ਦੇਖਿਆ ਕਿ ਜੰਮਣ ਭੌਇ ਛੱਡਣਾ ਸੌਖਾ ਨਹੀਂ ਸੀ। ਜਦ ਗੱਲ ਸਿਰੋਂ ਲੰਘੀ ਤਾਂ ਬੋਰੀਆ-ਬਿਸਤਰ ਸਮੇਟ, ਬਸ ਕੁਝ ਕੀਮਤੀ ਤੇ ਜਰੂਰਤ ਦਾ ਸਮਾਨ ਇੱਕਠਾ ਕੀਤਾ ‘ਤੇ ਦਿਨ ਢਲੇ ਜਾਣ ਦਾ ਸੋਚਿਆ। ਪਰ ਅਚਾਨਕ ਖ਼ਬਰ ਆਈ ਕਿ ਅੱਜ ਰਾਤ ਘਰਾਂ ਤੇ ਲੁੱਟ ਮਾਰ ਹੋਵੇਗੀ। ਹਨੇਰੇ ਦਾ ਫਾਇਦਾ ਉਠਾ ਕੇ ਰਾਹ ਵਿਚ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਮਾਲੂ ਤੇ ਸ਼ੱਬੋ ਨੂੰ ਮੁਟਿਆਰ ਧੀ ਜਾਰੀਨਾ ਦਾ ਫ਼ਿਕਰ ਸਤਾ ਰਿਹਾ ਸੀ। ਉਠਦਿਆਂ ਸਵੇਰੇ ਹੀ ਚਲੇ ਜਾਵਾਂਗੇ। ‘ਪਰ ਰਾਤ ਕਿਵੇਂ ਗੁਜ਼ਰੇਗੀ’, ਅਚਾਨਕ ਖਿਆਲ ਆਇਆ। ਜਾਰੀਨਾ ਨੂੰ ਨਾਲ ਲੈ ਜਮਾਲੂ ਸਰਦਾਰ ਸ਼ੇਰ ਸਿੰਘ ਦੇ ਘਰ ਵੱਲ ਲੈ ਤੁਰਿਆ।
“ਸਰਦਾਰ ਜੀ ਬਸ ਅੱਜ ਦੀ ਰਾਤ ਦੀ ਗੱਲ ਹੈ। ਸਾਡੀਆਂ ਪੀੜ੍ਹੀਆਂ ਨੇ ਮਾਲਕ ਤੁਹਾਡੀ ਚਾਕਰੀ ਕੀਤੀ ਹੈ। ਮੇਰੀ ਧੀ ਨੂੰ ਅੱਜ ਰਾਤ ਲਈ ਪਹਾਨ ਦੇਵੋ, ਸਵੇਰੇ ਅਸੀਂ ਮੁਲਕ ਛੱਡ ਜਾਵਾਂਗੇ”, ਜਮਾਲੂ ਨੇ ਹੱਥ ਬੰਨਦਿਆਂ ਕਿਹਾ।
“ਨਾ…ਨਾ… ਜਮਾਲੂ, ਸਾਨੂੰ ਸਾਡੇ ਭਾਈਚਾਰੇ ਨੇ ਨਹੀਂ ਬਖ਼ਸ਼ਣਾ, ਬਈ ਤੁਸੀਂ ਮੁਸਲੇ ਕਿਉਂ ਬਚਾਏ। ਨਾ ਭਰਾਵਾ ਕਿਤੇ ਹੋਰ ਜਾ”, ਸ਼ੇਰ ਸਿੰਘ ਨੇ ਇੱਕਟੁਕ ਜਵਾਬ ਦਿੱਤਾ।
“ਚਲ ਕੋਈ ਨਾ ਬਾਪੂ, ਕੁਝ ਨਹੀਂ ਹੁੰਦਾ…ਇਕ ਰਾਤ ਦੀ ਤਾਂ ਗੱਲ ਐ। ਕਿਸੇ ਨੂੰ ਕੀ ਖ਼ਬਰ ਲੱਗੂ ਕਿ ਸਾਡੇ ਘਰੇ ਕੌਣ ਆ”, ਸਰਦਾਰ ਦੇ ਮੁੰਡੇ ਮੋਹਣ ਨੇ ਜਾਰੀਨਾ ਨੂੰ ਸਿਰ ਤੋਂ ਪੈਰਾਂ ਤੱਕ ਅਜੀਬ ਜਿਹੀ ਨਜ਼ਰ ਨਾਲ ਦੇਖਦਿਆਂ ਕਿਹਾ।
ਦੂਜੇ ਦਿਨ ਸਵੇਰੇ ਜਮਾਲੂ ਜਾਰੀਨਾ ਨੂੰ ਲੈਣ ਸ਼ੇਰ ਸਿੰਘ ਦੇ ਘਰ ਆਇਆ। ਜਾਰੀਨਾ ਰੌਂਦੀ ਕਰਲਾਉਂਦੀ ਪਾਟੇ ਕੱਪੜਿਆਂ ‘ਚ ਬੇਹਾਲ ਆ ਕੇ ਜਮਾਲੂ ਦੇ ਗਲ਼ ਲੱਗ ਰੌਣ ਲੱਗੀ। ਧੀ ਦਾ ਹਾਲ ਦੇਖ ਜਮਾਲੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। “ਸਰਦਾਰ ਐਡਾ ਧੋਖਾ ਕੀਤਾ ਤੂੰ ਸਾਡੇ ਗਰੀਬਾਂ ਨਾਲ। ਮੈਨੂੰ ਲੱਗਿਆ ਕਿ ਵਰ੍ਹਿਆਂ ਤੋਂ ਇਕੋ ਪਿੰਡ ਦੇ ਬਸ਼ਿੰਦੇ ਹਾਂ, ਧੀਆਂ-ਭੈਣਾਂ ਸਾਂਝੀਆਂ ਨੇ ਆਪਣੀਆਂ। ਇੱਕਠੇ ਪਲੇ-ਖੇਡੇ ਰਹਿੰਦੇ ਆਏ ਹਾਂ ਆਪਾਂ, ਧਰਤੀ ਤੇ ਧੀ ਦੀ ਕੁਝ ਤਾਂ ਸਾਂਝ ਰੱਖਦਾ। ਪਨਾਹ ਦੇ ਕੇ ਖੰਜਰ ਖੌਬ ਦਿੱਤਾ ਸਾਡੇ ਤੁਸੀਂ”, ਜਮਾਲੂ ਰੋ-ਰੋ ਤਰਲੇ ਪਾਉਣ ਲੱਗਾ।
“ਓਏ ਤੁਰ ਜਾ ਇੱਥੋਂ……ਜੇ ਅਜੇ ਵੀ ਖੈਰ ਭਾਲਦਾ, ਜਾਨ ਬਚਾ ਨਹੀਂ ਤਾਂ ਇਹ ਵੀ ਨਹੀਂ ਬਚਨੀ। ਚੱਕ ਕੇ ਨਹੀਂ ਲਿਆਏ ਤੇਰੀ ਧੀ ਨੂੰ, ਤੂੰ ਆਪ ਛੱਡ ਕੇ ਗਿਆ”, ਮੋਹਣ ਪਿਓ ਦੇ ਬਰਾਬਰ ਖੜ ਕੇ ਕਿਹਾ।
“ਸਰਦਾਰੋ ਹੁਣ ਮੇਰੀ ਧੀ ਨੂੰ ਕੌਣ ਆਪਣੀ ਹਯਾਤੀ ਪਨਾਹ ਦੇਵੇਗਾ। ਕਿਉਂ ਐਡਾ ਜ਼ੁਲਮ ਕੀਤਾ?”, ਜਮਾਲੂ ਨੇ ਕਿਹਾ। “ਨਹੀਂ…ਨਹੀਂ ਅੱਬਾ ਮੈਨੂੰ ਆਪਣੇ ਹੱਥੀਂ ਮੌਤ ਦੇ ਕੇ ਜਹੁੰਮਨ ਵਿੱਚ ਛੱਡ ਆ। ਪਰ ਮੈਨੂੰ ਕਿਤੇ ਵੀ ਪਨਾਹ ਨਹੀਂ ਚਾਹੀਦੀ…ਪਨਾਹ ਨਹੀਂ ਚਾਹੀਦੀ”, ਜਾਰੀਨਾ ਧਾਹਾਂ ਮਾਰੀਦੀ ਤੁਰ ਪਈ। ਉਸ ਲਈ ਪਨਾਹ ਦੇ ਅਰਥ ਬਹੁਤ ਦਰਦ ਭਰੇ ‘ਤੇ ਖਤਰਨਾਕ ਹੋ ਗਏ ਸਨ।

Real Estate