ਰਾਗੀ ਨੂੰ ਸੁਣਾਈ ਸੱਤ ਮਹੀਨਿਆਂ ਦੀ ਘਰ ਨਜ਼ਰਬੰਦੀ ਦੀ ਸਜ਼ਾ-ਬੱਚੀਆਂ ਨਾਲ ਕੀਤੀ ਸੀ ਛੇੜਖਾਨੀ, ਸਜ਼ਾ ਪੂਰੀ ਹੋਣ ਉਪਰੰਤ ਭੇਜਿਆ ਜਾਵੇਗਾ ਇੰਡੀਆ

ਔਕਲੈਂਡ 20 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘਾਂ ਦੇ ਜੱਥੇ ਵਿਚ ਪਹੁੰਚੇ ਸਾਜਨ ਸਿੰਘ ਨੂੰ ਬੀਤੀ 18 ਜੁਲਾਈ ਨੂੰ ਔਕਲੈਂਡ ਜ਼ਿਲ੍ਹਾ ਅਦਾਲਤ ਨੇ ਇਸ ਗੱਲ ਲਈ ਦੋਸ਼ੀ ਕਰਾਰ ਦਿੱਤਾ ਕਿ ਉਸਨੇ ਅਕਤੂਬਰ 2017 ਦੇ ਵਿਚ ਇਕ 7 ਕੁ ਸਾਲਾ ਅਤੇ 11 ਕੁ ਸਾਲਾਂ ਬੱਚੀ ਨਾਲ ਜਿਨਸੀ ਤੌਰ ‘ਤੇ ਛੇੜਖਾਨੀ ਕੀਤੀ ਹੈ। ਅੱਜ ਜ਼ਿਲ੍ਹਾ ਅਦਾਲਤ ਨੇ ਇਸ ਗ੍ਰੰਥੀ ਨੂੰ 7 ਮਹੀਨਿਆਂ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਹੈ। ਇਸ ਗ੍ਰੰਥੀ ਸਿੰਘ ਦਾ ਨਾਂਅ ਜਿਨਸੀ ਹਮਲਾਵਰ ਦੇ ਤੌਰ ‘ਤੇ ਦਰਜ ਕੀਤਾ ਗਿਆ ਅਤੇ ਸਜ਼ਾ ਪੂਰੀ ਹੋਣ ਉਪਰੰਤ ਇਸਨੂੰ ਵਾਪਿਸ ਭਾਰਤ ਭੇਜ ਦਿੱਤਾ ਜਾਵੇਗਾ। ਅਦਾਲਤੀ ਕਾਰਵਾਈ ਪੂਰੀ ਹੋਣ ਤੱਕ ਦੋ ਸਾਲ ਦਾ ਸਮਾਂ ਲਗ ਗਿਆ। ਇਹ ਗ੍ਰੰਥੀ ਪਹਿਲੀ ਵਾਰ 2015 ਦੇ ਵਿਚ 11 ਮਹੀਨਿਆਂ ਲਈ ਇਥੇ ਆਇਆ ਸੀ ਅਤੇ ਫਿਰ ਜਨਵਰੀ 2017 ਦੇ ਵਿਚ ਧਾਰਮਿਕ ਕਰਮਚਾਰੀ ਵੀਜੇ ਉਤੇ ਇਥੇ ਆਇਆ ਸੀ। ਇਸ ਬੁਰੇ ਕੰਮ ਕਰਕੇ ਜਿੱਥੇ ਬੱਚਿਆਂ ਦੇ ਮਨਾਂ ਅੰਦਰ ਡੂੰਘਾ ਅਸਰ ਪਿਆ ਉਥੇ ਉਨ੍ਹਾਂ ਅੰਦਰ ਧਾਰਮਿਕ ਅਸਥਾਨਾਂ ਦੇ ਵਿਚ ਵਿਚਰਦਿਆਂ ਅਸੁਰੱਖਿਆ ਦੀ ਭਾਵਨਾ ਵੀ ਉਜਾਗਰ ਹੋਈ। ਇਕ ਬੱਚੀ ਦੀ ਸਕੂਲਿੰਗ ਅਤੇ ਪ੍ਰੀਖਿਆ ਉਤੇ ਵੀ ਇਸਦਾ ਬੁਰਾ ਪ੍ਰਭਾਵ ਪਿਆ। ਇਸ ਸਿੱਖ ਗ੍ਰੰਥੀ ਉਤੇ 6 ਵੱਖ-ਵੱਖ ਜਿਨਸੀ ਦੋਸ਼ ਲੱਗੇ ਸਨ ਪਰ ਇਸਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਅਦਾਲਤ ਨੇ ਸਾਰੇ ਪੱਖਾਂ ਦੀ ਜਾਂਚ ਕਰਦਿਆਂ ਇਸਨੂੰ ਗਲਤ ਪਾਇਆ ਤੇ ਇਸਨੂੰ ਇਹ ਨਤੀਜਾ ਭੁਗਤਣਾ ਪਿਆ। ਸੋ ਸਿਆਣਿਆਂ ਠੀਕ ਹੀ ਕਿਹਾ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ।

Real Estate