ਪਾਕਿਸਤਾਨ ਚੋਂ ਡ੍ਰੋਨਾਂ ਰਾਹੀਂ ਸੁੱਟਿਆ ਗਿਆ ਸੀ 80 ਕਿਲੋ ਅਸਲਾ !

1285

ਪੰਜਾਬ ਪੁਲਿਸ ਵੱਲੋਂ ਸ਼ਨੀਵਾਰ ਨੂੰ ਚੋਹਲਾ ਸਾਹਿਬ ਤੋਂ ਵੱਡੀ ਮਾਤਰਾ ਅਸਲੇ ਸਮੇਤ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਮੁਲਜ਼ਮਾਂ ਨੂੰ 3 ਅਕਤੂਬਰ ਤੱਕ 10 ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ। ਪੁਲਿਸ ਨੇ ਮੁਲਜ਼ਮਾਂ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਸੰਗੀਨ ਕੇਸ ਦੀਆਂ ਸਾਰੀਆਂ ਪਰਤਾਂ ਖੋਲ੍ਹਣੀਆਂ ਜ਼ਰੂਰੀ ਹਨ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਗਰੁੱਪ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਵਿੱਚ ਹਮਲੇ ਕਰਨ ਦੀ ਸਾਜਿਸ਼ ਰਚ ਰਿਹਾ ਸੀ।
ਹੁਣ ਸਾਹਮਣੇ ਆਇਆ ਹੈ ਕਿ 9 ਤੇ 16 ਸਤੰਬਰ ਦੇ ਵਿਚਕਾਰ ਪਾਕਿਸਤਾਨ ਸਥਿਤ ਕੁਝ ਖ਼ਾਲਿਸਤਾਨੀ ਸਮੂਹਾਂ ਨੇ ਚੋਰੀ–ਛਿਪੇ ਅੱਠ ਡ੍ਰੋਨ ਹਵਾਈ ਜਹਾਜ਼ਾਂ ਰਾਹੀਂ 80 ਕਿਲੋਗ੍ਰਾਮ ਦੇ ਲਗਭਗ ਹਥਿਆਰ ਤੇ ਗੋਲੀ–ਸਿੱਕਾ ਸਰਹੱਦ ਪਾਰ ਭਾਰਤੀ ਪੰਜਾਬ ਵਿੱਚ ਭਿਜਵਾਇਆ ਸੀ। ਇਸ ਸਾਰੇ ਮਾਮਲੇ ਦੀ ਜਾਂਚ ਪੰਜਾਬ ਪੁਲਿਸ, ਕੇਂਦਰੀ ਸੁਰੱਖਿਆ ਏਜੰਸੀਆਂ, ਬਾਰਡਰ ਸਕਿਓਰਿਟੀ ਫ਼ੋਰਸ, ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਕਰ ਰਹੇ ਹਨ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਵਾਰੀ ਵਿੱਚ ਚੀਨ ਦੇ ਵਪਾਰਕ ਡ੍ਰੋਨ ਹਵਾਈ ਜਹਾਜ਼ਾਂ ਰਾਹੀਂ 10 ਕਿਲੋਗ੍ਰਾਮ ਵਜ਼ਨੀ ਹਥਿਆਰ ਤੇ ਗੋਲੀ–ਸਿੱਕਾ ਸਰਹੱਦ ਪਾਰ ਪਹੁੰਚਾਇਆ ਜਾ ਰਿਹਾ ਸੀ।ਇਹ ਡ੍ਰੋਨ ਹਵਾਈ ਜਹਾਜ਼ ਪਾਕਿਸਤਾਨ ’ਚ ਸਰਹੱਦ ਤੋਂ ਦੋ ਕਿਲੋਮੀਟਰ ਦੂਰ ਤੋਂ ਛੱਡੇ ਜਾ ਰਹੇ ਸਨ ਤੇ ਇਨ੍ਹਾਂ ਨੂੰ ਪੰਜ ਕਿਲੋਮੀਟਰ ਦੀ ਦੂਰੀ ਤੱਕ ਦੀ ਯਾਤਰਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ। ਇਹ ਡ੍ਰੋਨ 2,000 ਫ਼ੁੱਟ ਦੀ ਉਚਾਈ ਤੱਕ ਜਾ ਸਕਦੇ ਸਨ ਤੇ 1,200 ਫ਼ੁੱਟ ਦੀ ਉਚਾਈ ਤੋਂ ਹਥਿਆਰ ਸੁੱਟਦੇ ਸਨ। ਡ੍ਰੋਨ ਹਵਾਈ ਜਹਾਜ਼ਾਂ ਦੀ ਗਤੀਵਿਧੀ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵੀ ਵੇਖੀ ਗਈ ਦੱਸੀ ਜਾਂਦੀ ਹੈ। ਪੁੱਛਗਿੱਛ ਦੌਰਾਨ ਸ਼ੱਕੀ ਮੁਲਜ਼ਮਾਂ ਨੇ ਦੱਸਿਆ ਹੈ ਕਿ ਜਰਮਨੀ ਸਥਿਤ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਗੁਰਮੀਤ ਸਿੰਘ ਬੱਗਾ ਤੇ ਪਾਕਿਸਤਾਨ ਸਥਿਤ ਚੀਫ਼ ਰਣਜੀਤ ਸਿੰਘ ਉਰਫ਼ ਨੀਟਾ ਨੇ ਇਹ ਸਾਰੇ ਹਥਿਆਰ ਭਾਰਤੀ ਪੰਜਾਬ ਵਿੱਚ ਹਵਾ ’ਚੋਂ ਸੁਟਵਾਏ ਹਨ।

Real Estate