ਗ਼ਾਰ ਨਾਲ ਭਰ ਰਹੀ ਹੈ ਭਾਖੜਾ ਬੰਨ੍ਹ ’ਤੇ ਬਣੀ ਝੀਲ ?

1015

ਭਾਖੜਾ ਬੰਨ੍ਹ ’ਤੇ ਬਣੀ ਝੀਲ ਦੀ ਪਾਣੀ ਸੰਭਾਲ ਕੇ ਰੱਖਣ ਦੀ ਆਪਣੀ ਇੱਕ ਨਿਸ਼ਚਤ ਸਮਰੱਥਾ ਹੈ ਪਰ ਇਸ ਵੇਲੇ ਇਸ ਦਾ ਲਗਭਗ ਇੱਕ–ਚੌਥਾਈ (23%) ਹਿੱਸਾ ਗ਼ਾਰ ਨਾਲ ਭਰਿਆ ਹੋਇਆ ਹੈ। ਇਹ ਜਾਣਕਾਰੀ ਖ਼ੁਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਡੀ।ਕੇ। ਸ਼ਰਮਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਗ਼ਾਰ ਦੀ ਇਸ ਸਮੱਸਿਆ ਨਾਲ ਨਿਪਟਣ ਲਈ ਕੁਝ ਦੂਰਅੰਦੇਸ਼ ਕਦਮ ਚੁੱਕੇ ਜਾ ਰਹੇ ਹਨ। ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਕੈਚਮੈਂਟ ਏਰੀਆ ’ਚ ਵਿਕਾਸ ਕਾਰਜ ਵੱਡੇ ਪੱਧਰ ਉੱਤੇ ਹੋਏ ਹਨ; ਜਿਸ ਕਾਰਨ ਇਹ ਗ਼ਾਰ ਕੁਝ ਵੱਧ ਜਮ੍ਹਾ ਹੋ ਗਈ ਹੈ। ਗੋਬਿੰਦ ਸਾਗਰ ਝੀਲ ਵਿੱਚ ਗ਼ਾਰ ਦੇ ਪੱਧਰ ਦੀ ਜਾਂਚ ਹਰ ਦੂਜੇ ਸਾਲ ਕਰਵਾਈ ਜਾਂਦੀ ਹੈ। ਚੇਅਰਮੈਨ ਨੇ ਦੱਸਿਆ ਕਿ ਉਹ ਭਾਖੜਾ ਬੰਨ੍ਹ ਤੇ ਪੌਂਗ ਬੰਨ੍ਹ ਵਿੱਚ ਵਧਦੀ ਜਾ ਰਹੀ ਗ਼ਾਰ ਤੋਂ ਬਹੁਤ ਚਿੰਤਤ ਹਨ। ਬੋਰਡ ਹੁਣ ਇਨ੍ਹਾਂ ਬੰਨ੍ਹਾਂ ਦੀ ਮਜ਼ਬੂਤੀ ਹੋਰ ਵਧਾਉਣ ਦੇ ਜਤਨਾਂ ਵਿੱਚ ਲੱਗਾ ਹੋਇਆ ਹੈ। ਸ਼ਰਮਾ ਨੇ ਦੱਸਿਆ ਕਿ ਗ਼ਾਰ ਦੀ ਸਮੱਸਿਆ ਨਾਲ ਨਿਪਟਣ ਲਈ ਕੈਚਮੈਂਟ ਏਰੀਆ ਵਿੱਚ 7 ਲੱਖ ਰੁੱਖ ਲਾਏ ਜਾਣਗੇ। ਨਿਕਾਸੀ ਵਾਲੇ ਕੁਝ ਰਾਹਾਂ ਉੱਤੇ ਨਾਜਾਇਜ਼ ਕਬਜ਼ੇ ਹੋ ਗਏ ਹਨ ਤੇ ਕੁਝ ਥਾਵਾਂ ਉੱਤੇ ਤਾਂ ਲੋਕਾਂ ਨੇ ਘਰ ਵੀ ਬਣਾ ਲਿਆ ਹੈ। ਹੁਣ ਇਹ ਬੰਨ ਬਣੇ ਨੂੰ 56 ਵਰ੍ਹੇ ਬੀਤ ਚੁੱਕੇ ਹਨ। ਚੇਅਰਮੈਨ ਨੇ ਦੱਸਿਆ ਕਿ ਇਸੇ ਗ਼ਾਰ ਕਾਰਨ ਹੀ ਗੋਬਿੰਦ ਸਾਗਰ ਝੀਲ ਹੁਣ ਛੇਤੀ ਭਰ ਜਾਂਦੀ ਹੈ ਤੇ ਛੇਤੀ ਖ਼ਾਲੀ ਹੋ ਜਾਂਦੀ ਹੈ। ਗ਼ਾਰ ਨੂੰ ਇੱਥੋਂ ਅੱਗੇ ਦਰਿਆ ਵਿੱਚ ਨਹੀਂ ਵਹਾਇਆ ਜਾ ਸਕਦਾ ਕਿਉਂ ਇੰਝ ਹਰ ਉਸ ਥਾਂ ਉੱਤੇ ਨਵੀਂ ਸਮੱਸਿਆ ਪੈਦਾ ਹੋ ਜਾਵੇਗੀ, ਜਿੱਥੋਂ ਵੀ ਇਹ ਦਰਿਆ ਲੰਘਦਾ ਹੈ। ਉਨ੍ਹਾਂ ਦੱਸਿਆ ਕਿ ਗੋਬਿੰਦ ਸਾਗਰ ਝੀਲ ਦੀ ਸਫ਼ਾਈ ਵੀ ਸੰਭਵ ਨਹੀਂ ਹੈ ਕਿਉਂ ਇਸ ਲਈ ਪਾਣੀ ਦਾ ਪੱਧਰ ਘਟਾ ਕੇ 1,460 ਫ਼ੁਟ ਕਰਨਾ ਹੋਵੇਗਾ, ਇਸ ਨਾਲ ਇਸ ਝੀਲ ਨੂੰ ਭਰਨ ਦਾ ਸਾਰਾ ਚੱਕਰ ਹੀ ਖ਼ਰਾਬ ਹੋ ਜਾਵੇਗਾ।

HT

Real Estate