ਇੱਕ ਹੋਰ ਪੁਲਿਸ ਮੁਲਾਜਮ ਦੀ ਕੁੱਟਮਾਰ ਵਾਲੀ ਵੀਡੀਓ ਵਾਇਰਲ

1397

ਪਿਛਲੇ ਦਿਨੀਂ ਪੁਲਿਸ ਮੁਲਾਜਮਾਂ ਦੀ ਕੁੱਟਮਾਰ ਦੇ ਮਾਮਲੇ ਮਗਰੋਂ ਅੱਜ ਫਿਰ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਪੁਲਿਸ ਥਾਣੇ ਵਿਚ ਤਾਇਨਾਤ ਏਐੱਸਆਈ ਹਰਮੇਸ਼ ਕੁਮਾਰ ਦੀ ਪਿੰਡ ਰਣੀਆਂ ਵਿਚ ਕੁਝ ਲੋਕਾਂ ਵੱਲੋਂ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਏ ਐੱਸ ਆਈ ਦੀ ਇਕ ਧਿਰ ਵੱਲੋਂ ਕੁੱਟਮਾਰ ਕਰ ਕੇ ਉਸ ਦੀ ਵਰਦੀ ਪਾੜ ਦਿੱਤੀ ਗਈ। ਖਬਰਾਂ ਅਨੁਸਾਰ ਸਤਵਿੰਦਰ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਰਣੀਆਂ ਨੇ ਘਰ ਦੇ ਗੇਟ ਨੂੰ ਲੈ ਕੇ ਬਿਸ਼ਨ ਦਾਸ ਪੁੱਤਰ ਮਾੜੂ ਰਾਮ ਵਾਸੀ ਪਿੰਡ ਰਣੀਆਂ ਵਿਰੁੱਧ ਥਾਣਾ ਧਾਰੀਵਾਲ ਵਿਖੇ ਦਰਖ਼ਾਸਤ ਦਿੱਤੀ ਹੋਈ ਸੀ। ਇਸ ਸਬੰਧੀ ਏ ਐੱਸ ਆਈ ਹਰਮੇਸ਼ ਕੁਮਾਰ ਇਕੱਲੇ ਹੀ ਕੇਸ ਦੀ ਛਾਣਬੀਣ ਕਰਨ ਲਈ ਗਿਆ ਤਾਂ ਬਿਸ਼ਨ ਦਾਸ ਦੀ ਧਿਰ ਦੀ ਏ। ਐੱਸ। ਆਈ। ਹਰਮੇਸ਼ ਕੁਮਾਰ ਨਾਲ ਬਹਿਸ ਸ਼ੁਰੂ ਹੋ ਗਈ। ਜਿਸ ਦੇ ਸਿੱਟੇ ਵਜੋਂ ਬਿਸ਼ਨ ਦਾਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਕਤ ਮੁਲਾਜ਼ਮ ਦੀ ਕੁੱਟ-ਮਾਰ ਕਰ ਕੇ ਉਸ ਦੀ ਵਰਦੀ ਪਾੜ ਦਿੱਤੀ ਗਈ ਅਤੇ ਘਰ ‘ਚ ਬਿਠਾਈ ਰੱਖਿਆ। ਇਸ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਧਾਰੀਵਾਲ ਅਮਨਦੀਪ ਸਿੰਘ ਨੇ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚ ਕੇ ਉਕਤ ਪਰਿਵਾਰਕ ਮੈਂਬਰਾਂ ਕੋਲੋਂ ਛੁਡਵਾਇਆ ਅਤੇ ਇਸ ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਜਿਸ ‘ਤੇ ਉੱਚ ਪੁਲਿਸ ਅਧਿਕਾਰੀਆਂ ਨੇ ਥਾਣਾ ਧਾਰੀਵਾਲ ਵਿਖੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਅਤੇ ਏ ਐੱਸ ਆਈ ਹਰਮੇਸ਼ ਕੁਮਾਰ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ। ਐੱਸ।ਐੱਚ।ਓ। ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਗੁਰਦੀਪ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਬਿਸ਼ਨ ਦਾਸ ਵਾਸੀ ਰਣੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Real Estate