ਭੀੜ–ਹਿੰਸਾ ਦੇ ਮੁੱਦੇ ’ਤੇ ਮੋਦੀ ਨੂੰ ਚਿੱਠੀ ਲਿਖਣ ਵਾਲਿਆਂ ਵਿਰੁੱਧ ਕੇਸ ਦਰਜ

1038

ਭੀੜਾਂ ਵੱਲੋਂ ਕੁੱਟ–ਕੁੱਟ ਕੇ ਕਿਸੇ ਦੀ ਜਾਨ ਲੈਣ ਜਿਹੇ ਕਈ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤ ਦੀਆਂ ਜਿਹੜੀਆਂ 50 ਤੋਂ ਵੱਧ ਸ਼ਖ਼ਸੀਅਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਚਿੰਤਾ ਪ੍ਰਗਟਾਈ ਸੀ ਹੁਣ ਉਨ੍ਹਾਂ ਵਿਰੁੱਧ ਵੀਰਵਾਰ ਨੂੰ ਇੱਕ ਵਕੀਲ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ 50 ਜਣਿਆਂ ਵਿਰੁੱਧ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੂਰਿਆਕਾਂਤ ਤਿਵਾੜੀ ਦੇ ਹੁਕਮ ਮੁਤਾਬਕ ਕੇਸ ਦਰਜ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਮੁਜ਼ੱਫ਼ਰਪੁਰ ਦੇ ਹੀ ਇੱਕ ਵਕੀਲ ਸੁਧੀਰ ਕੁਮਾਰ ਓਝਾ ਨੇ ਦੋ ਕੁ ਮਹੀਨੇ ਪਹਿਲਾਂ ਇੱਕ ਪਟੀਸ਼ਨ ਦਾਇਰ ਕਰਵਾਈ ਸੀ; ਜਿਸ ਦੇ ਆਧਾਰ ਉੱਤੇ ਬੀਤੀ 20 ਅਗਸਤ ਨੂੰ ਐੱਫ਼ਆਈਆਰ ਦਾਇਰ ਕਰਨ ਦਾ ਹੁਕਮ ਦਿੱਤਾ ਗਿਆ ਸੀ। ਵੀਰਵਾਰ ਨੂੰ ਸਦਰ ਪੁਲਿਸ ਥਾਣੇ ਵਿੱਚ ਇਹ ਕੇਸ ਦਾਇਰ ਕੀਤਾ ਗਿਆ। ਸ਼ਿਕਾਇਤਕਰਤਾ ਵਕੀਲ ਦਾ ਕਹਿਣਾ ਹੈ ਕਿ ਚਿੱਠੀ ਲਿਖਣ ਵਾਲੀਆਂ ਸ਼ਖ਼ਸੀਅਤਾਂ ਨੇ ਜਾਣ–ਬੁੱਝ ਕੇ ਦੇਸ਼ ਦਾ ਅਕਸ ਖ਼ਰਾਬ ਕਰਨ ਤੇ ਪ੍ਰਧਾਨ ਮੰਤਰੀ ਦੀਆਂ ਪ੍ਰਾਪਤੀਆਂ ਨੂੰ ਘਟਾ ਕੇ ਵਿਖਾਉਣ ਦਾ ਜਤਨ ਕਰਨ ਦੇ ਦੋਸ਼ ਅਧੀਨ ਪਟੀਸ਼ਨ ਦਾਖ਼ਲ ਕੀਤੀ ਸੀ। ਇਹ ਚਿੱਠੀ ਲਿਖਣ ਵਾਲਿਆਂ ਵਿੱਚ ਫ਼ਿਲਮ ਡਾਇਰੈਕਟਰ ਸ਼ਿਆਮ ਬੈਨੇਗਲ, ਮਣੀਰਤਨਮ, ਅਨੁਰਾਗ ਕਸ਼ਿਅਪ, ਅਦਾਕਾਰਾ ਅਪਰਣਾ ਸੇਨ, ਇਤਿਹਾਸਕਾਰ ਰਾਮਚੰਦਰ ਗੁਹਾ, ਅਦਾਕਾਰ ਸੌਮਿਤਰ ਚੈਟਰਜੀ, ਗਾਇਕ ਸ਼ੁਭਾ ਮੁਦਗਲ ਜਿਹੀਆਂ ਸ਼ਖ਼ਸੀਅਤਾਂ ਸ਼ਾਮਲ ਹਨ।

Real Estate