ਨਕਲੀ ਵਿਭਾਗੀ ਫੋਨ ਕਾਲਾਂ ਕਰਕੇ ਲੱਖਾਂ ਡਾਲਰ ਡਕਾਰਨ ਵਾਲੇ 13 ਫੜੇ-3 ਹੋਰਾਂ ਦੀ ਭਾਲ

5488

ਬਜ਼ੁਰਗ ਲੋਕਾਂ ਦੀ ਆਖਰੀ ਸਮੇਂ ਦੀ ਕਮਾਈ ਵੀ ਹੜੱਪ ਚੁੱਕੈ ਇਹ ਗ੍ਰੋਹ
ਆਕਲੈਂਡ 24 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਵਿਦੇਸ਼ਾਂ ਦੇ ਵਿਚ ਭਾਰਤੀਆਂ ਦਾ ਇਕ ਵਰਗ ਜਿੱਥੇ ਆਪਣੇ ਭਾਈਚਾਰੇ ਦਾ ਨਾਂਅ ਅਤੇ ਆਚਰਣ ਉਚਾ ਚੁੱਕਣ ਉਤੇ ਲੱਗਾ ਹੋਇਆ ਹੈ ਉਥੇ ਕੁਝ ਬੇਗੈਰਤ ਅਤੇ ਭਾਈਚਾਰੇ ਨੂੰ ਸ਼ਰਮਸ਼ਾਰ ਕਰਨ ਵਾਲੇ ਲੋਕ ਧੋਖਾ-ਧੜੀ ਦੇ ਨਾਲ ਬਣਿਆ ਨਾਂਅ ਮਿੱਟੀ ਦੇ ਵਿਚ ਮਿਲਾ ਰਹੇ ਹਨ। ਕਾਫੀ ਸਮੇਂ ਤੋਂ ਇਹ ਵਾਪਰ ਰਿਹਾ ਸੀ ਇਕ ਧੋਖੇਬਾਜ਼ਾਂ ਦਾ ਅੰਤਰਰਾਸ਼ਟਰੀ ਗ੍ਰੋਹ ਇਥੇ ਆਪਣੇ ਕਰਿੰਦਿਆਂ ਦੀ ਸਹਾਇਤਾ ਨਾਲ ਲੋਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨੁਮਾਇੰਦੇ ਬਣ ਕੇ ਨਕਲੀ ਫੋਨ ਕਾਲਾਂ ਕਰਦਾ ਸੀ ਅਤੇ ਕਈ ਤਰ੍ਹਾਂ ਦੇ ਵੀਜ਼ੇ, ਦੇਸ਼ ਵਾਪਸੀ ਅਤੇ ਹੋਰ ਜ਼ੁਰਮਾਨੇ ਦੇ ਡਰਾਵੇ ਦੇ ਕੇ ਪੈਸੇ ਕਢਵਾ ਲੈਂਦਾ ਸੀ। ਲੈਂਡ ਲਾਈਨ ਉਤੇ ਬਜ਼ੁਰਗਾਂ ਨੂੰ ਫੋਨ ਕਰਕੇ ਅਤੇ ਗੁੰਝਲਦਾਰ ਮਾਮਲਾ ਦੱਸ ਕੇ ਉਨ੍ਹਾਂ ਦੀ ਆਖਰੀ ਸਮੇਂ ਦੀ ਕਮਾਈ ਵੀ ਕਢਵਾ ਲੈਂਦਾ ਸੀ। ਪੁਲਿਸ ਅਤੇ ਜਾਂਚ-ਪੜ੍ਹਤਾਲ ਦਸਤੇ ਕਾਫੀ ਸਮੇਂ ਤੋਂ ਇਸ ਗ੍ਰੋਹ ਦੇ ਮਗਰ ਸਨ ਅਤੇ ਹੁਣ ਪੁਲਿਸ ਨੇ ਦੱਸਿਆ ਹੈ ਕਿ ਇਸ ਧੋਖਾਧੜੀ ਦੇ ਸਬੰਧ ਵਿਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 12 ਲੋਕ ਨਕਲੀ ਕਾਲਾਂ ਦੇ ਚੱਕਰ ਵਿਚ ਫਸੇ ਹਨ। ਪੁਲਿਸ ਨੇ ਇਸ ਸਬੰਧ ਵਿਚ ਆਪ੍ਰੇਸ਼ਨ ‘ਡੈਡਵੁੱਡ’ ਚਲਾਇਆ ਸੀ। ਜਿਸਦਾ ਮਤਲਬ ਹੁੰਦਾ ਹੈ ਕਿ ਹਰੇ-ਭਰੇ ਦਰੱਖਤ ਦੇ ਨਾਲ ਉਹ ਬੇਲੋੜੀ ਮਰੀ ਹੋਈ ਲੱਕੜੀ ਜਿਸ ਦੀ ਜਰੂਰਤ ਨਹੀਂ। ਇਸ ਸਕੈਮ ਦੇ ਵਿਚ ਟੈਲੀਫੋਨ ਕੰਪਨੀ ‘ਸਪਾਰਕ’ ਦਾ ਨਾਂਅ ਬਹੁਤ ਵਰਤਿਆ ਗਿਆ। ਪੁਲਿਸ ਨੇ ਹੁਣ ਤਿੰਨ ਹੋਰ ਸ਼ੱਕੀ ਦੋਸ਼ੀਆਂ ਦੀ ਭਾਲ ਲਈ ਨਾਂਅ ਅਤੇ ਤਸਵੀਰਾਂ ਜਾਰੀਆਂ ਕੀਤੀਆਂ ਹਨ ਜੋ ਕਿ ਭਾਰਤੀ ਮੂਲ ਦੇ ਜਾਪਦੇ ਹਨ। ਇਨ੍ਹਾਂ ਵਿਚ ਸ਼ਾਮਿਲ ਹਨ ਹਿਤੇਸ਼ ਸ਼ਰਮਾ (22), ਤੁਸ਼ਾਰ ਪ੍ਰਭਾਕਰ (21) ਅਤੇ ਮਨੀਸ਼ ਖਾਨ (24)। ਇਹ ਤਿੰਨੌ ਔਕਲੈਂਡ ਖੇਤਰ ਦੇ ਵਿਚ ਹੋਣ ਦੀ ਸੰਭਾਵਨਾ ਹੈ। ਜੁਲਾਈ ਮਹੀਨੇ ਇਸੇ ਤਰ੍ਹਾਂ ਦੇ ਇਕ ਸਕੈਮ ਵਿਚ ਇਕ 26 ਸਾਲਾ ਪੰਜਾਬੀ ਮੁੰਡੇ ਅਤੇ 28 ਸਾਲਾ ਪੰਜਾਬੀ ਕੁੜੀ ਦਾ ਨਾਂਅ ਵੀ ਆ ਚੁੱਕਾ ਹੈ । ਇਹ ਸਾਰਾ ਮਾਮਲਾ ਹਵਾਲਾ ਕਾਰੋਬਾਰ ਨਾਲ ਵੀ ਜੁੜਿਆ ਹੈ ਅਤੇ ਇਸਦੀਆਂ ਤਾਰਾਂ ਦੂਰ ਤੱਕ ਜੁੜੀਆਂ ਹਨ। ਸੋ ਅਜਿਹੇ ਦੋਸ਼ੀ ਲੋਕਾਂ ਨੂੰ ਕਰਦੇ ਹੁੰਦੇ ਸੀ ਰਿੰਗਾ, ਮਨਾਉਂਦੇ ਸੀ ਆਪਣੀਆਂ ਮੰਗਾ ਅਤੇ ਹੁਣ ਪੰਗੇ ਦੇ ਵਿਚ ਕਸੂਤੇ ਫਸੇ ਨਜ਼ਰ ਆ ਰਹੇ ਹਨ।
ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਹ ਕਿਤੇ ਨਜ਼ਰ ਆਉਣ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਆਨ-ਲਾਈਨ ਸਕੈਮ ਵੀ ਜਾਰੀ ਰਹਿੰਦਾ ਹੈ ਅਤੇ ਕੀਵੀ ਪਿਛਲੇ ਸਾਲ 33 ਮਿਲੀਅਨ ਡਾਲਰ ਇਸ ਤਰ੍ਹਾਂ ਗੁਆ ਚੁੱਕੇ ਹਨ।

Real Estate