ਅਪਰੇਸ਼ਨ ਬਲਿਊ ਸਟਾਰ ਵੇਲੇ ਵੀ ਹਰਿਮੰਦਰ ਸਾਹਿਬ ‘ਚ ਮੌਜੂਦ ਰਹੇ ਗਿਆਨੀ ਪੂਰਨ ਸਿੰਘ ਦਾ ਅਕਾਲ ਚਲਾਣਾ

1182

ਦੋਂ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਤੇ ਹਮਲਾ ਕੀਤਾ ਤਾਂ ਤਤਕਾਲੀ ਹੈੱਡ ਗ੍ਰੰਥੀ ਗਿਆਨੀ ਪੂਰਨ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ । ਅੱਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ 9 ਵਜੇ ਦੇ ਕਰੀਬ ਆਖਰੀ ਸਾਹ ਲਏ ।
ਗਿਆਨੀ ਪੂਰਨ ਸਿੰਘ , ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋ ਵੀ ਤਾਇਨਾਤ ਰਹੇ ਅਤੇ ਫਿਰ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਥਾਪਿਆ ਗਿਆ ।
ਗਿਆਨੀ ਪੂਰਨ ਸਿੰਘ ਨੇ ਅਪਰੇਸ਼ਨ ਬਲਿਊ ਸਟਾਰ ਮੌਕੇ ਜੋ ਕੁਝ ਦੇਖਿਆ ਉਸਦਾ ਬਿਰਤਾਂਤ ਇਸ ਤਰ੍ਹਾਂ ਹੈ।

ਗਿਆਨੀ ਪੂਰਨ ਸਿੰਘ ਨੇ ਦੱਸਿਆ ਕਿ ਉਹ 5 ਜੂਨ 1984 ਦੀ ਸ਼ਾਮ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਦੇ ਕਹਿਣ ‘ਤੇ ਵਰ੍ਹਦੀਆਂ ਗੋਲੀਆਂ ਤੇ ਤੋਪਾਂ ਦੇ ਗੋਲਿਆਂ ਤੋਂ ਬਚਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਯਾਦਾ ਨਿਭਾਉਣ ਲਈ ਪੁੁੱਜੇ ਸਨ ਕਿਉਂਕਿ ਉਸ ਸਮੇਂ ਪਤਾ ਲੱਗਾ ਸੀ ਕਿ ਅੰਦਰ ਕੋਈ ਸਿੰਘ ਸੇਵਾ ਨਿਭਾਉਣ ਵਾਸਤੇ ਨਹੀਂ ਸੀ ਪੁੱਜ ਸਕਿਆ। ਉਨ੍ਹਾਂ ਦੱਸਿਆ ਕਿ ਬਾਅਦ ‘ਚ ਇਕ ਹੋਰ ਗ੍ਰੰੰਥੀ ਗਿਆਨੀ ਮੋਹਨ ਸਿੰਘ ਵੀ ਕਿਸੇ ਤਰ੍ਹਾਂ ਅੰਦਰ ਸੇਵਾ ਨਿਭਾਉਣ ਲਈ ਪੁੱਜ ਗਏ ਸਨ ਤੇ ਉਸ ਸਮੇਂ ਉਨ੍ਹਾਂ ਦੋਵਾਂ ਸਮੇਤ ਇਕ ਕੀਰਤਨੀਏ ਸਿੰਘ ਭਾਈ ਅਵਤਾਰ ਸਿੰਘ ਪਾਰੋਵਾਲ ਤੇ ਕੁਝ ਸੇਵਾਦਾਰਾਂ ਸਮੇਤ 22 ਦੇ ਕਰੀਬ ਸੰਗਤਾਂ ਮੌਜੂਦ ਸਨ। ਗਿਆਨੀ ਪੂਰਨ ਸਿੰਘ ਨੇ ਦੱਸਿਆ ਕਿ ਉਹ ਦੋ ਰਾਤਾਂ ਤੇ ਇਕ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਰਹਿ ਕੇ ਔਖੇ ਹਾਲਤਾਂ ਤੇ ਵਰ੍ਹਦੀਆਂ ਗੋਲੀਆਂ ‘ਚ ਵੀ ਮਰਯਾਦਾ ਬਹਾਲ ਰੱਖਣ ਦੀ ਕੋਸ਼ਿਸ਼ ਕਰਦੇ ਰਹੇ। ਉਨ੍ਹਾਂ ਆਪਣੀਆਂ ਯਾਦਾਂ ਦੇ ਵਰਕੇ ਫਰੋਲਦਿਆਂ ਦੱਸਿਆ ਕਿ 5 ਜੂਨ ਦੀ ਰਾਤ ਨੂੰ ਰਹਿਰਾਸ ਸਾਹਿਬ ਦਾ ਪਾਠ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰ ਉਪਰਲੀ ਮੰਜ਼ਿਲ ‘ਤੇ ਹੀ ਸੁੱਖ ਆਸਨ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ 6 ਜੂਨ ਨੂੰ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਸੰਗਤਾਂ ਅੰਦਰ ਬੈਠ ਕੇ ਪਾਠ ਕਰਦੀਆਂ ਰਹੀਆਂ। ਇਸੇ ਦੌਰਾਨ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਭਾਈ ਅਵਤਾਰ ਸਿੰਘ ਪਾਰੋਵਾਲ ਦੇ ਦੋਵਾਂ ਗੋਡਿਆਂ ‘ਚ ਬੰਦ ਦਰਵਾਜ਼ਿਆਂ ਨੂੰ ਚੀਰਦੀਆਂ ਹੋਈਆਂ ਦੋ ਗੋਲੀਆਂ ਵੱਜੀਆਂ, ਜਿਸ ਕਾਰਨ ਉਹ 6 ਜੂਨ ਰਾਤ ਨੂੰ ਇਲਾਜ ਖੁਣੋਂ ਅੰਦਰੇ ਹੀ ਸ਼ਹੀਦ ਹੋ ਗਏ ਸਨ।

ਸਿੰਘ ਸਾਹਿਬ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਫੌਜ ਵਲੋਂ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਵੱਲ ਵੀ 6 ਜੂਨ ਨੂੰ ਸਾਰਾ ਦਿਨ ਗੋਲਾਬਾਰੀ ਹੁੰਦੀ ਰਹੀ, ਜੋ ਕਿ 5 ਜੂਨ ਤੱਕ ਨਹੀਂ ਸੀ ਹੋਈ। ਉਨ੍ਹਾਂ ਦੱਸਿਆ ਕਿ 6 ਜੂਨ ਤੱਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਯਾਦਾ ਬਰਕਰਾਰ ਰੱਖੀ ਗਈ, ਪਰ ਕੜਾਹਿ ਪ੍ਰਸ਼ਾਦ ਦੀ ਦੇਗ ਨਹੀਂ ਆ ਸਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਅੰਦਰ ਰਹਿ ਗਏ 22 ਦੇ ਕਰੀਬ ਸੰਗਤਾਂ ਤੇ ਸੇਵਾਦਾਰਾਂ ਦੇ ਖਾਣ-ਪੀਣ ਲਈ ਕੋਈ ਪ੍ਰਬੰਧ ਨਹੀਂ ਸੀ, ਪਰ ਇਕ ਸਿੰਘ ਕਿਸੇ ਤਰ੍ਹਾਂ ਇਕ ਬਾਲਟੀ ‘ਚ ਹਰਿ ਕੀ ਪਾਉੜੀ ਤੋਂ ਸਰੋਵਰ ਦਾ ਜਲ ਵਰ੍ਹਦੀਆਂ ਗੋਲੀਆਂ ‘ਚੋਂ ਬਚਦਾ ਹੋਇਆ ਰੱਸੀ ਦੀ ਮਦਦ ਨਾਲ ਲਿਆ ਕੇ ਉੱਪਰਲੀ ਮੰਜ਼ਿਲ ਤੋਂ ਹੇਠਾਂ ਲਮਕਾ ਕੇ ਅੰਦਰ ਰਹਿ ਰਹੀਆਂ ਸੰਗਤਾਂ ਨੂੰ ਵਰਤਾਉਂਦਾ ਰਿਹਾ, ਜੋ ਕਿ ਸਭ ਨੂੰ ਕੇਵਲ ਚੂਲੀ-ਚੂਲੀ ਮਿਲਦਾ ਸੀ ਤੇ ਹੇਠਾਂ ਡੁੱਲੇ ਜਲ ਨੂੰ ਵੀ ਸੰਗਤਾਂ ਹੱਥਾਂ ਨਾਲ ਛਕ ਲੈਂਦੀਆਂ ਸਨ, ਪਰ ਪ੍ਰ੍ਰਸ਼ਾਦੇ ਦਾ ਤਾਂ ਸਵਾਲ ਹੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸਿਰਹਾਨੇ ‘ਚ ਵੱਜ ਕੇ ਪਾਵਨ ਸਰੂਪ ‘ਚ ਜਾ ਲੱਗੀ, ਜਿਸ ਕਾਰਨ 7 ਜੂਨ ਦੀ ਸਵੇਰ ਨੂੰ ਮਰਯਾਦਾ ਅਨੁਸਾਰ ਪ੍ਰਕਾਸ਼ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਫੌਜ ਵਲੋਂ ਚਲਾਈਆਂ 360 ਗੋਲੀਆਂ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ‘ਤੇ ਵੱਜੀਆਂ ਸਨ, ਜਿਨ੍ਹਾਂ ਦੀ ਗਿਣਤੀ ਉਨ੍ਹਾਂ ਖੁਦ ਕੀਤੀ ਸੀ। ਗਿਆਨੀ ਪੂਰਨ ਸਿੰਘ ਨੇ ਦੱਸਿਆ ਕਿ 6 ਜੂਨ ਦੀ ਸ਼ਾਮ ਨੂੰ 4.30 ਵਜੇ ਆਟਾ ਮੰਡੀ ਵਾਲੇ ਪਾਸਿਓੁਂ ਪਰਿਕਰਮਾਂ ‘ਚੋਂ ਫੌਜ ਦੇ ਜਨਰਲ ਬਰਾੜ ਨੇ ਸਪੀਕਰ ‘ਚ ਬੋਲ ਕੇ ਅਲਟੀਮੇਟਮ ਦਿੱਤਾ ਕਿ ਜੋ ਵੀ ਅੰਦਰ ਹਨ, 15 ਮਿੰਟਾਂ ‘ਚ ਹੱਥ ਖੜ੍ਹੇ ਕਰ ਕੇ ਬਾਹਰ ਆ ਜਾਣ। ਇਸ ‘ਤੇ ਉਨ੍ਹਾਂ ਨਾਲ ਅੰਦਰ ਰੁਕੀਆਂ ਬਾਕੀ 20 ਦੇ ਕਰੀਬ ਸੰਗਤਾਂ ਤੇ ਸੇਵਾਦਾਰ ਤਾਂ ਹੱਥ ਖੜ੍ਹੇ ਕਰਕੇ ਬਾਹਰ ਚਲੇ ਗਏ, ਪਰ ਉਨ੍ਹਾਂ ਹੱਥ ਖੜ੍ਹੇ ਕਰ ਕੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਦਰਸ਼ਨੀ ਡਿਓੜੀ ਵੱਲ ਦਾ ਮੁੱਖ ਦਰਵਾਜ਼ਾ ਖੋਲ੍ਹ ਕੇ ਪਾਠ ਕਰਦੇ ਰਹੇ। ਇਸ ‘ਤੇ ਫੌਜ ਮੁਖੀ ਨੇ ਬਾਹਰ ਗਏ ਸ਼ਰਧਾਲੂਆਂ ਦੇ ਕਹਿਣ ‘ਤੇ ਕਿ ਅੰਦਰ ਕੇਵਲ ਸਿੰਘ ਸਾਹਿਬ ਹੀ ਹਨ, 15 ਮਿੰਟ ਦਾ ਹੋਰ ਅਲਟੀਮੇਟਮ ਦਿੰਦਿਆਂ ਤੇ ਆਪਣੇ ਫੌਜੀਆਂ ਨੂੰ ਗੋਲੀ ਨਾ ਚਲਾਉਣ ਦਾ ਹੁਕਮ ਦਿੰਦਿਆਂ ਆਪਣੇ 5 ਫੌਜੀ ਅੰਦਰ ਭੇਜੇ ਤੇ ਸਾਨੂੰ ਬਾਹਰ ਬੁਲਾ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਰਾਤ ਨੂੰ ਪੌਣੇ ਅੱਠ ਵਜੇ ਬਾਹਰ ਨਿਕਲ ਰਹੇ ਸਨ ਤਾਂ ਦਰਸ਼ਨੀ ਡਿਓੜੀ ਦਾ ਕਾਫੀ ਹਿੱਸਾ ਗੋਲਿਆਂ ਨਾਲ ਡਿੱਗ ਜਾਣ ਕਾਰਨ ਉਥੇ ਕਾਫ਼ੀ ਮਲਬਾ ਪਿਆ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਢਹਿ-ਢੇਰੀ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਤੇ ਪਰਿਕਰਮਾ ‘ਚ ਸ਼ਹੀਦ ਹੋਏ ਅਣਗਿਣਤ ਸ਼ਰਧਾਲੁੂਆਂ ਦੀਆਂ ਲਾਸ਼ਾਂ ਪਈਆਂ ਸਨ ਤੇ ਪਰਿਕਰਮਾ ‘ਚ ਚਾਰੇ ਪਾਸੇ ਫੌਜ ਵੱਡੀ ਗਿਣਤੀ ‘ਚ ਖੜ੍ਹੀ ਸੀ। ਇਸ ਦੇ ਨਾਲ ਹੀ ਪਰਿਕਰਮਾ ‘ਚ 12 ਦੇ ਕਰੀਬ ਟੈਂਕ ਖੜ੍ਹੇ ਸਨ। ਘੰਟਾ ਘਰ ਵਾਲੇ ਪਾਸੇ ਦੇ ਵਰਾਂਡਿਆਂ ਦੇ ਕਮਰਿਆਂ ‘ਚ ਅੱਗਾਂ ਲੱਗੀਆਂ ਹੋਈਆਂ ਸਨ ਤੇ ਅੰਦਰ ਸੈਂਕੜੇ ਸੰਗਤਾਂ, ਜੋ ਕਿ ਸ਼ਹੀਦੀ ਪੁਰਬ ਮਨਾਉਣ ਆਈਆਂ ਹੋਈਆਂ ਸਨ, ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜਨਰਲ ਬਰਾੜ ਵਲੋਂ ਉਨ੍ਹਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਲੁਕੇ ਹੋਣ ਦਾ ਸ਼ੱਕ ਜ਼ਾਹਿਰ ਕਰਦਿਆਂ ਉਨ੍ਹਾਂ ਤੋਂ ਸੰਤਾਂ ਬਾਰੇ ਪੁੱਛਗਿੱਛ ਕੀਤੀ ਤੇ ਸਾਡੇ ਵਲੋਂ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਅੰਦਰ ਮੁੱਖ ਭਵਨ ਦੀ ਤਲਾਸ਼ੀ ਲੈਣ ਲਈ ਪੰਜ ਫੌਜੀ ਅਧਿਕਾਰੀ ਅੰਦਰ ਸਾਡੇ ਨਾਲ ਭੇਜੇ, ਜਿਨ੍ਹਾਂ ਅੰਦਰ ਗਲੀਚੇ ਤੱਕ ਚੁੱਕ-ਚੁੱਕ ਕੇ ਪੂਰੀ ਤਲਾਸ਼ੀ ਲੈਣ ਉਪਰੰਤ ਅੰਦਰੋਂ ਕੋਈ ਹਥਿਆਰ ਬਰਾਮਦ ਹੋਣ ਜਾਂ ਸੰਤਾਂ ਦੇ ਉਥੇ ਨਾ ਹੋਣ ਦੀ ਪੁਸ਼ਟੀ ਕੀਤੀ, ਪਰ ਉੁਸ ਵੇਲੇ ਤੱਕ ਕੇਵਲ ਇਕ ਕੀਰਤਨੀਆਂ ਸਿੰਘ, ਜੋ ਕਿ ਗੋਡਿਆਂ ‘ਚ ਗੋਲੀਆਂ ਲੱਗਣ ਕਾਰਨ ਚੱਲ ਫ਼ਿਰ ਨਹੀਂ ਸੀ ਸਕਦਾ, ਅੰਦਰ ਕੰਧ ਨਾਲ ਢੋਹ ਲਾਈ ਬੈਠਾ ਸੀ, ਪਰ ਜਦੋਂ ਉਸ ਕੋਲ ਜਾ ਕੇ ਦੇਖਿਆ ਤਾਂ ਉਹ ਖ਼ੂਨ ਜ਼ਿਆਦਾ ਵਹਿ ਜਾਣ ਕਾਰਨ ਸ਼ਹੀਦ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ 6 ਜੂਨ ਦੀ ਰਾਤ ਨੂੰ ਤਲਾਸ਼ੀ ਉਪਰੰਤ ਫੌਜੀ ਜਨਰਲ ਨੇ ਉਨ੍ਹਾਂ ਦੋਵਾਂ ਗ੍ਰੰਥੀ ਸਿੰਘਾਂ ਨੂੰ ਮੁੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਰੁਕਣ ਦਾ ਹੁਕਮ ਕੀਤਾ, ਜਿਸ ‘ਤੇ ਉਨ੍ਹਾਂ ਤੇ ਗਿਆਨੀ ਮੋਹਨ ਸਿੰਘ ਨੇ ਰਾਤ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੱਟੀ, ਪਰ ਫੌਜ ਵਲੋਂ ਭੇਜਿਆ ਭੋਜਨ ਨਹੀਂ ਛਕਿਆ। ਉਨ੍ਹਾਂ ਦੱਸਿਆ ਕਿ ਉਹ 7 ਜੂਨ ਨੂੰ ਸਵੇਰੇ 7 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਰਹੇ, ਪਰ ਬੀਤੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀ ਲੱਗਣ ਕਾਰਨ 7 ਜੂਨ ਨੂੰ ਮਰਯਾਦਾ ਅਨੁਸਾਰ ਪ੍ਰਕਾਸ਼ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਦੱਸਿਆ ਕਿ ਬਾਅਦ ‘ਚ ਫੌਜੀ ਜਨਰਲ ਨੇ 7 ਜੂਨ ਨੂੰ ਉਨ੍ਹਾਂ ਨੂੰ ਘਰ ਭੇਜ ਕੇ ਮੁੱਖ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਬੁਲਾ ਕੇ ਮਰਯਾਦਾ ਬਹਾਲ ਕਰਨ ਲਈ ਆਖਿਆ, ਪਰ ਉਨ੍ਹਾਂ ਕਿਹਾ ਕਿ ਪਹਿਲਾਂ ਅੰਦਰ ਡੁਲੇ ਖ਼ੂਨ ਨੂੰ ਸਾਫ਼ ਕਰਨ ਲਈ ਇਸ਼ਨਾਨ ਕਰਾਉਣਾ ਜ਼ਰੂਰੀ ਹੈ, ਜਿਸ ‘ਤੇ ਉਨ੍ਹਾਂ ਫੌਜੀਆਂ ਦੀ ਸਹਾਇਤਾ ਨਾਲ ਇਸ਼ਨਾਨ ਦੀ ਸੇਵਾ ਕਰਵਾ ਕੇ ਮੁੜ ਪ੍ਰਕਾਸ਼ ਕੀਤਾ ਤੇ ਇਸੇ ਦਿਨ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਰੇਡੀਓ ਪ੍ਰਸਾਰਨ ਸਰਕਾਰ ਨੇ ਸ਼ੁਰੂ ਕਰ ਦਿੱਤਾ। ਗਿਆਨੀ ਪੂਰਨ ਸਿੰਘ ਨੇ ਦੱਸਿਆ ਕਿ ਅੰਦਰ ਸੰਤ ਭਿੰਡਰਾਂਵਾਲਾ ਸਮੇਤ 35 ਕੁ ਸਿੰਘ ਮੌਜੂਦ ਸਨ, ਜੋ ਕਿ ਇਕੱਲਾ-ਇਕੱਲਾ ਬੜੀ ਬਹਾਦਰੀ ਨਾਲ ਫੌਜ ਦਾ ਮੁਕਾਬਲਾ ਕਰਦੇ ਰਹੇ, ਪਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਕਿਸੇ ਵੀ ਸਿੰਘ ਨੇ ਕੋਈ ਗੋਲੀ ਨਹੀਂ ਚਲਾਈ ਕਿਉਂਕਿ ਅੰਦਰ ਕੋਈ ਵੀ ਹਥਿਆਰਬੰਦ ਸਿੰਘ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਆਖਰੀ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ 5 ਜੂਨ ਨੂੰ ਸ਼ਾਮ 7.45 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਹਿਖਾਨੇ ‘ਚ ਮਿਲੇ ਸਨ ਤੇ ਉਨ੍ਹਾਂ ਹੀ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮਰਯਾਦਾ ਬਹਾਲ ਰੱਖਣ ਲਈ ਭੇਜਿਆ ਸੀ। ਗਿਆਨੀ ਪੂਰਨ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਚਾਹੁੰਦੀ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਗ੍ਰਿਫਤਾਰ ਕਰਨ ਲਈ ਕੋਈ ਹੋਰ ਢੰਗ ਤਰੀਕਾ ਵਰਤ ਸਕਦੀ ਸੀ, ਪਰ ਉਸ ਨੇ ਇਸ ਪਾਵਨ ਅਸਥਾਨ ‘ਤੇ ਫੌਜੀ ਹਮਲਾ ਕੀਤਾ ਜੋ ਕਿ ਸਰਾਸਰ ਗ਼ਲਤ ਸੀ।

Real Estate