ਪੁਤਲੇ ਬਣਾਉਣ ਵਾਲਿਆਂ ਤੇ ਵੀ ਮੰਦੀ ਦੀ ਮਾਰ

929

ਦੁਸਹਿਰੇ ਦੇ ਵੱਡੇ ਦਿਨ ਲਈ ਰਾਵਣ ਦੇ ਪੁਤਲੇ ਜ਼ੋਰ-ਸ਼ੋਰ ਨਾਲ ਤਿਆਰ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨਿਕ ਅਵਿਵਸਥਾ ਅਤੇ ਮੰਦੀ ਦੀ ਮਾਰ ਕਾਰਨ ਇਸ ਵਾਰ ਦੁਸਹਿਰੇ ਮੌਕੇ ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਾਲਿਆਂ ਲਈ ਤਿਉਹਾਰ ਦਾ ਰੰਗ ਥੋੜਾ ਫਿੱਕਾ ਹੀ ਹੈ। ਪੁਤਲੇ ਬਣਾਉਣ ਵਾਲੇ ਕਲਾਕਾਰਾਂ ਦਾ ਕਹਿਣਾ ਹੈ ਕਿ ਕੋਈ ਸਹੂਲਤ ਨਾ ਮਿਲਣ ਕਾਰਨ ਕਾਰੋਬਾਰ ਅਤੇ ਜੀਵਨ ਦੋਹਾਂ ‘ਤੇ ਮਾਰ ਪਈ ਹੈ। ਦਿੱਲੀ ਦੀ ਭੀੜ-ਭਾੜ ਵਾਲੀ ਮੁੱਖ ਸੜਕ ਤੋਂ ਦੂਰ, ਮੱਧਮ ਰੌਸ਼ਨੀ ਵਿਚ ਪਛਮੀ ਦਿੱਲੀ ਦੇ ਸੁਭਾਸ਼ ਨਗਰ ਵਿਚ ਪੁਤਲਾ ਬਾਜ਼ਾਰ ਸਜ ਗਿਆ ਹੈ। 2018 ਤੋਂ ਪਹਿਲਾਂ ਇਹ ਬਾਜ਼ਾਰ ਟੈਗੋਰ ਗਾਰਡਨ ਮੈਟਰੋ ਸਟੇਸ਼ਨ ਲਾਗੇ ਤਿਤਾਰਪੁਰ ਪਿੰਡ ਵਿਚ ਲਗਿਆ ਕਰਦਾ ਸੀ ਜਿਸ ਨੂੰ ਹੁਣ ਸੁਭਾਸ਼ ਨਗਰ ਤਬਦੀਲ ਕਰ ਦਿਤਾ ਗਿਆ ਹੈ। ਤਿਤਾਰਪੁਰ ਪੁਤਲਾ ਬਾਜ਼ਾਰ ਨੂੰ ਏਸ਼ੀਆ ਵਿਚ ਅਪਣੀ ਤਰ੍ਹਾਂ ਦਾ ਸੱਭ ਤੋਂ ਵੱਡਾ ਬਾਜ਼ਾਰ ਮੰਨਿਆ ਜਾਂਦਾ ਸੀ ਜਿਥੇ ਦੁਸਹਿਰੇ ਤੋਂ ਕੁੱਝ ਦਿਨ ਪਹਿਲਾਂ ਹੀ ਰਾਵਣ ਦੇ ਰੰਗ-ਬਿਰੰਗ ਪੁਤਲੇ ਸੜਕ ‘ਤੇ ਕਤਾਰ ਵਿਚ ਖੜੇ ਵਿਖਾਈ ਦੇਣ ਲੱਗ ਪੈਂਦੇ ਸਨ। ਕਲਾਕਾਰਾਂ ਨੂੰ ਹੁਣ ਜਿਥੇ ਭੇਜਿਆ ਗਿਆ ਹੈ, ਉਥੇ ਉੱਚਾ ਉੱਚਾ ਘਾਹ ਉਗਿਆ ਹੋਇਆ ਹੈ।
ਕਲਾਕਾਰਾਂ ਦਾ ਕਹਿਣਾ ਹੈ ਕਿ ਇਥੇ ਨਾ ਤਾਂ ਪਾਣੀ ਹੈ, ਨਾ ਬਿਜਲੀ, ਨਾ ਪਾਖ਼ਾਨਾ। ਇਹ ਕਲਾਕਾਰ ਅਪਣੀਆਂ ਸਾਲ ਭਰ ਦੀਆਂ ਬੇਹੱਦ ਘੱਟ ਮਿਹਨਤਾਨੇ ਵਾਲੀਆਂ ਨੌਕਰੀਆਂ ਛੱਡ ਕੇ ਤਿਉਹਾਰੀ ਮੌਸਮ ਵਿਚ ਥੋੜੇ ਜ਼ਿਆਦਾ ਪੈਸੇ ਕਮਾਉਣ ਦੀ ਉਮੀਦ ਨਾਲ ਪੁਤਲੇ ਬਣਾਉਂਦੇ ਅਤੇ ਵੇਚਦੇ ਹਨ। ਇਸ ਸੱਭ ਦੇ ਬਾਵਜੂਦ, ਕਲਾਕਾਰ ਲੰਮੇ ਅਤੇ ਦਸ ਸਿਰਾਂ ਵਾਲੇ ਸ਼ਕਤੀਸ਼ਾਲੀ ਰਾਵਣ ਤੇ ਉਸ ਦੇ ਭਰਾਵਾਂ ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅੰਤਮ ਰੂਪ ਦੇਣ ਵਿਚ ਲੱਗੇ ਹਨ ਜਦਕਿ ਉਨ੍ਹਾਂ ਨੂੰ ਲੋੜੀਂਦੀ ਆਮਦਨ ਹੋਣ ਦੀ ਉਮੀਦ ਘੱਟ ਹੀ ਹੈ। ਇਹ ਪੁਤਲੇ ਪੰਜ ਫ਼ੁਟ ਤੋਂ ਕਰੀਬ 50 ਫ਼ੁੱਟ ਤੱਕ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਮਤ ਪ੍ਰਤੀ ਫ਼ੁੱਟ ਕਰੀਬ 500 ਰੁਪਏ ਹੈ ਜੋ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੈ। ਇਹ ਕਲਾਕਾਰ ਮੁੱਖ ਤੌਰ ‘ਤੇ ਰਾਜਸਥਾਨ, ਹਰਿਆਣਾ ਅਤੇ ਬਿਹਾਰ ਦੇ ਦਿਹਾੜੀ ਮਜ਼ਦੂਰ ਹੁੰਦੇ ਹਨ।
ਮਹਿੰਦਰ ਰਾਵਣਵਾਲਾ ਨੇ ਦਸਿਆ, ‘ਜਦ ਅਸੀਂ ਇਥੇ ਆਏ ਤਾਂ ਅਧਿਕਾਰੀਆਂ ਨੇ ਸਾਨੂੰ ਉਕਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਇਥੇ ਜੰਗਲ ਤੋਂ ਮਾੜੇ ਹਾਲਾਤ ਹਨ। ਕਮਾਈ ਤਾਂ ਦੂਰ, ਪੀਣ ਦੇ ਪਾਣੀ ਲਈ ਹਰ ਦਿਨ 300-400 ਰੁਪਏ ਖ਼ਰਚ ਕਰਨੇ ਪੈਂਦੇ ਹਨ।’ ਉਸ ਨੇ ਕਿਹਾ ਕਿ ਇਥੋਂ ਥੋੜੀ ਦੂਰ ਜਿਹੜੀ ਰੌਸ਼ਨੀ ਦਿਸ ਰਹੀ ਹੈ, ਉਹ ਉਨ੍ਹਾਂ ਖ਼ੁਦ 2000 ਰੁਪਏ ਖ਼ਰਚ ਕਰ ਕੇ ਲਾਈ ਹੈ। ਰਾਵਣਵਾਲਾ ਪਿਛਲੇ 45 ਸਾਲਾਂ ਤੋਂ ਪੁਤਲੇ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਇਸ ਕਾਰਨ ਵੀ ਪ੍ਰਭਾਵਤ ਹੋਇਆ ਹੈ ਕਿ ਉਨ੍ਹਾਂ ਦੇ ਕਈ ਪੱਕੇ ਗਾਹਕ ਨਵੀਂ ਜਗ੍ਹਾ ਬਾਰੇ ਵਾਕਫ਼ ਨਹੀਂ। ਕਈ ਆਰਡਰ ਇਸ ਲਈ ਰੱਦ ਹੋ ਗਏ ਕਿਉਂਕਿ ਰੈਜ਼ੀਡੈਂਟ ਵੈਲਫ਼ੇਅਰ ਐਸੋਸੀਏਸ਼ਨਾਂ ਨੂੰ ਪੁਤਲੇ ਸਾੜਨ ਦੀ ਆਗਿਆ ਨਹੀਂ ਮਿਲੀ।

Real Estate