ਸੁਖਬੀਰ ਬਾਦਲ ਨੂੰ ਮਾਰਨ ਲਈ ਬੰਬ ਲੈ ਕੇ ਪਹੁੰਚ ਗਏ ਸਨ ਉਸ ਦੇ ਨੇੜੇ !

1254

5 ਸਤੰਬਰ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ’ਚ ਧਮਾਕਾ ਹੋਇਆ ਸੀ ਦੇ ਮਾਮਲੇ ਵਿੱਚ ਫੜ੍ਹੇ ਗਏ ਵਿਆਕਤੀਆਂ ਨੇ ਪੁੱਛਗਿੱਛ ਦੌਰਾਨ ਕਿਹਾ ਹੈ ਕਿ ਉਨ੍ਹਾਂ ਨੇ ਨਵੰਬਰ 2016 ਦੌਰਾਨ ਪੰਜਾਬ ਦੇ ਉਸ ਸਮੇਂ ਦੇ ਉੱਪ–ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਵੀ ਯੋਜਨਾ ਉਲੀਕੀ ਸੀ। ਇਹ ਮੁਲਜ਼ਮ ਬਰਗਾੜੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਕੋਈ ਵੱਡਾ ਬੰਬ ਧਮਾਕਾ ਕਰਨਾ ਚਾਹੁੰਦੇ ਸਨ। ਇਹ ਖ਼ੁਲਾਸਾ ਪੰਜਾਬ ਪੁਲਿਸ ਵੱਲੋਂ ਪੰਡੋਰੀ ਗੋਲਾ ਧਮਾਕੇ ਨਾਲ ਸਬੰਧਤ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਹੋਇਆ ਹੈ। ਖ਼ਬਰਾਂ ਅਨੁਸਾਰ ਮਲਕੀਤ ਸਿੰਘ ਸ਼ੇਰਾ ਨਾਂਅ ਦੇ ਇੱਕ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦਹਿਸ਼ਤਗਰਦੀ ਫੈਲਾਉਣ ਦੀਆਂ ਸਾਜ਼ਿਸ਼ਾਂ ਰਚਣ ਵਾਲੀ ਇਸ ਟੋਲੀ ਦਾ ਮੁਖੀ ਬਿਕਰਮ ਸਿੰਘ ਪੰਜਵੜ ਉਰਫ਼ ਬਿੱਕਰ ਸਾਲ 2018 ਦੌਰਾਨ ਆਸਟ੍ਰੀਆ ਭੱਜ ਗਿਆ ਸੀ। ਉਹ ਦੇਸੀ ਬੰਬ ਬਣਾਉਣ ਵਿੱਚ ਮਾਹਿਰ ਦੱਸਿਆ ਜਾਂਦਾ ਹੈ। ਉਸ ਨੇ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਲਈ ਬੰਬ ਵੀ ਬਣਾ ਲਏ ਸਨ। ਸ਼ੇਰਾ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ – ‘ਬਿਕਰਮ ਅਕਸਰ ਮੈਨੂੰ ਦੱਸਦਾ ਹੁੰਦਾ ਸੀ ਕਿ ਬਾਦਲ ਪਰਿਵਾਰ ਹੀ ਬੇਅਦਬੀ ਲਈ ਜ਼ਿੰਮੇਵਾਰ ਹੈ ਤੇ ਉਸ ਨੂੰ ਖ਼ਤਮ ਕਰਨਾ ਚਾਹੀਦਾ ਹੈ। ਉਸ ਨੇ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਦੀ ਯੋਜਨਾ ਉਲੀਕੀ ਸੀ ਤੇ ਮੈਨੂੰ ਪੰਥਕ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਸੀ। ਸੁਖਬੀਰ ਬਾਦਲ ਨੇ ਨਵੰਬਰ 2016 ’ਚ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਆਉਣਾ ਸੀ, ਉਦੋਂ ਅਸੀਂ ਉਸ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਅਸੀਂ ਤਾਂ ਮੌਕੇ ਉੱਤੇ ਜਾ ਕੇ ਅਭਿਆਸ ਵੀ ਕਰ ਲਿਆ ਸੀ।’ਮੁਲਜ਼ਮ ਸ਼ੇਰਾ ਨੇ ਮੰਨਿਆ ਕਿ – ‘ਬਿਕਰਮ ਕੋਲ ਦੋ ਬੰਬ ਸਨ ਤੇ ਇੱਕ ਬੰਬ ਉਸ ਨੇ ਮੈਨੂੰ ਦੇ ਦਿੱਤਾ ਸੀ। ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉੱਤੇ ਹੀ ਸੁਖਬੀਰ ਬਾਦਲ ਉੱਤੇ ਧਾਵਾ ਬੋਲਣਾ ਸੀ। ਯੋਜਨਾ ਇਹ ਸੀ ਕਿ ਬਿਕਰਮ ਮੌਕਾ ਵੇਖ ਕੇ ਸੁਖਬੀਰ ਬਾਦਲ ਉੱਤੇ ਇੱਕ ਬੰਬ ਸੁੱਟੇਗਾ ਤੇ ਉਸ ਤੋਂ ਬਾਅਦ ਦੂਜਾ ਬੰਬ ਮੈਂ ਸੁੱਟਾਂਗਾ। ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉੱਤੇ ਪੁਜ਼ੀਸ਼ਨਾਂ ਵੀ ਲੈ ਲਈਆਂ ਸਨ।’
ਸ਼ੇਰਾ ਨੇ ਅੱਗੇ ਦੱਸਿਆ,‘ਸੁਖਬੀਰ ਬਾਦਲ ਉਸ ਦਿਨ ਬਹੁਤ ਸਖ਼ਤ ਸੁਰੱਖਿਆ ਚੌਕਸੀ ਨਾਲ ਪੁੱਜਾ। ਬਿਕਰਮ ਇਹ ਸਭ ਵੇਖ ਕੇ ਡਰ ਗਿਆ ਤੇ ਬੰਬ ਨਾ ਸੁੱਟ ਸਕਿਆ। ਬਾਅਦ ’ਚ ਉਹ ਬੰਬ ਉਸ ਸਟੀਲ ਦੇ ਇੱਕ ਕਵਰ ਵਿੱਚ ਆਪਣੇ ਕੋਲ ਰੱਖ ਲਿਆ ਸੀ।’
ਪੁਲਿਸ ਮੁਤਾਬਕ ਆਪਣੇ ਸਾਥੀਆਂ ਨੂੰ ਬੰਬ ਬਣਾਉਣ ਦੀਆਂ ਵਿਧੀਆਂ ਦੱਸ ਕੇ ਬਿਕਰਮ ਜੁਲਾਈ 2018 ’ਚ ਆਰਮੀਨੀਆ ਰਸਤੇ ਆਸਟ੍ਰੀਆ ਨੱਸ ਗਿਆ ਸੀ। ਬਿਕਰਮ ਸ਼ੇਰਾ ਨੂੰ 2014 ਤੋਂ ਜਾਣਦਾ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਬੰਬ ਬੀਤੀ 5 ਸਤੰਬਰ ਨੂੰ ਫਟੇ ਸਨ, ਉਹ ਉਹੀ ਬੰਬ ਸਨ ਜਿਹੜੇ ਸਾਲ 2016–17 ਦੌਰਾਨ ਬਿਕਰਮ ਨੇ ਦੱਬੇ ਸਨ।
ਪੁਲਿਸ ਦਾ ਦਾਅਵਾ ਹੈ ਕਿ ਬਿਕਰਮ ਨੇ ਜਿਹੜੇ ਗੁਜੰਟ ਸਿੰਘ ਨੂੰ ਦੇਸੀ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਸੀ, ਉਸ ਨੂੰ ਬਿਕਰਮ ਸਿੰਘ ਨੇ ਤਾਜ਼ਾ ਹੁਕਮ ਦਿੱਤੇ ਸਨ ਕਿ ਪੰਜਾਬ ਦੀਆਂ ਕੁਝ ਅਹਿਮ ਸ਼ਖ਼ਸੀਅਤਾਂ ਉੱਤੇ ਬੰਬਾਂ ਨਾਲ ਹਮਲੇ ਕਰਨੇ ਹਨ। ਯੋਜਨਾ ਇਹੋ ਸੀ ਕਿ ਪੰਡੋਰੀ ਗੋਲਾ ਦੇ ਖੇਤਾਂ ’ਚ ਦੱਬੇ ਪਏ ਬੰਬਾਂ ਦੀ ਵਰਤੋਂ ਇਹ ਹਮਲੇ ਕਰਨ ਲਈ ਕੀਤੀ ਜਾਵੇ। ਪਰ ਗੁਰਜੰਟ ਸਿੰਘ ਤੇ ਉਸ ਦੇ ਦੋ ਸਹਿਯੋਗੀ ਜਦੋਂ ਉਹ ਦੱਬੇ ਪਏ ਬੰਬ ਬਾਹਰ ਕੱਢਣ ਦਾ ਜਤਨ ਕਰ ਰਹੇ ਸਨ, ਉਹ ਫਟ ਗਏ।
ਗੁਰਜੰਟ ਸਿੰਘ ਜ਼ਖ਼ਮੀ ਹੋ ਗਿਆ ਸੀ ਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਤੇ ਵਿਕਰਮਜੀਤ ਸਿੰਘ ਉਸ ਧਮਾਕੇ ’ਚ ਮਾਰੇ ਗਏ ਸਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਨੂੰ ਦੇ ਦਿੱਤੀ ਸੀ ।

Real Estate