ਪ੍ਰਧਾਨ ਮੰਤਰੀ ਦੀ ਇੱਜ਼ਤ ਕਰਨ ਲਈ ਸੰਵਿਧਾਨ ਜਾਂ ਕਾਨੂੰਨ ਮਜਬੂਰ ਨਹੀਂ ਕਰਦਾ -ਸ਼ੇਹਲਾ ਰਸ਼ੀਦ

1137

ਜੇਐਨਯੂ ਦੀ ਸਾਬਕਾ ਵਿਦਿਆਰਥੀ ਆਗੂ ਸ਼ੇਹਲਾ ਰਸ਼ੀਦ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਦੇਸ਼ ਦੇ ਸੰਵਿਧਾਨ ਜਾਂ ਕਾਨੂੰਨ ਵਿਚ ਨਹੀਂ ਲਿਖਿਆ ਹੈ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਨਾ ਹੀ ਹੈ।
ਬੀਤੇ ਦਿਨੀਂ ਦੇਸ਼ ਦੀਆਂ ਕਈ ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਸੀ, ਜਿਸ ਵਿਚ ਦੇਸ਼ ਵਿਚ ਵਧ ਰਹੀ ਫਿਰਕੂ ਹਿੰਸਾ ‘ਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ। ਇਹਨਾਂ ਹਸਤੀਆਂ ਵਿਰੁੱਧ ਦੇਸ਼ਧ੍ਰੋਹ, ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਸ਼ਾਂਤੀ ਭੰਗ ਕਰਨ ਲਈ ਉਕਸਾਉਣ ਦੇ ਇਲਜ਼ਾਮ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਨੂੰ ਲੈ ਕੇ ਕਈ ਲੋਕਾਂ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਇਕ ਯੂਜ਼ਰ ਨੇ ਟਵੀਟ ਕਰ ਕੇ ਸਰਕਾਰ ‘ਤੇ ਹਮਲਾ ਕੀਤਾ, ਯੂਜ਼ਰ ਨੇ ਲਿਖਿਆ ਕਿ ‘ਮਨੀਰਤਨਮ, ਅਦੁਰ ਅਤੇ 47 ਹੋਰ ਨੇ ਪੀਐਮ ਮੋਦੀ ਨੂੰ ਫਿਰਕੂ ਹਿੰਸਾ ਵਿਰੁੱਧ ਚਿੱਠੀ ਲਿਖੀ ਸੀ, ਉਹਨਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਜੇਕਰ ਇਹ ਫ਼ਾਸੀਵਾਦ ਨਹੀਂ ਹੈ ਤਾਂ ਫਿਰ ਸਾਨੂੰ ਫ਼ਾਸੀਵਾਦ ਦੀ ਪਰਿਭਾਸ਼ਾ ਬਦਲ ਦੇਣੀ ਚਾਹੀਦੀ ਹੈ’। ਇਸੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜੰਮੂ-ਕਸ਼ਮੀਰ ਨਾਲ ਸਬੰਧ ਰੱਖਣ ਵਾਲੀ ਸ਼ੇਹਲਾ ਰਸ਼ੀਦ ਨੇ ਲਿਖਿਆ ਸੀ ਕਿ, ‘ਸੰਵਿਧਾਨ ਵਿਚ ਅਜਿਹੀ ਕੋਈ ਧਾਰਾ, ਆਈਪੀਸੀ ਵਿਚ ਕੋਈ ਕਲਾਜ, ਕਿਸੇ ਸੂਬੇ ਦਾ ਕਾਨੂੰਨ ਜਾਂ ਫਿਰ ਸੰਸਦ ਦਾ ਕੋਈ ਐਕਟ ਨਹੀਂ ਹੈ, ਜੋ ਇਹ ਕਹਿੰਦਾ ਹੋਵੇ ਕਿ ਦੇਸ਼ ਦੇ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਨਾ ਹੀ ਹੈ’। ਸ਼ੇਹਲਾ ਦੇ ਇਸ ਟਵੀਟ ‘ਤੇ ਕਈ ਸੋਸ਼ਲ ਮੀਡੀਆ ਯੂਜ਼ਰ ਭੜਕ ਗਏ। ਇਕ ਯੂਜ਼ਰ ਨੇ ਟਵੀਟ ‘ਤੇ ਜਵਾਬ ਦਿੰਦੇ ਹੋਏ ਲਿਖਿਆ ਕਿ, ‘ਸੰਵਿਧਾਨ ਵਿਚ ਕੋਈ ਅਜਿਹੀ ਧਾਰਾ ਵੀ ਨਹੀਂ ਹੈ, ਜੋ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦਾ ਅਧਿਕਾਰ ਦੇਵੇ’।

Real Estate