ਇਸ ਵਾਰ ਨਰਮੇ ਦੇ ਵਧੀਆ ਝਾੜ ਅਤੇ ਭਾਅ ਨੇ, ਤੈਅ ਕਰਨਾ ਹੈ ਪੰਜਾਬ ਦਾ ਭਵਿੱਖ

991

ਸ੍ਰੀ ਮੁਕਤਸਰ ਸਾਹਿਬ 20 ਸਤੰਬਰ (ਕੁਲਦੀਪ ਸਿੰਘ ਘੁਮਾਣ) ਇਸ ਵਾਰ ਨਰਮੇ ਦੀ ਭਰਪੂਰ ਫ਼ਸਲ ਵੇਖ ਕੇ ਕਿਸਾਨਾਂ ਦਾ ਸਾਹ ਵਿੱਚ ਸਾਹ ਆਇਆ ਹੈ ਅਤੇ ਜੇਕਰ ਨਰਮੇ ਦੀ ਫ਼ਸਲ ਦਾ ਭਾਅ ਵੀ ਵਧੀਆ ਮਿਲਦਾ ਹੈ ਤਾਂ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਆਉਂਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਦਾ ਝੋਨੇ ਤੋਂ ਮੂੰਹ ਮੁੜਨਾ ਲਾਜ਼ਮੀ ਹੋ ਜਾਵੇਗਾ। ਇਸ ਸਾਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੇ ਅੰਦਰ ਹੀ ਪਿਛਲੇ ਸਾਲ ਦੇ ਮੁਕਾਬਲੇ ਵੀਹ ਹਜ਼ਾਰ ਹੈਕਟੇਅਰ ਨਰਮੇ ਦੀ ਫ਼ਸਲ ਦੀ ਵੱਧ ਬੀਜਾਂਦ ਹੋਈ ਹੈ। ਸਾਲ 2018 ਦੌਰਾਨ ਜ਼ਿਲ੍ਹੇ ਵਿੱਚ ਨਰਮੇ ਦੀ ਬੀਜਾਂਦ 52 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੋਈ ਸੀ ਅਤੇ ਝੋਨੇ ਦੀ ਬੀਜਾਂਦ 107 ਹਜ਼ਾਰ ਹੈਕਟੇਅਰ ਰਕਬੇ ਵਿੱਚ , ਜਦੋਂ ਕਿ ਬਾਸਮਤੀ ਦੀ ਬੀਜਾਂਦ 51ਹਜਾਰ ਹੈਕਟੇਅਰ ਰਕਬੇ ਵਿੱਚ ਹੋਈ ਸੀ। ਸਾਲ 2019 ਦੀ ਸਾਉਂਣੀ ਦੌਰਾਨ ਨਰਮੇ ਦੀ ਕਾਸ਼ਤ ਹੇਠ ਰਕਬਾ ਵਧ ਕੇ 72 ਹਜ਼ਾਰ ਹੈਕਟੇਅਰ ਹੋ ਗਿਆ ਹੈ। ਜਦੋਂ ਕਿ ਝੋਨੇ ਹੇਠੋਂ 29 ਹਜ਼ਾਰ ਹੈਕਟੇਅਰ ਰਕਬਾ ਘਟ ਕੇ ਮਹਿਜ਼ 78 ਹਜ਼ਾਰ ਹੈਕਟੇਅਰ ਰਕਬਾ ਹੀ ਰਹਿ ਗਿਆ ਹੈ। ਝੋਨੇ ਦੇ ਉਲਟ ਬਾਸਮਤੀ ਦੀ ਫ਼ਸਲ ਦੀ ਬੀਜਾਂਦ ਵਿੱਚ 9 ਹਜ਼ਾਰ ਹੈਕਟੇਅਰ ਰਕਬੇ ਦਾ ਵਾਧਾ ਹੋਇਆ ਹੈ ਅਤੇ ਇਸ ਸਾਲ ਬਾਸਮਤੀ ਦੀ ਫ਼ਸਲ ਦੀ ਬੀਜਾਂਦ 60 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੋਈ ਹੈ ਜਦੋਂ ਕਿ ਸਾਲ 2018 ਦੌਰਾਨ ਬਾਸਮਤੀ ਦੀ ਫ਼ਸਲ ਦੀ ਬੀਜਾਂਦ 51 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੋਈ ਸੀ। ਪਿਛਲੇ ਸਾਲ ਦੌਰਾਨ ਗਵਾਰੇ ਦੀ ਫ਼ਸਲ ਦੀ ਬੀਜਾਂਦ 1.2 ਹਜਾਰ ਹੈਕਟੇਅਰ ਰਕਬੇ ਵਿੱਚ ਹੋਈ ਸੀ ਜਦੋਂ ਕਿ ਇਸ ਸਾਲ ਗਵਾਰੇ ਦੀ ਫ਼ਸਲ ਦੀ ਬਿਜਾਈ ਵਿੱਚ ਵੀ ਵਾਧਾ ਹੋਇਆ ਹੈ ਅਤੇ ਸਾਲ 2019 ਦੌਰਾਨ 1.5 ਹਜਾਰ ਹੈਕਟੇਅਰ ਰਕਬੇ ਵਿੱਚ ਗਵਾਰੇ ਦੀ ਬੀਜਾਂਦ ਹੋਈ ਹੈ। ਜਿੰਨ੍ਹਾਂ ਕੋਸ਼ਿਸ਼ਾਂ ਵਿੱਚ ਸੂਬੇ ਦਾ ਖੇਤੀਬਾੜੀ ਵਿਭਾਗ ਲੱਗਾ ਹੋਇਆ ਹੈ ਕਿ ਝੋਨੇ ਹੇਠੋਂ ਰਕਬਾ ਘਟਾ ਕੇ, ਨਰਮੇ ਹੇਠ ਰਕਬਾ ਵਧਾਇਆ ਜਾਵੇ , ਉਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਵਿਖਾਈ ਦੇ ਰਿਹਾ ਹੈ। ਜਿਸ ਵਿੱਚ ਖੁਦਕਸ਼ੀਆਂ ਕਰਦੀ ਹੋਈ ਕਿਸਾਨੀ ਦੇ ਨਾਲ ਨਾਲ, ਖੇਤੀਬਾੜੀ ਦੀ ਮਜ਼ਦੂਰੀ ਕਰਦੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਦੀ ਭਲਾਈ ਦੇ ਨਾਲ ਨਾਲ ਪੂਰੇ ਪੰਜਾਬ ਸੂਬੇ ਦੀ ਭਲਾਈ ਸਮਝਿਆ ਜਾਣਾ ਚਾਹੀਦਾ ਹੈ। ਕਿਉਂਕਿ ਝੋਨੇ ਦੀ ਫ਼ਸਲ ਦਾ ਗਰੀਬ ਪਰਿਵਾਰਾਂ ਲਈ ਸੀਜ਼ਨ 20,25 ਦਿਨ ਹੀ ਹੁੰਦਾ ਹੈ ਜਦੋਂ ਕਿ ਨਰਮੇ ਦੀ ਫ਼ਸਲ ਨਾਲ ਗਰੀਬ ਪਰਿਵਾਰਾਂ ਨੂੰ ਵੀ ਲਗਾਤਾਰ 6 ਮਹੀਨੇ ਕੰਮ ਅਤੇ ਚੁੱਲਿਆਂ ਲਈ ਬਾਲਣ ਮਿਲਦਾ ਰਹਿੰਦਾ ਹੈ। ਪਿਛਲੇ ਸਮੇਂ ਦੌਰਾਨ ਨਰਮੇ ਦੀ ਫ਼ਸਲ ਦੀ ਘੱਟ ਬੀਜਾਂਦ ਅਤੇ ਪੈਦਾਵਾਰ ਕਰ ਕੇ ਕੱਪੜੇ ਅਤੇ ਧਾਗੇ ਦੀ ਸੱਨਅਤ ਨੂੰ ਵੀ ਢੇਰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਰਕੇ , ਇਸ ਸਾਲ ਨਰਮੇ ਦੀ ਭਰਪੂਰ ਫ਼ਸਲ, ਪੈਦਾਵਾਰ ਅਤੇ ਸਰਕਾਰ ਵੱਲੋਂ ਤੈਅ ਕੀਤੇ ਗਏ ਚੰਗੇਰੇ ਭਾਅ ਨੇ ਆਉਂਣ ਵਾਲੇ ਸਮਿਆਂ ਵਿੱਚ ਨਰਮੇ, ਕਿਸਾਨਾਂ, ਮਜ਼ਦੂਰਾਂ, ਪੰਜਾਬ ਅਤੇ ਧਰਤੀ ਦੇ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾ ਰਹੇ ਸਤਰ ਦਾ ਭਵਿੱਖ ਤੈਅ ਕਰਨਾ ਹੈ ਜਿਸ ਵਿੱਚ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ। ਅਗਰ ਐਤਕੀਂ ਪੰਜਾਬ ਦੇ ਕਿਸਾਨਾਂ ਨੂੰ ਨਰਮੇ ਦਾ ਵਧੀਆ ਭਾਅ ਮਿਲਦਾ ਹੈ ਤਾਂ ਯਕੀਨਨ ਇਹ ਪੰਜਾਬ, ਪੰਜਾਬ ਦੇ ਧਰਤੀ ਹੇਠਲੇ ਲਗਾਤਾਰ , ਹੇਠਾਂ ਜਾ ਰਹੇ ਪਾਣੀਆਂ ਅਤੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਬਹੁਤ ਵੱਡਾ ਉਪਰਾਲਾ ਹੋਵੇਗਾ।

 

Real Estate