ਬਲਾਤਕਾਰ ਦੇ ਦੋਸ਼ੀ ਨੇ ਸਜ਼ਾ ਸੁਣਦਿਆ ਹੀ ਵੱਢਿਆ ਆਪਣਾ ਗਲਾ

1344

ਬਲਾਤਕਾਰ ਦੇ ਇਕ ਮਾਮਲੇ ਚ 10 ਸਾਲ ਦੀ ਸਜ਼ਾ ਸੁਣਦਿਆਂ ਹੀ 33 ਸਾਲਾ ਵਿਅਕਤੀ ਨੇ ਅਦਾਲਤ ਵਿੱਚ ਆਪਣਾ ਗਲ ਵੱਢ ਲਿਆ। ਘਟਨਾ ਮੰਗਲਵਾਰ ਦੀ ਹੈ ਜਦੋਂ ਦੋਸ਼ੀ ਨੇ ਜੱਜ ਦੇ ਸਾਹਮਣੇ ਹੀ ਆਪਣਾ ਗਲਾ ਵੱਢਿਆ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਬੀਨਾ ਦਾ ਰਹਿਣ ਵਾਲੇ ਓਮਕਾਰ ਅਹਿਰਵਾਰ ਨਾਮ ਦੇ ਇਸ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣਾ ਗਲਾ ਤਿੰਨ ਵਾਰ ਵੱਢਣ ਦੀ ਕੋਸ਼ਿਸ਼ ਕੀਤੀ। ਉਹ ਹਥਿਆਰ ਆਪਣੇ ਪਜਾਮੇ ਚ ਲੁਕਾ ਕੇ ਨਾਲ ਅਦਾਲਤ ਦੇ ਅੰਦਰ ਲੈ ਗਿਆ ਸੀ। ਗੰਭੀਰ ਜ਼ਖਮੀ ਹੋਏ ਇਸ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਓਮਕਾਰ ਅਹਿਰਵਾਰ ਸਥਾਨਕ ਬੀਨਾ ਤੇਲ ਰਿਫਾਇਨਰੀ ਚ ਕੰਮ ਕਰਦਾ ਸੀ ਤੇ ਇਸ ਦੌਰਾਨ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੁਆਰਾ ਲਗਭਗ ਤਿੰਨ ਸਾਲ ਪਹਿਲਾਂ ਛਤਰਪੁਰ ਦੇ ਸਿਵਲ ਲਾਈਨਜ਼ ਖੇਤਰ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨਾਲ ਉਸ ਦੀ ਦੋਸਤੀ ਹੋ ਗਈ। ਸਾਲ 2016 ਚ ਲੜਕੀ ਨੇ ਉਕਤ ਦੋਸ਼ੀ ਵਿਰੁੱਧ ਥਾਣੇ ਚ ਬਲਾਤਕਾਰ ਦਾ ਕੇਸ ਦਰਜ ਕਰਾ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਚ ਉਸਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਛਤਰਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਨੌਰਿਨ ਨਿਗਮ ਦੀ ਅਦਾਲਤ ਨੇ ਅਹਿਰਵਾਰ ਨੂੰ ਬਲਾਤਕਾਰ ਦਾ ਦੋਸ਼ੀ ਮੰਨਿਆ ਤੇ ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ। ਜਿਸ ਸਮੇਂ ਜੱਜ ਨੇ ਆਪਣਾ ਫੈਸਲਾ ਸੁਣਾਇਆ, ਦੋਸ਼ੀ ਨੇ ਆਪਣੇ ਪਜਾਮੇ ਚੋਂ ਚਾਕੂ ਕੱਢਿਆ ਤੇ ਆਪਣੇ ਗਲੇ ’ਤੇ ਤਿੰਨ ਵਾਰ ਹਮਲਾ ਕੀਤਾ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੁਲਜ਼ਮ ਜ਼ਮਾਨਤ ’ਤੇ ਬਾਹਰ ਸੀ ਤੇ ਸਿੱਧੇ ਕੋਰਟ ਰੂਮ ਚ ਪੇਸ਼ੀ ਲਈ ਆਇਆ ਸੀ। ਇਸ ਲਈ ਉਹ ਚਾਕੂ ਨੂੰ ਆਪਣੇ ਨਾਲ ਅੰਦਰ ਲਿਜਾਣ ਚ ਸਫਲ ਰਿਹਾ। ਦੋਸ਼ੀ ਦੇ ਪਿਤਾ ਰਾਮਪ੍ਰਸਾਦ ਅਹਿਰਵਾਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਹੈ ਜਦਕਿ ਪੀੜਤ ਲੜਕੀ ਦੇ ਕਿਸੇ ਵੀ ਗੁਆਂਢੀ ਨੇ ਉਨ੍ਹਾਂ ਦੇ ਪੁੱਤਰ ਖਿਲਾਫ ਗਵਾਹੀ ਨਹੀਂ ਦਿੱਤੀ ਸੀ।

Real Estate