ਅੰਮ੍ਰਿਤਸਰ ਹਵਾਈ ਅੱਡਾ ਦੇ ਦਿੱਤਾ ਜਾਵੇਗਾ ਨਿੱਜੀ ਹੱਥਾਂ ‘ਚ !

1332

ਭਾਰਤ ਸਰਕਾਰ ਨੇ ਦੇਸ਼ ਦੇ ਹਵਾਈ ਅੱਡਿਆਂ ਤੇ ਰੇਲਵੇ ਦੀ ਸੰਪਤੀ ਨਿਜੀ ਹੱਥਾਂ ਹਵਾਲੇ ਕਰਨ ਦੀ ਰਣਨੀਤੀ ਉਲੀਕ ਲਈ ਹੈ ਜਿਸ ਤੋਂ ਉਸ ਨੂੰ ਇੱਕ ਲੱਖ ਕਰੋੜ ਰੁਪਏ ਦੀ ਆਮਦਨ ਹੋਵੇਗੀ। ਖ਼ਬਰਾਂ ਅਨੁਸਾਰ ਵਾਰਾਨਸੀ ਸਮੇਤ ਛੇ ਹਵਾਈ ਅੱਡਿਆਂ ਨੂੰ ਨਿਜੀ ਹੱਥਾਂ ਹਵਾਲੇ ਕਰਨ ਦੀ ਤਿਆਰੀ ਕਰ ਲਈ ਗਈ ਹੈ। ਛੇਤੀ ਹੀ ਇਹ ਪ੍ਰਸਤਾਵ ਕੈਬਿਨੇਟ ਦੀ ਮੀਟਿੰਗ ਵਿੱਚ ਮਨਜ਼ੂਰੀ ਲਈ ਭੇਜਿਆ ਜਾਵੇਗਾ। ਛੇ ਹਵਾਈ ਅੱਡਿਆਂ ਵਿੱਚ ਅੰਮ੍ਰਿਤਸਰ, ਵਾਰਾਨਸੀ, ਇੰਦੌਰ, ਰਾਏਪੁਰ, ਭੁਬਨੇਸ਼ਵਰ ਤੇ ਤਿਰਚੀ ਸ਼ਾਮਲ ਹਨ।ਇਸ ਵੇਲੇ ਇਨ੍ਹਾਂ ਹਵਾਈ ਅੱਡਿਆਂ ਦਾ ਸੰਚਾਲਨ ਭਾਰਤੀ ਹਵਾਈ ਅੱਡਾ ਅਥਾਰਟੀ ਕੋਲ ਹੈ। ਸਰਕਾਰ ਵੱਲੋਂ ਹਵਾਈ ਅੱਡੇ ਨਿਜੀ ਹੱਥਾਂ ਹਵਾਲੇ ਕਰਨ ਦਾ ਇਹ ਦੂਜਾ ਗੇੜ ਹੋਵੇਗਾ। ਪਹਿਲੇ ਗੇੜ ’ਚ ਅਡਾਨੀ ਇੰਟਰਪ੍ਰਾਈਜ਼ੇਸ ਨੂੰ ਛੇ ਹਵਾਈ ਅੱਡਿਆਂ ਦੇ ਸੰਚਾਲਨ ਦੀ ਜ਼ਿੰਮੇਵਾਰੀ ਮਿਲ ਚੁੱਕੀ ਹੈ। ਹਵਾਈ ਅੱਡੇ ਨਿਜੀ ਹੱਥਾਂ ਹਵਾਲੇ ਕਰਨ ਦੇ ਨਵੇਂ ਟੈਂਡਰ ਵਿੱਚ ਜੀਐੱਮਆਰ, ਜੀਐੱਮਕੇ ਅਤੇ ਅਡਾਨੀ ਜਿਹੀਆਂ ਕੰਪਨੀਆਂ ਅੱਗੇ ਆ ਸਕਦੀਆਂ ਹਨ। ਬੋਲੀ ਦੀ ਪ੍ਰਕਿਰਿਆ ਅਧੀਨ ਸਭ ਤੋਂ ਵਧੀਆ ਪ੍ਰਸਤਾਵ ਦੇਣ ਵਾਲੀ ਕੰਪਨੀ ਦੀ ਚੋਣ ਕੀਤੀ ਜਾਵੇਗੀ। ਸਰਕਾਰ ਦੀ ਹਵਾਈ ਅੱਡਿਆਂ ਰਾਹੀਂ 15 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਹੈ। ਹਵਾਈ ਅੱਡਿਆਂ ਤੋਂ ਇਲਾਵਾ ਰੇਲਵੇ ਖੇਤਰ ਦੀਆਂ ਸੰਪਤੀਆਂ ਵੇਚ ਕੇ ਸਰਕਾਰ 20 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੀ ਤਿਆਰੀ ਕਰ ਰਹੀ ਹੈ।ਸਰਕਾਰ ਹਵਾਈ ਅੱਡਿਆਂ ਦੇ ਨਾਲ ਹੀ ਬਿਜਲੀ ਖੇਤਰ, ਜਹਾਜ਼ਰਾਨੀ ਤੇ ਰਾਸ਼ਟਰੀ ਰਾਜਮਾਰਗ ਦੇ ਕੰਮਕਾਜ ਨਿਜੀ ਕੰਪਨੀਆਂ ਹਵਾਲੇ ਕਰ ਕੇ 60 ਤੋਂ 70 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ। ਨੀਤੀ ਆਯੋਗ ਦੀ ਤਾਜ਼ਾ ਯੋਜਨਾ ਮੁਤਾਬਕ ਜਹਾਜ਼ਰਾਨੀ ਖੇਤਰ ਵਿੰਚ 10 ਤੋਂ ਵੱਧ ਸੰਪਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਅਗਲੇ ਤਿੰਨ ਸਾਲਾਂ ਵਿੱਚ ਪੜਾਅਵਾਰ ਤਰੀਕੇ ਨਾਲ ਰਾਜਮਾਰਗਾਂ ਨੂੰ ਨਿਜੀ ਹੱਥਾਂ ਹਵਾਲੇ ਕੀਤਾ ਜਾਵੇਗਾ।

Real Estate