ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਟਿੱਕ-ਟੌਕ ਸਟਾਰ ਤੱਕ ਚੋਣ ਮੈਦਾਨ ‘ਚ

1230

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਵਿੱਚ ਕੁਝ ਮਸ਼ਹੂਰ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ। ਇਹ ਚਿਹਰੇ ਖੇਡ ਜਗਤ ਅਤੇ ਸਿੱਖਿਆ ਤੋਂ ਇਲਾਵਾ ਸੋਸ਼ਲ ਮੀਡੀਆ ਸਟਾਰ ਵੀ ਹਨ।ਇਸ ਲਿਸਟ ਵਿੱਚ ਹਰਿਆਣਾ ਦੀ ਸੋਨਾਲੀ ਫੋਗਾਟ ਵੀ ਹੈ ਜੋ ਭਾਜਪਾ ਵਿੱਚ ਸ਼ਾਮਿਲ ਹੋ ਗਈ ਹੈ। ਸੋਨਾਲੀ ਟਿਕ-ਟੌਕ ਰਾਹੀਂ ਲੋਕਾਂ ਵਿੱਚ ਮਸ਼ਹੂਰ ਹੈ। ਭਾਜਪਾ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਲਈ ਭਜਨ ਲਾਲ ਦੇ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਹਲਕਾ ਆਦਮਪੁਰ ਤੋਂ ਉਮੀਦਵਾਰ ਐਲਾਨਿਆ ਹੈ। ਸੋਨਾਲੀ ਦੇ ਟਿਕ-ਟੌਕ ‘ਤੇ ਕਰੀਬ ਇੱਕ ਲੱਖ 32 ਹਜ਼ਾਰ ਫੌਲੋਅਰਜ਼ ਹਨ। ਇਸ ਤੋਂ ਇਲਾਵਾ ਸੋਨਾਲੀ ਨੇ ਕਈ ਟੀਵੀ ਸੀਰੀਜ਼ ਵੀ ਕੀਤੇ ਹਨ ਅਤੇ ਦੂਰਦਰਸ਼ਨ ‘ਤੇ ਵੀ ਉਨ੍ਹਾਂ ਨੇ ਹਰਿਆਣਵੀ ਐਂਕਰ ਵਜੋਂ ਕੰਮ ਕੀਤਾ ਹੈ।ਸੋਨਾਲੀ ਫੋਗਾਟ ਹਰਿਆਣਾ ਦੇ ਫਤਿਹਾਬਾਦ ਦੇ ਭੂਤਨ ਪਿੰਡ ਦੀ ਰਹਿਣ ਵਾਲੀ ਹੈ।
ਰੈਸਲਿੰਗ ਦੇ ਰਿੰਗ ਤੋਂ ਬਾਹਰ ਨਿਕਲ ਕੇ ਹੁਣ ਬਬੀਤਾ ਫੋਗਾਟ ਨੇ ਚੋਣਾਂ ਦੇ ਦੰਗਲ ਵਿੱਚ ਆਪਣੀ ਕਦਮ ਰੱਖਿਆ ਹੈ।ਭਾਜਪਾ ਨੇ ਪ੍ਰਸਿੱਧ ਰੈਸਲਰ ਬਬੀਤਾ ਫੋਗਾਟ ਨੂੰ ਦਾਦਰੀ ਤੋਂ ਟਿਕਟ ਦਿੱਤਾ ਹੈ। ਹਾਲ ਹੀ ਵਿੱਚ ਬਬੀਤਾ ਫੋਗਾਟ ਹਰਿਆਣਾ ਪੁਲਿਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋਈ ਹੈ। ਉਸ ਵੇਲੇ ਉਨ੍ਹਾਂ ਨੇ ਕਿਹਾ ਸੀ ਉਹ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਇਹ ਫ਼ੈਸਲਾ ਲਿਆ ਹੈ।ਕਾਮਨ ਵੈਲਥ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਬਬੀਤਾ ਫੋਗਾਟ ਨੇ ਭਿਵਾਨੀ ਦੇ ਰਾਜੀਵ ਗਾਂਧੀ ਸਰਕਾਰ ਕਾਲਜ ਤੋਂ ਬੀਏ ਕੀਤੀ ਹੈ। ਫੋਗਾਟ ਭੈਣਾਂ ਅਤੇ ਉਨ੍ਹਾਂ ਦੇ ਪਿਤਾ ਬਾਰੇ ਬਾਲੀਵੁੱਡ ਦੀ ਮਸ਼ਹੂਰ ਫਿਲਮ ‘ਦੰਗਲ’ ਵੀ ਬਣੀ ਹੈ।
ਹਰਿਆਣਾ ਵਿਧਾਨ ਸਭਾ ਲਈ ਭਾਜਪਾ ਨੇ ਮੇਵਾਤ ਦੀ ਪੁਨਹਾਨਾ ਸੀਟ ਤੋਂ ਨੌਕਸ਼ਮ ਚੌਧਰੀ ਨੂੰ ਟਿਕਟ ਦਿੱਤੀ ਹੈ।ਨੌਕਸ਼ਮ ਹਾਲ ਹੀ ਵਿੱਚ ਲੰਡਨ ਤੋਂ ਆਈ ਹੈ। ਉਨ੍ਹਾਂ ਦੀ ਮਾਂ ਆਈਏਐੱਸ ਅਤੇ ਪਿਤਾ ਰਿਟਾਇਰਡ ਜੱਜ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਪੜ੍ਹਾਈ ਕੀਤੀ ਹੈ ਅਤੇ ਉਥੋਂ ਦੇ ਵਿਦਿਆਰਥੀ ਸੰਘ ਦੀ ਨੇਤਾ ਵੀ ਰਹੀ ਹੈ।

Real Estate