ਤੂੰ ਸਮਲਿੰਗੀ ਹੈ ਤਾਂ ਫੇਰ ….

2530

ਅੰਜੂਜੀਤ ਸ਼ਰਮਾ ਜਰਮਨੀ

ਛੁੱਟੀ ਦਾ ਦਿਨ ਸੀ ਸੋਚਿਆ ਕਈ ਦਿਨ ਸੈਰ ਕਰਨ ਨਹੀਂ ਗਈ’ ਇਸ ਕਰਕੇ ਸਵੇਰੇ ਸਵੇਰੇ ਘਰੋਂ ਸੈਰ ਕਰਨ ਹਾਲੇ ਨਿਕਲੀ ਹੀ ਸੀ ਕਿ ਸੜਕ ਦੇ ਦੂਜੇ ਪਾਸੇ ਮੈਨੂੰ ਮੇਰਾ ਜਰਮਨ ਗੁਆਂਢੀ ਆਉਂਦਾ ਦਿੱਸਿਆ।ਅਸੀਂ ਜਿਉਂ ਹੀ ਇੱਕ ਦੂਜੇ ਦੇ ਲਾਗੇ ਆਏ ਤਾਂ ਕੀ ਦੇਖਦੀ ਹਾਂ ,ਉਸ ਨੇ ਮੂੰਹ ਤੇ ਮੇਕਅੱਪ ਕੀਤਾ ਹੋਇਆ ਸੀ।ਕੱਪੜਿਆਂ ਦੀ ਦਿੱਖ ਜਿਆਦਾ ਅੌਰਤਾਂ ਵਾਂਗੂੰ ਸੀ।ਮੈਂ ਉਸ ਦਾ ਚਿਹਰਾ ਦੇਖਿਆ ਤੇ ਅੰਦਰੋ ਅੰਦਰੀ ਹੈਰਾਨ ਹੋਈ ਕਿ ਇਹ ਤਾਂ ਚੱਗਾ ਭਲਾ ਸੀ ਇਸ ਨੂੰ ਕੀ ਹੋ ਗਿਆ।ਹਾਲਾਂ ਕਿ ਉਸ ਦੀ ਇੱਕ ਧੀ ਵੀ ਸੀ ਤੇ ਆਪਣੀ ਸਾਥਣ ਨਾਲ ਰਹਿ ਰਿਹਾ ਸੀ।ਇਹ ਗੋਰੇ ਲੋਕ ਵਿਆਹ ਘੱਟ ਹੀ ਕਰਾਉਂਦੇ ਨੇ ਤੇ living relation ਵਿੱਚ ਹੀ ਜਿੰਦਗੀ ਕੱਟ ਜਾਂਦੇ ਨੇ।
ਖੈਰ ਲਾਗੇ ਦੀ ਲੱਘਣ ਲੱਗਿਆ ਨੇ ਇੱਕ ਦੂਜੇ ਨੂੰ ਗੁੱਡ ਮੌਰਨਿੰਗ ਕੀਤੀ ਤੇ ਅਗਾਂਹ ਚੱਲੇ ਗਏ।ਮੈਂ ਹਾਲੇ ਵੀ ਉਸ ਤੇ ਹੈਰਾਨ ਸੀ ਕਿ ਮੈਂ ਕੀ ਦੇਖ ਰਹੀ ਹਾਂ ।ਉਸੇ ਦਿਨ ਸ਼ਾਮ ਨੂੰ ਮੇਰੇ ਘਰ ਦਾ ਬੂਹਾ ਖੜਕਿਆ ਤਾਂ ਦੇਖਿਆ ਮੇਰਾ ਉਹੀ ਗੁਆਂਢੀ ਦਰ ਤੇ ਖੜਾ ਸੀ।ਉਸ ਨੇ ਬਹੁਤ ਪਿਆਰ ਅਤੇ ਖਲੂਸ ਨਾਲ ਮੈਥੋਂ ਪੁੱਛਿਆ ਕੀ ਤੇਰੇ ਕੋਲ ਮੇਰੇ ਲਈ ਕੁਝ ਮਿੰਟ ਦਾ ਸਮਾਂ ਹੋਵੇਗਾ ਮੈਂ ਤੇਰੇ ਨਾਲ ਗੱਲ ਕਰਨੀ ਆ।
ਮੈਂ ਉਸ ਦੇ ਸਵਾਲ ਦਾ ਮਾਣ ਰੱਖਦਿਆਂ ਤੇ ਆਪਣੀ ਆਦਤ ਅਨੁਸਾਰ ਹੱਸ ਕੇ ਕਿਹਾ..ਤੇਰੇ ਲਈ ਹਮੇਸ਼ਾ ਸਮਾਂ ਹੈ।ਦੱਸ ਮੈਂ ਕੀ ਕਰ ਸਕਦੀ ਹਾਂ ਤੇਰੇ ਲਈ ।ਉਹ ਮੇਰੀ ਆਦਤ ਤੋਂ ਜਾਣੂ ਸੀ ਕਿ ਮੈਂ ਇਸ ਤਰਾਂ ਦੇ ਮਜਾਕ ਕਰਨ ਵਾਲੀ ਹਾਂ ।ਉਹ ਅੱਗਿਉ ਹੱਸਿਆ ਤੇ ਕਹਿੰਦਾ ਮੈਂ ਤੇਰੇ ਨਾਲ ਆਪਣੇ ਬਾਰੇ ਇੱਕ ਗੱਲ ਸਪੱਸ਼ਟ ਕਰਨ ਆਇਆਂ ਹਾਂ ,ਕਿ ਮੈਂ Gay ਹਾਂ ।ਮੈਂ ਉਸ ਦੀ ਗੱਲ ਤੇ ਬਹੁਤੀ ਹੈਰਾਨੀ ਨਾ ਪ੍ਰਗਟ ਕਰਦੀ ਨੇ ਪੁੱਛਿਆ…..ਤੇ ਫਿਰ?
ਉਸ ਨੇ ਕਿਹਾ ਤੂੰ ਮੈਨੂੰ ਅੱਜ ਕਿਸੇ ਦੂਜੇ Costume ਵਿੱਚ ਦੇਖਿਆ ਸੀ।ਮੈਂ ਅਸਲ ਵਿੱਚ ਉਹ ਹੀ ਹਾਂ ਜਿਸ ਤਰਾਂ ਤੂੰ ਮੈਨੂੰ ਦੇਖਿਆ ਸੀ ਪਰ ਆਹ ਮਰਦਾਨਾ ਕੱਪੜੇ ਮੈਂ ਆਮ ਜਿੰਦਗੀ ਚ ਪਾਉਂਦਾ ਹਾਂ ।ਕਿਉਂਕਿ ਮੈਂ ਦਫਤਰ ਵਿੱਚ ਕੰਮ ਕਰਦਾ ਹਾਂ ।ਨਾਲੇ ਮੈਂ ਪੈਦਾਇਸ਼ੀ Gay ਨਹੀਂ ਹਾਂ ਬਸ ਜਿੰਦਗੀ ਨੇ ਬਦਲਾ ਲਿਆ ਮੈਂ ਆਹ ਬਣ ਗਿਆ।ਮੈਂ ਫਿਰ ਹੱਸ ਕੇ ਕਿਹਾ ਤੂੰ ਜੋ ਵੀ ਹੈ ਸੋਹਣਾ ਹੈ ।ਫਿਰ ਅਸੀਂ ਦੋਨੋ ਹੱਸ ਪਏ।
ਮੈਂ ਉਸ ਦੀ ਸਾਰੀ ਗੱਲ ਸੁਣੀ ਤੇ ਸੁਣ ਕੇ ਮੈਂ ਅਖੀਰ ਵਿੱਚ ਕਿਹਾ,ਡੀਟਾ”ਉਸ ਦਾ ਨਾਂ ਡੀਟਾ ਹੈ ਇ ਤੇਰੀ ਜਿੰਦਗੀ ਤੇ ਤੇਰੇ ਤੌਰ ਤਰੀਕੇ ਨੇ ਤੈਨੂੰ ਜੋ ਚੰਗਾ ਲੱਗਦਾ ਤੂੰ ਕਰ ਸਕਦਾ ਹੈ।ਮੈਨੂੰ ਤੇਰੇ Gay ਹੋਣ ਜਾਂ ਨਾ ਹੋਣ ਤੇ ਕਿਉਂ ਇਤਰਾਜ ਹੋਵੇ।ਤੂੰ ਇੱਕ ਚੰਗਾ ਗੁਆਂਢੀ ਹੈ ਜਦੋਂ ਤੇਰੀ ਜਰੂਰਤ ਪੈਂਦੀ ਹੈ ਤੂੰ ਸਾਥ ਦਿੰਦਾ ਹੈ।ਤੇਰੇ ਅੰਦਰ ਇਨਸਾਨੀਅਤ ਭਰਿਆ ਦਿਲ ਹੈ। ਬਾਕੀ ਤੇਰੀ ਜਿੰਦਗੀ ਹੈ ਤੂੰ ਜਿਵੇਂ ਮਰਜੀ ਜੀ ਸਕਦਾ ਹੈ।ਉਹ ਮੇਰੀ ਗੱਲ ਸੁਣ ਕੇ ਹਾਂ ਵਿੱਚ ਸਿਰ ਲਿਹਾ ਰਿਹਾ ਸੀ ਜਿਵੇਂ ਕੋਈ ਉਸ ਦੇ ਹੱਕ ਵਿੱਚ ਗਵਾਹੀ ਭਰਦਾ ਹੋਵੇ।
ਅਸਲ ਵਿੱਚ ਉਸ ਦੇ ਬਿਲਕੁਲ ਘਰ ਦੇ ਲਾਗੇ ਦੋ ਪੁਰਾਣੇ ਜਰਮਨ ਬਜੁਰਗ ਗੁਆਂਢੀਆਂ ਦੇ ਘਰ ਹਨ।ਜਦੋ ਉਨਾਂ ਨੂੰ ਪਤਾ ਲੱਗਾ ਕਿ ਡੀਟਾ ਹੁਣ Gay ਹੈ ਤਾਂ ਉਨਾਂ ਨੇ ਉਸ ਨਾਲ ਬੋਲਚਾਲ ਬੰਦ ਕਰ ਲਈ ਸੀ।ਕਿ ਇੱਕ ਬਾਪ ਇੱਕ ਪਤੀ ਹੋ ਕੇ ਉਹ Gay ਕਿਵੇਂ ਹੋ ਸਕਦਾ ਹੈ।ਇੱਕ ਦੋ ਤੁਰਕੀ ਪਰਿਵਾਰਾਂ ਨੇ ਉਸ ਨੂੰ ਹਰਾਮ ਕਹਿ ਕੇ ਉਸ ਦੀ ਬੇਜਇਤੀ ਕੀਤੀ ਕਿ Gay ਲੋਕ ਨਰਕਾ ਦੇ ਵਾਸੀ ਹੁੰਦੇ ਹਨ।ਸਾਡਾ ਮੁਹੱਲਾ ਸਭ ਘਰੈਲੂ ਪਰਿਵਾਰ ਵਾਲਿਆਂ ਦਾ ਮੁਹੱਲਾ ਹੈ ਜਿਸ ਵਿੱਚ ਬਹੁਤੇ ਪੁਰਾਣੇ ਬਜੁਰਗ ਰਹਿੰਦੇ ਨੇ।ਜਿਹੜੇ ਮੁਹੱਲੇ ਦੇ ਹਰ ਆਉਂਦੇ ਜਾਂਦੇ ਤੇ ਨਜਰ ਰੱਖਦੇ ਹਨ।ਕੁਝ ਕੁ ਨੌਕਰੀ ਪੇਸ਼ਾ ਲੋਕ ਹਨ ਜਿੰਨਾ ਵਿੱਚ ਅਸੀਂ ਤੇ ਡੀਟਾ ਵੀ ਹੈ।ਦੋ ਕੁ ਘਰ ਤੁਰਕੀ ਪਰਿਵਾਰਾਂ ਦੇ ਹਨ ਜਿੰਨਾ ਦੇ ਬਜੁਰਗ ਸਵੇਰ ਤੋਂ ਸ਼ਾਮ ਤੱਕ ਆਪਣੇ ਗਾਰਡਨ ਵਿੱਚ ਹੁੱਕਾ ਜਿਸ ਨੂੰ ਸ਼ੀਸਾ ਵੀ ਕਹਿੰਦੇ ਨੇ ਲੈ ਕੇ ਬੈਠੇ ਰਹਿੰਦੇ ਨੇ ਤੇ ਹੱਥ ਵਿੱਚ ਤੱਸਬੀ ਫੜੀ ਹੁੰਦੀ ਹੈ।ਉਨਾਂ ਦੀਆਂ ਜਨਾਨੀਆਂ ਸੋਹਣੇ ਘਰਾਂ ਦੇ ਮੂਹਰੇ ਕੱਦੂ ਤੇ ਹੱਦਵਾਣੇ ਦੇ ਬੀ ਪੱਲਿਆਂ ਚ ਪਾ ਕੇ ਸਾਰਾ ਦਿਨ ਚਿੜੀਆਂ ਵਾਂਗੂੰ ਚੁੱਗ ਚੁੱਗ ਬੀ ਦੇ ਛਿਲਕੇ (ਕੁੜਾ)ਤਕਾਲਾਂ ਤੱਕ ਘਾਹ ਤੇ ਚੰਗੀ ਤਰਾਂ ਖਿਰਾਲ ਕੇ ਉੱਠਦੀਆਂ ਨੇ।ਜਿਥੇ ਕੱਦੂ ਤੇ ਹਦਵਾਣੇ ਦੇ ਛਿਲਕੇ ਖਿਲਰੇ ਹੋਣ ਸਮਝ ਆ ਜਾਂਦੀ ਹੈ ਕਿ ਇਥੇ ਤੁਰਕੀ ਲੋਕ ਬਹਿ ਕੇ ਗਏ ਨੇ।ਕਈ ਬਾਰ ਅਸੀਂ ਚੰਗੇ ਤੇ ਸਾਫ ਮੁਲੱਕ ਵਿਚ ਰਹਿ ਕੇ ਵੀ ਜੱਦੀ ਆਦਤਾਂ ਨੀ ਛੱਡਦੇ
ਇਨਾਂ ਲੋਕਾਂ ਨੂੰ 40 -50 ਸਾਲ ਹੋ ਗਏ ਜਰਮਨੀ ਰਹਿੰਦਿਆਂ ਨੂੰ ਪਰ, ਜਰਮਨੀ ਭਾਸ਼ਾ ਦਾ ਇੱਕ ਅੱਖਰ ਨੀ ਆਉਂਦਾ।ਬਸ ਕਿਸੇ ਜਰਮਨ ਮੁੰਡੇ ਕੁੜੀ ਨੂੰ ਸੜਕ ਕੇ ਚੁੰਮਣ ਭਰਦਿਆਂ ਦੇਖ ਲੈਣ ਤੇ ਉੱਚੀ ਉੱਚੀ ਰੌਲਾ ਪਾਉਣਗੇ #ਹਰਾਮ #ਹਰਾਮ ਖਬਰੈ ਉਹ ਸੋਚਦੇ ਹਨ ਕਿ ਇਹ ਜਰਮਨੀ ਨਹੀਂ ਤੁਰਕੀ ਦੇਸ਼ ਹੈ ਡੀਟਾ ਨੂੰ ਇੰਨਾ ਲੋਕਾਂ ਨੇ ਹਰਾਮ ਹਰਾਮ ਕਹਿ ਕੇ ਕਈ ਮਹੀਨੇ ਤੰਗ ਕੀਤਾ ਸੀ।ਇਸੇ ਕਰਕੇ ਉਹ ਵੀਕਅੈਂਡ ਤੇ ਆਪਣੀ ਮਨ ਮਰਜੀ ਦੀ ਜਿੰਦਗੀ ਬਾਹਰ ਕਿਸੇ ਕਲੱਬ ਵਿੱਚ ਬਿਤਾ ਕੇ ਆਉਂਦਾ ਹੈ।ਜਿਥੇ ਉਸ ਵਰਗੇ ਜੋੜੇ ਇੱਕਠੇ ਹੁੰਦੇ ਹਨ।ਇਹ ਗੱਲਾਂ ਉਹ ਮੈਨੂੰ ਮੇਰੇ ਦਰ ਮੂਹਰੇ ਖੜਾ ਸਮਾਜ ਵੱਲ ਉਂਗਲ ਕਰ ਕਰ ਦੱਸ ਰਿਹਾ ਸੀ।ਮੈਂ ਉਸ ਦੀ ਨਿਮੋਸ਼ੀ ,ਹੀਣ ਭਾਵਨਾ ਨੂੰ ਸਮਝਦੀ ਹੋਈ ਉਸ ਦੇ ਦਿਲ ਦੀ ਅਵਾਜ ਨੂੰ ਵੀ ਸੁਣ ਰਹੀ ਸੀ।ਜਿਸ ਰੂਹ ਦੀ ਅਵਾਜ ਸਾਫ ਤੇ ਸ਼ਪੱਸ਼ਟ ਸੀ,ਪਰ ਇਹ ਮੇਰੀ ਜਿੰਦਗੀ ਨਹੀਂ ਸੀ ।
ਡੀਟਾ ਅਸਲ ਵਿੱਚ ਬਹੁਤ ਨੇਕ ਇਨਸਾਨ ਹੈ।ਹੁਣ ਉਹ ਮੇਰਾ ਚੰਗਾ ਗੁਆਂਢੀ ਵੀ ਹੈ ਅੱਗੇ ਨਾਲੋਂ ਵੀ ਚੰਗਾ। ਮੈਂ ਜਦ ਆਪਣੀ ਬਾਲਕੋਨ ਵਿੱਚ ਬੈਠੀ ਹੁੰਨੀ ਆ ਉਹ ਸਾਹਮਣੇ ਆਪਣੇ ਗਾਰਡਨ ਵਿੱਚ ਹੁੰਦਾ ।ਮੈਨੂੰ ਦੂਰੋਂ ਦੇਖ ਕੇ ਚੰਗੇ ਦਿਨ ਦੀਆਂ ਸ਼ੁੱਭ ਇਛਾਵਾਂ ਕਰੂਗਾ ਮੇਰੇ ਤੋਂ ਇੰਡੀਅਨ ਖਾਣੇ ਬਣਾਉਣ ਦੇ ਤਰੀਕੇ ਪੁੱਛੂ ਗਾ। ਕਦੇ ਕਦੇ ਮੈਨੂੰ ਜਰਮਨ ਭਾਸ਼ਾ ਦੇ ਕਿਸੇ ਸ਼ਬਦ ਦੇ ਅਰਥ ਦੀ ਜੇ ਸਮਝ ਨਾ ਆਵੇ ਜਾਂ ਜਰਮਨ Grammar ਲਿਖਣ ਵਿੱਚ ਗਲਤੀ ਕਰ ਲਵਾਂ ਤਾਂ ਮੈਂ ਡੀਟਾ ਨੂੰ ਕਹਾਂ ਗੀ ਕਿ ਮੇਰੀ ਲਿਖੀ ਜਰਮਨ ਦਾ ਸੋਧ ਕਰ ਦੇ।ਉਹ ਬਹੁਤ ਖੁਸ਼ ਹੋਵੇਗਾ ਅਤੇ ਨਵੇਂ ਨਵੇਂ ਜਰਮਨ ਭਾਸ਼ਾ ਦੇ ਸ਼ਬਦ ਵੀ ਮੈਨੂੰ ਦੱਸੁ ਗਾ।
ਕੋਈ ਫਰਕ ਨਹੀ ਤੁਸੀਂ ਮਰਦ ਹੋ ਅੌਰਤ ਹੋ Gay ਹੋ।ਇਹ ਸਾਡੇ ਸਰੀਰ ਦੀ ਮੰਗ ਹੈ ਪਰ ਜਿੰਨੀ ਦੇਰ ਅਸੀਂ ਸੁਭਾਅ ਅਤੇ ਵਿਹਾਰ ਵੱਲੋਂ ਨੇਕ ਨਹੀਂ ਹਾਂ ਇਮਨਦਾਰ ਨਹੀਂ ਹੈ ਉਦੋਂ ਅਸੀ ਆਪਣੀ ਨਿੰਦਾ ਦੇ ਸਮਾਜ ਵਿੱਚ ਆਪ ਪਾਤਰ ਬਣਦੇ ਹਾਂ ।ਚੰਗਾ ਕਾਰ ਵਿਹਾਰ ਹਰ ਗਲਤੀ ਹਰ ਕੋਜੇ ਪਨ ਨੂੰ ਢੱਕ ਦਿੰਦਾ ਹੈ। ਨਾਲੇ ਹਰ ਕਿਸੇ ਦੀ ਆਪਣੀ ਜਿੰਦਗੀ ਹੈ ਆਪਣੀ ਪਸੰਦ ਹੈ ਘਰਾਂ ਅੰਦਰ ਆਪਣੇ ਜੀਣ ਦੇ ਤੌਰ ਤਰੀਕੇ ਹਨ।ਸਮਾਜ ਵਿੱਚ ਅਸੀਂ ਕਿਵੇਂ ਵਿਚਰਦੇ ਹਾਂ ਕਿਸ ਤਰਾਂ ਦੀ ਬੋਲਬਾਣੀ ਹੈ ਇਹ ਗੱਲ ਸੱਭ ਤੋਂ ਵੱਡੀ ਤੇ ਦੇਖਣ ਵਾਲੀ ਹੁੰਦੀ ਹੈ।

 

Real Estate