ਭੀਖ ਮੰਗਣ ਦੀ ਬਜਾਏ ਨੌਕਰੀ ਤਲਾਸ ਰਿਹੈ ਬੁਲੰਦ ਹੌਂਸਲੇ ਵਾਲਾ ਦਿਨੇਸਵਰ ਪਾਂਡੇ

763

ਬਲਵਿੰਦਰ ਸਿੰਘ ਭੁੱਲਰ

ਇੱਕ ਗੀਤ ‘ਮੈਂ ਲਿਖਣਾ ਚਾਹੁੰਣਾ ਵਾਂ ਕੋਈ ਦਰਦ ਗਰੀਬਾਂ ਦਾ, ਜਿਹਨਾਂ ਨਾਲ ਪੈ ਗਿਆ ਏ ਕੋਈ ਵੈਰ ਨਸੀਬਾਂ ਦਾ।’’ ਦੇ ਬੋਲ ਸੁਣਾਈ ਦੇ ਰਹੇ ਸਨ, ਕਿ ਮੇਰੇ ਸਾਹਮਣੇ ਇੱਕ ਅਜਿਹਾ ਵਿਅਕਤੀ ਆ ਖੜਾ, ਜਿਸਨੂੰ ਵੇਖਦਿਆਂ ਇਉਂ ਮਹਿਸੂਸ ਹੋਇਆ ਜਿਵੇਂ
ਉਸਦੇ ਜੀਵਨ ਬਾਰੇ ਹੀ ਇਹ ਸਬਦ ਬੋਲੇ ਜਾ ਰਹੇ ਹੋਣ। ਅਤੀ ਗਰੀਬੀ ਵਿੱਚ ਦਿਖਾਈ ਦਿੰਦਾ ਇਹ ਅਧਖੜ ਉਮਰ ਦਾ ਵਿਅਕਤੀ, ਜਿਸ ਦੀਆਂ ਦੋਵੇਂ ਬਾਹਾਂ ਵੱਢੀਆਂ ਹੋਈਆਂ ਸਨ, ਪਰ ਉਹ ਭੀਖ ਮੰਗਣ ਨਹੀਂ ਸੀ ਰੁਕਿਆ, ਬਲਕਿ ਆਪਣੇ ਪਰਿਵਾਰ ਦੀਆਂ ਜੁਮੇਵਾਰੀਆਂ ਨਿਭਾਉਣ ਸਬੰਧੀ ਮਸਵਰਾ ਕਰਨਾ ਚਾਹੁੰਦਾ ਸੀ। ਉਸਦੇ ਗੱਲ ਕਰਨ ਵਾਲੇ ਲਹਿਜੇ ਤੋਂ ਇਉਂ ਲੱਗਿਆ ਕਿ ਉਹ ਆਪਣੇ ਦੁਖਦਾਈ ਜੀਵਨ ਤੋਂ ਨਿਰਾਸ਼ ਨਹੀਂ ਹੋਇਆ ਤੇ ਇੱਕ ਫਿਲਾਸਫਰ ਦੇ ਉਸ ਕਥਨ ਨਾਲ ਜਿੰਦਗੀ ਤੋਰ ਰਿਹੈ, ‘ਆਮ ਆਦਮੀ ਦਾ ਜੀਵਨ ਦੁੱਖਾਂ ਤੇ ਸੁੱਖਾਂ ਦਾ ਗੁਲਦਸਤਾ ਹੈ, ਚੰਗਾ ਵਿਅਕਤੀ ਉਹੀ ਹੈ, ਜੋ ਦੁੱਖਾਂ ਤੋਂ ਹਾਰ ਨਾ ਮੰਨੇ।’ ਇਸ ਕਰੀਬ 50 ਸਾਲਾ ਵਿਅਕਤੀ ਦਿਨੇਸਵਰ ਪਾਂਡੇ ਨੇ ਪੂਰੇ ਹੌਂਸਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਕਰੀਬ ਵੀਹ ਸਾਲ ਪਹਿਲਾਂ ਕੁਤਰੇ ਵਾਲੀ ਮਸ਼ੀਨ ਵਿੱਚ ਆ ਕੇ ਉਸਦੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ ਸਨ। ਉਸਦੇ ਇੱਕ ਪੁੱਤਰ ਤੇ ਤਿੰਨ ਪੁੱਤਰੀਆਂ ਸਨ, ਪਰ ਪੁੱਤਰ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਅਤੇ ਉਸਦੇ ਵਿਯੋਗ ਵਿੱਚ ਰੋਂਦਿਆਂ ਉਸਦੀ ਮਾਂ ਦੀਆਂ ਅੱਖਾਂ ਦੀ ਰੌਸਨੀ ਘਟ ਗਈ, ਜਿਸ ਕਾਰਨ ਉਹ ਬਹੁਤਾ ਕੰਮ ਨਹੀਂ ਕਰ ਸਕਦੀ। ਉਸਨੇ ਦੱਸਿਆ ਕਿ ਦੋ ਪੁੱਤਰੀਆਂ ਦਸਵੀਂ ’ਚ ਅਤੇ ਤੀਜੀ ਸੱਤਵੀਂ ਵਿੱਚ ਪੜ੍ਹਦੀਆਂ ਹਨ।
ਦਿਨੇਸਵਰ ਨੇ ਦੱਸਿਆ ਕਿ ਉਸਦੀ ਖੱਬੀ ਬਾਂਹ ਜੋ ਗੁੱਟ ਤੋਂ ਕੁੱਝ ਉਪਰ ਤੋਂ ਵੱਢੀ ਗਈ ਸੀ, ਉਸ ਵਿੱਚ ਚੀਰ ਪਾ ਕੇ ਦੋ ਹੱਡੀਆਂ ਵੱਖ ਵੱਖ ਕਰਕੇ ਏਨੀ ਪ੍ਰੈਕਟਿਸ ਕੀਤੀ ਹੈ ਕਿ ਹੱਥ ਵਾਲਾ ਸਾਰਾ ਕੰਮ ਇਹਨਾਂ ਹੱਡੀਆਂ ਰਾਹੀਂ ਕਰ ਲੈਂਦਾ ਹੈ। ਕੋਈ ਚੀਜ ਉਠਾਉਣੀ ਫੜਾਉਣੀ ਤਾਂ ਦੂਰ ਉਹ ਪੜ੍ਹਿਆ ਹੋਣ ਕਾਰਨ ਅੰਗਰੇਜੀ ਅਤੇ ਪੰਜਾਬੀ ਵੀ ਇਹਨਾਂ ਹੱਡੀਆਂ ਵਿੱਚ ਪੈੱਨ ਫੜ ਕੇ ਲਿਖ ਲੈਂਦਾ ਹੈ। ਉਸਨੇ ਦੱਸਿਆ ਕਿ ਕਾਫ਼ੀ ਸਾਲ ਪਹਿਲਾਂ ਉਸਨੂੰ ਦਸਵੀਂ ਪਾਸ ਵਿੱਦਿਆ ਦੇ ਅਧਾਰ ਤੇ ਰੈੱਡ ਕਰਾਸ ਦਫ਼ਤਰ ਵਿੱਚ ਭਰਤੀ ਕਰ ਲਿਆ ਸੀ, ਜਿੱਥੇ ਚਾਰ ਸਾਲ ਨੌਕਰੀ ਕੀਤੀ ਅਤੇ ਫਿਰ ਕੁੱਝ ਮੁਲਾਜਮ ਹਟਾਏ ਗਏ ਸਨ, ਜਿਹਨਾਂ ਵਿੱਚ ੳਸਦਾ ਨਾਂ ਵੀ ਸੀ। ਇਸਤੋਂ ਬਾਅਦ ਉਸਨੇ ਹਾਈਵੇ ਸਾਈਕਲ ਲੁਧਿਆਣਾ ਵਿਖੇ ਮੇਨ ਸਟੋਰ ’ਚ ਨੌਕਰੀ ਕੀਤੀ, ਪਰ ਕੁਝ ਸਮੇਂ ਬਾਅਦ ਉੱਥੋ ਵੀ ਹਟਣਾ ਪਿਆ। ਦਿਨੇਸਵਰ ਨੇ ਦੱਸਿਆ ਕਿ ਆਪਣਾ ਮਕਾਨ ਨਾ ਹੋਣ ਕਰਕੇ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸਦਾ ਆਮਦਨ ਦਾ ਕੋਈ ਸਾਧਨ ਨਹੀਂ ਹੈ, ਪਰ ਲੋਕਾਂ ਵੱਲੋਂ ਮਿਲਦੀ ਸਹਾਇਤਾ ਨਾਲ ਉਹ ਕਿਰਾਇਆ ਵੀ ਭਰ ਰਿਹੈ ਅਤੇ ਚੁੱਲ੍ਹੇ ਦਾ ਖਰਚਾ ਤੋਰ ਕੇ ਬੱਚਿਆਂ ਦਾ ਪਾਲਣ ਪੋਸਣ ਕਰ ਰਿਹੈ। ਉਸਨੇ ਕਿਹਾ ਕਿ ਉਹ ਕਿਸੇ ਅੱਗੇ ਹੱਥ ਨਹੀਂ ਅੱਡਣਾ ਚਾਹੁੰਦਾ, ਸਗੋਂ ਨੌਕਰੀ ਦੀ ਤਲਾਸ਼ ਵਿੱਚ ਹੈ। ਉਹ ਇਹ ਸਲਾਹ ਮਸਵਰਾ ਕਰਨ ਲਈ ਹੀ ਰੁਕਿਆ ਸੀ, ਕਿ ਕਿਸੇ ਪ੍ਰ੍ਰਾਈਵੇਟ ਅਦਾਰੇ ਵਿੱਚ ਉਸਨੂੰ ਛੋਟੀ ਮੋਟੀ ਨੌਕਰੀ ਮਿਲ ਜਾਵੇ ਤਾਂ ਉਹ ਬੱਚਿਆਂ ਦਾ ਪਾਲਣ ਅਸਾਨੀ ਨਾਲ ਕਰ ਸਕਦਾ ਹੈ। ਉਸਦੇ ਹੌਂਸਲੇ ਦੀ ਦਾਦ ਦੇਣੀ ਬਣਦੀ ਹੈ, ਕਿ ਪਤਨੀ ਕੰਮ ਕਰਨ ਤੋਂ ਅਸਮਰੱਥ, ਪੰਜਾਹ ਸਾਲ ਉਮਰ, ਦੋਵੇਂ ਬਾਹਾਂ ਵੱਢੀਆਂ ਹੋਈਆਂ, ਪਰ ਉਹ ਅਜੇ ਵੀ ਭੀਖ ਮੰਗਣ ਨਾਲੋਂ ਨੌਕਰੀ ਦੀ ਤਲਾਸ ਕਰ ਰਿਹੈ। ਉਸਦੀ ਵਿਥਿਆ ਸੁਣਨ ਵਾਲਿਆਂ ਨੇ ਉਸਨੂੰ ਕੁੱਝ ਸੁਝਾਅ ਦਿੱਤੇ ਅਤੇ ਉਹ ਉਮੀਦ ਲੈ ਕੇ ਤੁਰ ਗਿਆ, ਪਰ ਉ¤ਥੇ ਬੈਠੇ ਸੱਜਣ ਕਹਿ ਰਹੇ ਸਨ ਕਿ ‘ਭਾਵੇਂ ਦਿਨੇਸਵਰ ਜਿੰਦਗੀ ਤੋਂ ਦੁਖੀ ਹੈ, ਪਰ ਬੁਲੰਦ ਹੌਂਸਲੇ ਵਾਲਾ
ਹੈ।’

Real Estate