ਜੰਮੂ ਕਸ਼ਮੀਰ – ਪਾਬੰਦੀਆਂ ਦੌਰਾਨ 1300 ਮੁੰਡੇ ਚੁੱਕੇ ਗਏ ਹਨ

977
ਨਵੀਂ ਦਿੱਲੀ, 24 ਸਤੰਬਰ

ਮਹਿਲਾ ਕਾਰਕੁਨਾਂ ਸਈਦਾ ਹਮੀਦ, ਕੰਵਲਜੀਤ ਕੌਰ ਿਢੱਲੋਂ ਅਤੇ ਐਨੀ ਰਾਜਾ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੀਆਂ ਹੋਈਆਂ। -ਫੋਟੋ: ਮੁਕੇਸ਼ ਅੱਗਰਵਾਲ

ਜੰਮੂ ਕਸ਼ਮੀਰ ਦਾ ਦੌਰਾ ਕਰਕੇ ਆਈ ਮਹਿਲਾ ਅਧਿਕਾਰਾਂ ਬਾਰੇ ਕਾਰਕੁਨਾਂ ਦੀ ਟੀਮ ਨੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਚਿੰਤਾ ਪ੍ਰਗਟਾਉਂਦਿਆਂ ਮੰਗ ਕੀਤੀ ਹੈ ਕਿ ਵਾਦੀ ਵਿੱਚ ਧਾਰਾ 370 ਬਹਾਲ ਕੀਤੀ ਜਾਵੇ ਅਤੇ ਫੌਜ ਤੇ ਨੀਮ ਫ਼ੌਜੀ ਬਲਾਂ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ। ਪੰਜ ਮੈਂਬਰੀ ਟੀਮ ਨੇ ‘ਤੱਥ ਖੋਜ ਰਿਪੋਰਟ’ ਪੇਸ਼ ਕਰਦਿਆਂ ਸਾਰੇ ਸੰਚਾਰ ਸਾਧਨਾਂ, ਜਿਸ ਵਿੱਚ ਇੰਟਰਨੈੱਟ ਅਤੇ ਮੋਬਾਈਲ ਨੈੱਟਵਰਕ ਸ਼ਾਮਲ ਹਨ, ਨੂੰ ਤੁਰੰਤ ਪ੍ਰਭਾਵ ਨਾਲ ਬਾਹਲ ਕੀਤਾ ਜਾਵੇ। ਇਸ ਟੀਮ ਵਿੱਚ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮੈੱਨ ਦੀਆਂ ਕਾਰਕੁਨਾਂ ਐਨੀ ਰਾਜਾ, ਕੰਵਲਜੀਤ ਕੌਰ ਢਿੱਲੋਂ ਤੇ ਪੰਖੁੜੀ ਜ਼ਹੀਰ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਕਾਰਕੁਨ ਪੂਨਮ ਕੌਸ਼ਿਕ ਅਤੇ ਮੁਸਲਿਮ ਵਿਮੈੱਨ’ਜ਼ ਫੋਰਮ ਦੀ ਕਾਰਕੁਨ ਸਈਦਾ ਹਮੀਦ ਸ਼ਾਮਲ ਸਨ। ਇਨ੍ਹਾਂ ਨੇ 17 ਤੋਂ 21 ਸਤੰਬਰ ਤੱਕ ਵਾਦੀ ਦਾ ਦੌਰਾ ਕੀਤਾ। ਇਸ ਟੀਮ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਰਿਪੋਰਟ ਦੇ ਵੇਰਵੇ ਨਸ਼ਰ ਕੀਤੇ। ਇਨ੍ਹਾਂ ਮਹਿਲਾਵਾਂ ਨੇ ਸ਼ੋਪੀਆਂ, ਪੁਲਵਾਮਾ ਅਤੇ ਬੰਦੀਪੋਰਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਦੀ ਦੌਰਾ ਕੀਤਾ ਸੀ। ਰਿਪੋਰਟ ਵਿਚ ਕਿਹਾ ਗਿਆ, ‘‘ਅਸੀਂ ਆਪਣੇ ਅੱਖੀਂ ਦੇਖਣਾ ਚਾਹੁੰਦੀਆਂ ਸੀ ਕਿ 43 ਦਿਨਾਂ ਦੀਆਂ ਪਾਬੰਦੀਆਂ ਦਾ ਲੋਕਾਂ ਖਾਸ ਕਰ ਕੇ ਔਰਤਾਂ ਅਤੇ ਬੱਚਿਆਂ ’ਤੇ ਕੀ ਪ੍ਰਭਾਵ ਪਿਆ ਹੈ।’’ ਕਾਰਕੁਨਾਂ ਨੇ ਰਿਪੋਰਟ ਵਿੱਚ ਕਿਹਾ, ‘‘ਧਾਰਾ 370 ਅਤੇ 35ਏ ਬਹਾਲ ਕੀਤੀ ਜਾਵੇ। ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ ਬਾਰੇ ਸਾਰੇ ਭਵਿੱਖੀ ਫ਼ੈਸਲੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਰਾਹੀਂ ਲਏ ਜਾਣ। ਸਾਰੇ ਖੇਤਰਾਂ ’ਚੋਂ ਤੁਰੰਤ ਫੌਜ ਹਟਾਈ ਜਾਵੇ।’’ ਇਸ ਟੀਮ ਨੇ ਮੰਗ ਕੀਤੀ ਕਿ ਲੋਕਾਂ ਦਾ ਭਰੋਸਾ ਜਿੱਤਣ ਲਈ ਧਾਰਾ 370 ਹਟਾਏ ਜਾਣ ਮਗਰੋਂ ਦਰਜ ਕੀਤੇ ਸਾਰੇ ਕੇਸ/ਐਫਆਈਆਰਜ਼ ਰੱਦ ਕੀਤੇ ਜਾਣ ਅਤੇ ਹਿਰਾਸਤ ਵਿੱਚ ਲਏ ਨੌਜਵਾਨ ਰਿਹਾਅ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਇਹ ਰਿਪੋਰਟ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਵਾਦੀ ਦੇ ਹਾਲਾਤ ਬਾਰੇ ਇਸ ਟੀਮ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਹ ‘ਪਿੰਜਰਿਆਂ ’ਚ ਬੰਦ’ ਹਨ। ਦੁਕਾਨਾਂ, ਸਕੂਲਾਂ, ਕਾਲਜਾਂ, ਹਸਪਤਾਲਾਂ , ਸੜਕਾਂ ਆਦਿ ’ਤੇ ਹਰ ਪਾਸੇ ਸੁੰਨ ਪਸਰੀ ਹੋਈ ਹੈ। ਕਾਰਕੁਨਾਂ ਨੇ ਦਾਅਵਾ ਕੀਤਾ, ‘‘ਸਾਨੂੰ ਦਿੱਤੇ ਗਏ ਇੱਕ ਅਨੁਮਾਨ ਅਨੁਸਾਰ ਪਾਬੰਦੀਆਂ ਦੌਰਾਨ 1300 ਮੁੰਡੇ ਚੁੱਕੇ ਗਏ ਹਨ।’’ -ਪੀਟੀਆਈ

Real Estate