ਯੂਪੀ ਦੀ ਨਹਿਰ ’ਚ ਤੈਰਦੀਆਂ ਮਿਲੀਆਂ ਪੰਜਾਬ ਦੀ ਸ਼ਰਾਬ ਦੀਆਂ ਸੈਂਕੜੇ ਬੋਤਲਾਂ

1023

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ’ਚੋਂ ਵਹਿੰਦੀ ਅਜਪੁਰਾ–ਬੜੀ ਨਹਿਰ ’ਚ ਕੱਲ੍ਹ ਸ਼ੁੱਕਰਵਾਰ ਦੀ ਸਵੇਰ ਨੂੰ ਅੰਗਰੇਜ਼ੀ ਸ਼ਰਾਬ ਦੀਆਂ ਸੈਂਕੜੇ ਬੋਤਲਾਂ ਤੈਰਦੀਆਂ ਮਿਲੀਆਂ। ਸਵੇਰੇ–ਸਵੇਰੇ ਜੰਗਲ–ਪਾਣੀ ਲਈ ਨਿੱਕਲੇ ਪਿੰਡ ਵਾਸੀਆਂ ਨੇ ਜਾਲ਼ ਲਾ ਕੇ ਦਰਜਨਾਂ ਬੋਤਲਾਂ ਕੱਢ ਲਈਆਂ ਤੇ ਫ਼ਰਾਰ ਹੋ ਗਏ।ਇਸ ਮਾਮਲੇ ਦੀ ਜਾਣਕਾਰੀ ਜਦੋਂ ਜ਼ੈਦਪੁਰਪੁਰ ਪੁਲਿਸ ਕੋਲ ਪੁੱਜੀ ਤਾਂ ਉਨ੍ਹਾਂ ਲੋਕਾਂ ਨੂੰ ਚੌਕਸ ਕਰਦਿਆਂ ਇਸ ਸ਼ਰਾਬ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ। ਪਿੰਡ ਵਾਸੀਆਂ ਨੇ ਛੋਟੀਆਂ–ਵੱਡੀਆਂ ਸਾਰੀਆਂ 58 ਬੋਤਲਾਂ ਪੁਲਿਸ ਨੂੰ ਵਾਪਸ ਕਰ ਦਿੱਤੀਆਂ। ਦਰਅਸਲ, ਬਾਰਾਬੰਕੀ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਬੀਤੇ ਮਈ ਮਹੀਨੇ ਦੇ ਅਖ਼ੀਰ ਵਿੱਚ 17 ਵਿਅਕਤੀ ਮਾਰੇ ਗਏ ਸਨ। ਇਸੇ ਲਈ ਪ੍ਰਸ਼ਾਸਨ ਵੱਲੋਂ ਇਸ ਮਾਮਲੇ ’ਚ ਬਹੁਤ ਜ਼ਿਆਦਾ ਸਾਵਧਾਨੀ ਵਰਤੀ ਜਾ ਰਹੀ ਹੈ।ਕੱਲ੍ਹ ਸਵੇਰੇ–ਸਵੇਰੇ ਜਦੋਂ ਪਿੰਡ ਵਾਸੀਆਂ ਨੇ ਸ਼ਰਾਬ ਦੀਆਂ ਬੋਤਲਾਂ ਨਹਿਰ ’ਚ ਤੈਰਦੀਆਂ ਤੱਕੀਆਂ, ਤਾਂ ਉਹ ਹੈਰਾਨ ਹੋ ਗਏ। ਇਹ ਸਾਰੀਆਂ ਬੋਤਲਾਂ ਪੰਜਾਬ ਵਿੱਚ ਬਣੀਆਂ ਹੋਈਆਂ ਹਨ। ਉੱਥੇ ਇਨ੍ਹਾਂ ਬੋਤਲਾਂ ਨੂੰ ਨਹਿਰ ’ਚੋਂ ਕੱਢਣ ਲਈ ਵੱਡਾ ਇਕੱਠ ਹੋ ਗਿਆ। ਕਈ ਥਾਵਾਂ ਤੋਂ ਲੋਕਾਂ ਨੇ ਸ਼ਰਾਬ ਦੀਆਂ ਬੋਤਲਾਂ ਕੱਢੀਆਂ।ਜ਼ੈਦਪੁਰ ਪੁਲਿਸ ਤੁਰੰਤ ਹਰਕਤ ਵਿੱਚ ਤੇ ਐੱਸਪੀ–ਦੱਖਣੀ ਅਸ਼ੋਕ ਕੁਮਾਰ ਵੀ ਮੌਕੇ ਉੱਤੇ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਇਹ ਸ਼ਰਾਬ ਜ਼ਹਿਰੀਲੀ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਬਾਅਦ ’ਚ ਕਿਸੇ ਦੇ ਘਰੋਂ ਇਹ ਬੋਤਲ ਬਰਾਮਦ ਹੋ ਗਈ, ਤਾਂ ਕਾਨੂੰਨੀ ਕਾਰਵਾਈ ਹੋਵੇਗੀ।ਤਦ ਪਿੰਡ ਵਾਸੀਆਂ ਨੇ ਨਹਿਰ ’ਚੋਂ ਕੱਢੀਆਂ ਸਾਰੀਆਂ ਬੋਤਲਾਂ ਪੁਲਿਸ ਨੂੰ ਵਾਪਸ ਕਰ ਦਿੱਤੀਆਂ। ਉਸ ਤੋਂ ਬਾਅਦ ਪਿੰਡ ਦੇ ਬਹੁਤੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਪਰ ਕੁਝ ਨਹੀਂ ਮਿਲਿਆ।ਜ਼ੈਦਪੁਰ ਦੇ ਇੰਚਾਰਜ ਇੰਸਪੈਕਟਰ ਅੰਬਰੀਸ਼ ਸਿੰਘ ਨੇ ਦੱਸਿਆ ਕਿ ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਆਖ਼ਰ ਸ਼਼ਰਾਬ ਦੀਆਂ ਇੰਨੀਆਂ ਬੋਤਲਾਂ ਕਿਸ ਨੇ ਨਹਿਰ ਵਿੱਚ ਸੁੱਟੀਆਂ ਹਨ। ਅਣਜਾਣ ਵਿਅਕਤੀ ਵਿਰੁੱਧ ਰਿਪੋਰਟ ਦਰਜ ਕੀਤੀ ਗਈ ਹੈ।

HT

Real Estate