ਨਿਊਜ਼ੀਲੈਂਡ ਜਨਗਣਨਾ-2018 ਦੇ ਅੰਕੜੇ ਜਾਰੀ

4934

ਨਿਊਜ਼ੀਲੈਂਡ ਦੇ ਵਿਚ ਸਿੱਖ ਧਰਮ ਮੰਨਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਆਈ 113.16% ਆਈ
-2013 ‘ਚ ਸਨ 19,191 ਸਿੱਖ ਅਤੇ 2018 ‘ਚ ਹਨ 40, 908
ਆਕਲੈਂਡ 23 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਵਾਲ ਦੀ ਖੱਲ ਉਧੇੜਨੀ ਹੋਵੇ ਤਾਂ ਬਾਹਰਲੇ ਮੁਲਕਾਂ ਦਾ ‘ਅੰਕੜਾ ਵਿਭਾਗ’ ਇਕ ਵਧੀਆ ਉਦਾਹਰਣ ਹੋ ਸਕਦਾ ਹੈ। ਐਨੀ ਬਾਰੀਕੀ ਨਾਲ ਅਧਿਐਨ ਕਰਦੇ ਹਨ ਕਿ ਇਕ-ਇਕ ਵਿਅਕਤੀ ਦੇ ਦਰਜਨਾਂ ਵੇਰਵੇ ਦਰਜ ਕਰਦੇ ਹਨ। ਅੱਜ ਨਿਊਜ਼ੀਲੈਂਡ ਦੇ ਅੰਕੜਾ ਵਿਭਾਗ ਵੱਲੋਂ ਜਨਗਣਨਾ-2018 ਦੇ ਅੰਕੜੇ ਜਾਰੀ ਕੀਤੇ ਗਏ। ਇਥੇ ਹਰ ਪੰਜ ਸਾਲ ਬਾਅਦ ਅਜਿਹੀ ਜਨਗਨਣਾ ਕੀਤੀ ਜਾਂਦੀ ਹੈ। ਵੱਖ-ਵੱਖ ਸ਼੍ਰੇਣੀਆਂ ਦੇ ਅੰਕੜੇ ਜਿੱਥੇ ਦੇਸ਼ ਦੇ ਬਹੁਤ ਹੀ ਮਹੱਤਵਪੂਰਨ ਅਤੇ ਹੈਰਾਨੀਜਨਕ ਤੱਥ ਪ੍ਰਗਟ ਕਰਦੇ ਹਨ ਉਥੇ ਪ੍ਰਵਾਸੀਆਂ ਦੀ ਇਨ੍ਹਾਂ ਅੰਕੜਿਆਂ ਦੇ ਵਿਚ ਸ਼ਮੂਲੀਅਤ ਵੀ ਸਾਡੇ ਸਭ ਲਈ ਮਹੱਤਵਪੂਰਨ ਹੈ। ਅੰਕੜੇ ਦਸਦੇ ਹਨ ਕਿ ਦੇਸ਼ ਦੀ ਕੁੱਲ ਆਬਾਦੀ 47,93,358 ਹੈ ਜਿਸ ਦੇ ਵਿਚ 23,64,315 ਪੁਰਸ਼ ਅਤੇ 24,29 046 ਮਹਿਲਾਵਾਂ ਹਨ। ਇਹ ਆਬਾਦੀ ਲੁਧਿਆਣਾ ਸ਼ਹਿਰ ਦਾ ਲਗਪਗ ਦੁੱਗਣਾ ਹੈ ਜਿਸ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਇਹ ਦੇਸ਼ ਆਪਣੇ ਦੇਸ਼ ਤੋਂ ਕਿੰਨਾ ਛੋਟਾ ਹੋਵੇਗਾ।
ਅੱਜ ਜਾਰੀ ਹੋਏ ਅੰਕੜਿਆਂ ਮੁਤਾਬਿਕ ਜੇਕਰ ਧਰਮ ਵਾਲੇ ਟੇਬਲ ਨੂੰ ਵੇਖਿਆ ਜਾਵੇ ਤਾਂ ਸਿੱਖ ਧਰਮ ਨਾਲ ਸਬੰਧਿਤ ਸਮੂਹ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਨਿਊਜ਼ੀਲੈਂਡ ਦੇ ਵਿਚ ਪਿਛਲੇ ਪੰਜ ਸਾਲਾਂ ਦੇ ਵਿਚ ਜੋ ਧਰਮ ਸਾਰਿਆਂ ਤੋਂ ਜਿਆਦਾ ਪ੍ਰਤੀਸ਼ਤ ਦਰ ਨਾਲ ਵਧਿਆ ਹੈ ਉਹ ਸਿੱਖਇਜ਼ਮ ਹੈ। ਇਸ ਦੀ ਵਧਣ ਦਰ 113.16% ਵਿਖਾਈ ਦੇ ਰਹੀ ਹੈ। ਪੁਰਾਣੇ ਅੰਕੜੇ ਖੰਗਾਲੇ ਗਏ ਤਾਂ ਪਤਾ ਲੱਗਾ ਕਿ 2013 ਦੇ ਵਿਚ ਇਥੇ ਸਿਰਫ 19,191 ਲੋਕਾਂ ਨੇ ਜਨ ਗਨਣਾ ਦੌਰਾਨ ਸਿੱਖ ਧਰਮ ਲਿਖਵਾਇਆ ਸੀ ਅਤੇ ਹੁਣ 2018 ਦੇ ਵਿਚ ਇਹ ਗਿਣਤੀ ਵਧ ਕੇ 40,908 ਹੋ ਗਈ ਹੈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਸਿੱਖਾਂ ਦੀ ਆਮਦ ਨੂੰ 129 ਸਾਲ ਦਾ ਸਮਾਂ ਹੋ ਗਿਆ ਹੈ। 125 ਸਾਲ ਪੂਰੇ ਹੋਣ ਉਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ ਤੇ ਪੂਰੇ ਦੇਸ਼ ਵਿਚ ਫੋਟੋ ਪ੍ਰਦਰਸ਼ਨੀ ਵੀ ਲੱਗੀ ਸੀ। ਪੂਰੇ ਦੇਸ਼ ਅੰਦਰ ਇਸ ਵੇਲੇ 29 ਦੇ ਕਰੀਬ ਗੁਰਦੁਆਰਾ ਸਾਹਿਬਾਨ ਹਨ। 1977 ਦੇ ਵਿਚ ਇਥੇ ਪਹਿਲਾ ਗੁਰਦੁਆਰਾ ਸਾਹਿਬ ਹਮਿਲਟਨ ਸ਼ਹਿਰ ਵਿਖੇ ਸਥਾਪਿਤ ਕੀਤਾ ਗਿਆ ਸੀ। ਸੋ ਸਿੱਖਾਂ ਦੀ ਆਬਾਦੀ ਦਾ ਲਗਾਤਾਰ ਵਧਣਾ ਅਤੇ ਨਾਸਿਤਕ ਹੋ ਰਹੇ ਵਿਸ਼ਵ ਦੇ ਵਿਚ ਆਪਣਾ ਧਰਮ ਕਾਇਮ ਰੱਖਣਾ ਵਿਰਾਸਤ ਨੂੰ ਅੱਗੇ ਤੋਰਨ ਵੱਲ ਇਕ ਸ਼ੁੱਭ ਸੰਕੇਤ ਹੈ।
ਬਾਕੀ ਅੰਕੜਿਆਂ ਉਤੇ ਨਿਗਾ ਮਾਰੀਏ ਤਾਂ ਹਿੰਦੂ ਧਰਮ 36.55% ਵਧਿਆ ਹੈ ਅਤੇ ਇਹ ਗਿਣਤੀ 1,21 644 ਹੈ ਜੋ ਕਿ 2013 ਦੇ ਵਿਚ 89,082 ਸੀ। ਕ੍ਰਿਸਚੀਅਨ ਧਰਮ ਦੇ ਵਿਚ 42.44% ਦਾ ਵਾਧਾ, ਨਾਸਤਿਕਾਂ ਦੀ ਗਿਣਤੀ ਦੇ ਵਿਚ 38.48% ਦਾ ਵਾਧਾ, ਇਸਲਾਮ ਦੇ ਵਿਚ 24.61% ਦਾ ਵਾਧਾ ਅਤੇ ਇਸੀ ਤਰ੍ਹਾਂ ਕਈ ਹੋਰ ਧਰਮ ਜਿੱਥ ਵਧੇ ਹਨ ਉਥੇ ਕਈ ਧਰਮ ਘਟੇ ਵੀ ਹਨ।
ਇਸ ਤੋਂ ਇਲਾਵਾ ਹੋਰ ਹੈਰਾਨੀਜਨਕ ਤੱਥਾਂ ਦੇ ਵਿਚ ਸ਼ਾਮਿਲ ਹਨ ਜਿਵੇਂ ਇਥੇ 100 ਸਾਲ ਦੀ ਉਮਰ ਵਾਲੇ 246 ਲੋਕ, 107, 108 ਅਤੇ 109 ਸਾਲ ਦੀ ਉਮਰ ਵਾਲੇ ਤਿੰਨ-ਤਿੰਨ ਲੋਕ ਰਹਿੰਦੇ ਹਨ। ਭਾਰਤੀਆਂ ਦੀ ਗਿਣਤੀ 1,20,111 ਆਈ ਹੈ। ਪ੍ਰਤੀ ਹਫਤਾ ਕਿੰਨੇ ਘੰਟੇ ਕੰਮ ਕਰਨ ਵਿਚ ਸਭ ਤੋਂ ਜਿਆਦਾ 168 ਘੰਟੇ ਲਿਖਣ ਵਾਲੇ 273 ਹਨ। ਇਸ ਤੋਂ ਇਲਾਵਾ 100 ਘੰਟੇ ਕੰਮ ਕਰਨ ਵਾਲਿਆਂ ਦੀ ਗਿਣਤੀ 1344 ਹੈ। 15,48, 078 ਲੋਕਾਂ ਕੋਲ ਆਪਣਾ ਕੋਈ ਘਰ ਨਹੀਂ ਹੈ। ਪੰਜਾਬੀ ਭਾਸ਼ਾ ਬੋਲਣ ਵਾਲੇ 34227, ਹਿੰਦੀ 69471, ਉਰਦੂ 7824, ਫੀਜ਼ੀ ਹਿੰਦੀ 26805, ਬੰਗਾਲੀ 3468, ਉਰੀਆ 129, ਨੇਪਾਲੀ 3261, ਕਸ਼ਮੀਰੀ 135, ਗੁਜਰਾਤੀ 22200 ਅਤੇ ਮਰਾਠੀ 4770 ਹਨ। 93,406 ਲੋਕ ਵਿਆਹ ਤੋਂ ਬਾਅਦ ਅਲੱਗ ਹਨ, 2,44,857 ਨੇ ਤਲਾਕ ਲਿਆ ਹੈ ਅਤੇ 1,66,869 ਵਿਧਵਾਵਾਂ ਹਨ। 2,778 ਅਜਿਹੇ ਮਾਪੇ ਵੀ ਹਨ ਜਿਨ੍ਹਾਂ ਦੇ 10 ਜਾਂ ਇਸ ਤੋਂ ਵੱਧ ਬੱਚੇ ਹਨ। ਜਿਨ੍ਹਾਂ ਲੋਕਾਂ ਦੀ ਜ਼ੀਰੋ ਆਮਦਨ ਹੈ ਉਨ੍ਹਾਂ ਦੀ ਗਿਣਤੀ 2,57,310 ਹੈ ਜਦ ਕਿ ਡੇਢ ਲੱਖ ਡਾਲਰ ਤੋਂ ਵਧ ਸਲਾਨਾ ਕਮਾਉਣ ਵਾਲਿਆਂ ਦੀ ਗਿਣਤੀ 1,10,910 ਹੈ।

Real Estate