ਦਵਾਈਆਂ ਦੇ ਖੇਤਰ ਦੇ ਨੋਬਲ ਦਾ ਐਲਾਨ: ਅਮਰੀਕਾ ਅਤੇ ਬ੍ਰਿਟੇਨ ਦੇ ਤਿੰਨ ਵਿਗਿਆਨੀਆਂ ਨੂੰ ਮਿਲਿਆ

ਸਵੀਡਨ ਦੀ ਰਾਜਧਾਨੀ ਸਟਾਕਹੋਮ ‘ਚ ਸਾਲ 2019 ਲਈ ਨੋਬਲ ਐਵਾਰਡਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਇਸ ਵਾਰ ਮੈਡੀਸਿਨ ਦਾ ਨੋਬਲ ਐਵਾਰਡ ਅਮਰੀਕਾ ਦੇ ਵਿਲੀਅਮ ਜੀ। ਕੇਲਿਨ ਜੂਨੀਅਰ ਅਤੇ ਗ੍ਰੇਗ ਐਲ। ਸੇਮੇਂਜਾ, ਬ੍ਰਿਟੇਨ ਦੇ ਸਰ ਪੀਟਰ ਜੇ। ਰੈਟਕਲਿਫ਼ ਨੂੰ ਦਿੱਤਾ ਜਾਵੇਗਾ। 8 ਅਕਤੂਬਰ ਨੂੰ ਫ਼ਿਜੀਕਸ ਅਤੇ ਉਸ ਤੋਂ ਬਾਅਦ 14 ਅਕਤੂਬਰ ਨੂੰ ਕੁਲ 6 ਖੇਤਰਾਂ ਲਈ ਨੋਬਲ ਐਵਾਰਡਾਂ ਦਾ ਐਲਾਨ ਹੋਵੇਗਾ। ਐਵਾਰਡਾਂ ਦਾ ਐਲਾਨ ਕਰਦਿਆਂ ਚੋਣਕਾਰਾਂ ਨੇ ਦੱਸਿਆ ਕਿ ਇਨ੍ਹਾਂ ਵਿਗਿਆਨੀਆਂ ਨੇ ਇਹ ਸਥਾਪਤ ਕੀਤਾ ਕਿ ਆਕਸੀਜਨ ਦਾ ਪੱਧਰ ਕਿਸ ਤਰ੍ਹਾਂ ਸਾਡੇ ਸੈਲੁਲਰ ਮੈਟਾਬੋਲਿਜ਼ਮ ਅਤੇ ਸਰੀਰਕ ਗਤੀਵਿਧੀਆਂ ਨੂੰ ਪ੍ਰਭਾਵਤ ਕਰਦਾ ਹੈ। ਚੋਣਕਾਰਾਂ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀ ਖੋਜ ਨੇ ਅਨੀਮਿਆ, ਕੈਂਸਰ ਅਤੇ ਹੋਰ ਬੀਮਾਰੀਆਂ ਵਿਰੁਧ ਲੜਾਈ ‘ਚ ਨਵੀਂ ਰਣਨੀਤੀ ਬਣਾਉਣ ਦਾ ਰਸਤਾ ਸਾਫ਼ ਕੀਤਾ ਹੈ। ਸਵੀਡਿਸ਼ ਅਕਾਦਮੀ ਸਾਲ 2018 ਅਤੇ 2019 ਦੋਹਾਂ ਸਾਲਾਂ ਲਈ ਸਾਹਿਤ ਨੋਬਲ ਐਵਾਰਡਾਂ ਦਾ ਐਲਾਨ ਕਰੇਗੀ। ਪਿਛਲੇ ਸਾਲ ਉਭਰੇ ਜਿਨਸੀ ਸ਼ੋਸ਼ਣ ਦੇ ਮਾਮਲੇ ਕਾਰਨ 2018 ਦੇ ਸਾਹਿਤ ਨੋਬਲ ਐਵਾਰਡ ਸਮਾਗਮ ਨੂੰ ਅਕਾਦਮੀ ਨੇ ਮੁਲਤਵੀ ਕਰ ਦਿੱਤਾ ਸੀ। ਸਾਲ 1901 ਤੋਂ 2018 ਵਿਚਕਾਰ ਮੈਡੀਕਲ ਦੇ ਖੇਤਰ ‘ਚ 109 ਨੋਬਲ ਐਵਾਰਡ ਦਾ ਐਲਾਨ ਕੀਤਾ ਗਿਆ ਅਤੇ 216 ਲੋਕਾਂ ਨੂੰ ਇਹ ਦਿੱਤੇ ਗਏ। ਮੈਡੀਸਿਨ ਦੇ ਖੇਤਰ ‘ਚ 12 ਔਰਤਾਂ ਨੂੰ ਨੋਬਲ ਦਿੱਤਾ ਗਿਆ ਹੈ। ਸਾਲ 2009 ‘ਚ ਦੋ ਔਰਤਾਂ ਨੂੰ ਇਕੱਠੇ ਨੋਬਲ ਮਿਲਿਆ ਸੀ। ਨੋਬਲ ਐਵਾਰਡ ਦੇ ਹਰੇਕ ਜੇਤੂ ਨੂੰ ਲਗਭਗ 4.5 ਕਰੋੜ ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ 23 ਕੈਰਟ ਸੋਨੇ ਤੋਂ ਬਣਿਆ 200 ਗ੍ਰਾਮ ਦਾ ਤਮਗ਼ਾ ਅਤੇ ਸ਼ਲਾਘਾ ਪੱਤਰ ਵੀ ਦਿੱਤਾ ਜਾਂਦਾ ਹੈ।

Real Estate