ਹਰਮੀਤ ਬਰਾੜ
ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਹ ਲਿਖਤ ਬਹੁਤ ਘੁੰਮੀ ਕਿ ਜੇ ਔਰਤਾਂ, ਬਾਬਿਆਂ ਕੋਲ ਜਾਣਾ ਛੱਡ ਦੇਣ ਤਾਂ ਬਹੁਤ ਸਾਰੇ ਡੇਰੇ ਬੰਦ ਹੋ ਜਾਣ। ਵੈਸੇ ਤਾਂ ਮੈਂ ਇਸਨੂੰ ਸੰਪੂਰਨ ਸੱਚ ਨਹੀਂ ਮੰਨਦੀ ਕਿ ਸਿਰਫ ਔਰਤਾਂ ਈ ਬਾਬਿਆਂ ਕੋਲ ਜਾਂਦੀਆਂ ਨੇ, ਬਹੁਤੇ ਆਦਮੀ ਆਪਣੇ ਆਲੇ ਦੁਆਲੇ ਵੱਧ ਅੰਧ ਵਿਸ਼ਵਾਸੀ ਦੇਖਦੀ ਹਾਂ।
ਫੇਰ ਵੀ ਜੇ ਗੱਲ ਔਰਤ ਲਈ ਚੱਲੀ ਹੈ ਤਾਂ ਕਾਰਨ ਲੱਭਣੇ ਪੈਣਗੇ। ਜੋ ਮੈਂ ਆਸ ਪਾਸ ਦੇਖਿਆ ਕਿ ਸਭ ਤੋਂ ਵੱਡਾ ਕਾਰਨ ਹੈ ਪਤੀ, ਭਰਾ ਆਦਿ ਦਾ ਸ਼ਰਾਬੀ ਹੋਣਾ। ਔਰਤ ਨੂੰ ਸਭ ਤੋਂ ਵੱਧ ਤਸ਼ੱਦਦ ਬਰਦਾਸ਼ਤ ਕਰਨਾ ਪੈਂਦਾ ਹੈ , ਰੋਜ਼ਾਨਾ ਕੁੱਟਮਾਰ ਕਰਨਾ ਤੇ ਘਰ, ਪੈਸਿਆਂ ਆਦਿ ਦਾ ਨੁਕਸਾਨ ਕਰਨਾ। ਬਾਬਿਆਂ ਕੋਲ ਇਸ ਦਾ ਇਲਾਜ ਲੱਭਣ ਲਈ ਉਨ੍ਹਾਂ ਵਲੋਂ ਨਾਮਦਾਨ ਦੇ ਨਾਂ ਤੇ ਜਾਂ ਇਹੋ ਜਿਹੇ ਹੋਰ ਪਖੰਡ ਕਰ ਆਪਣੇ ਪ੍ਰਭਾਵ ਹੇਠ ਲਿਆ ਸ਼ਰਾਬ ਛੁਡਾ ਦੇਣਾ, ਔਰਤਾਂ ਦੀ ਸਮਝ ਵਿੱਚ ਬਾਬੇ ਨੂੰ ਰੱਬ ਬਣਾ ਦਿੰਦਾ ਹੈ ।
ਦੂਜਾ ਵੱਡਾ ਕਾਰਨ ਜਦੋਂ ਉਹ ਮੁੰਡੇ ਨੂੰ ਜਨਮ ਨਹੀਂ ਦੇ ਪਾਉੰਦੀ ਤਾਂ ਮਿਹਣੇ ਮਾਰ ਮਾਰ ਉਸਨੂੰ ਨਾ ਸਿਰਫ ਸਹੁਰੇ ਪਰਿਵਾਰ ਵਲੋਂ ਬਲਕਿ ਪੇਕੇ ਘਰੋਂ ਉਸਦੀ ਮਾਂ ਜਾਂ ਭਰਜਾਈ ਵਲੋਂ ਵੀ ਇਹ ਪਾਠ ਪੜਾਇਆ ਜਾਂਦਾ ਹੈ ਕਿ ਜੇ ਵਾਰਿਸ ਨੂੰ ਜਨਮ ਨਹੀਂ ਦੇਵੇਗੀ ਤਾਂ ਸਹੁਰੇ ਘਰ ਵਾਸਾ ਨਹੀਂ ਹੋਣਾ। ਓਹੀ ਮਾਂ, ਸੱਸ, ਭਰਜਾਈ, ਨਣਦੇ ਆਦਿ ਕੋਈ ਬਾਬਾ ਲੱਭਦੀਆਂ ਨੇ ਤੇ ਮੁੰਡੇ ਦਾ ਫਲ ਪਵਾਉਣ ਦੇ ਨਾਮ ਤੇ ਇੱਕ ਉਮੀਦ ਨਾਲ ਡੇਰੇ ਨਾਲ ਜੋੜ ਦਿੰਦੀਆਂ ਨੇ। ਜਿਸ ਦੇ ਮਗਰੋਂ ਨਤੀਜੇ ਸਰੀਰਕ ਸ਼ੋਸ਼ਣ ਤੱਕ ਦੇਖਣ ਨੂੰ ਮਿਲੇ ਹਨ।
ਅਜਿਹੇ ਅਨੇਕਾਂ ਕਾਰਨਾਂ ਸਮੇਤ ਇਹ ਵੀ ਕਹਿਣਾ ਭੁੱਲਿਆ ਨਹੀਂ ਜਾ ਸਕਦਾ ਕਿ ਔਰਤ ਮਨ ਕੋਮਲ ਤੇ ਸਹਿਜ ਹੁੰਦਾ ਹੈ ਅਤੇ ਜਲਦੀ ਭਰੋਸਾ ਕਰ ਲੈਂਦਾ ਹੈ। ਥੋੜੀ ਉਮੀਦ ਦੀ ਕਿਰਨ ਵੀ ਉਸਨੂੰ ਨਤੀਜੇ ਜਾਣੇ ਬਿਨਾਂ ਆਪਣੇ ਵਲ ਖਿੱਚ ਲੈਂਦੀ ਹੈ। ਦੂਜਾ ਕਾਰਨ ਔਰਤ ਦਾ ਘੇਰਾ ਸੀਮਤ ਹੋਣ ਕਰਕੇ ਉਹ ਵਿਸ਼ਾਲ ਸੋਚ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ। ਸਤੀ ਸਵਿੱਤਰੀ ਬਣੇ ਰਹਿਣ ਦੇ ਚੱਕਰ ਵਿਚ ਉਸਨੂੰ ਉਹ ਦਾਇਰਾ ਨਹੀਂ ਮਿਲ ਪਾਉਂਦਾ ਜੋ ਇੱਕ ਮਰਦ ਨੂੰ ਮਿਲਦਾ ਹੈ। ਇਸਦੀ ਤੁਲਨਾ ਉਨ੍ਹਾਂ ਔਰਤਾਂ ਨਾਲ ਕਰੋਂਗੇ ਜੋ ਦੁਨੀਆ ਵਿੱਚੋਂ ਖੁੱਲੀਆਂ ਵਿਚਰਦੀਆਂ ਨੇ ਤਾਂ ਜਵਾਬ ਸਹਿਜ ਹੀ ਮਿਲ ਜਾਵੇਗਾ। ਪੜਾਈ ਦਾ ਅਹਿਮ ਯੋਗਦਾਨ ਤਾਂ ਔਰਤ, ਮਰਦ ਹਰ ਇੱਕ ਦੀ ਸੋਚ ਤੇ ਦੇਖਣ ਨੂੰ ਮਿਲਦਾ ਹੀ ਹੈ।
ਅੰਤ ਇਹੀ ਕਿਹਾ ਜਾ ਸਕਦਾ ਹੈ ਕਿ ਉਸਦੇ ਅੰਧ ਵਿਸ਼ਵਾਸੀ ਹੋਣ ਦਾ ਵੱਡਾ ਕਾਰਨ ਉਸਦਾ ਆਲਾ ਦੁਆਰਾ ਤੇ ਕੋਮਲ ਮਨ ਹੀ ਕਹੇ ਜਾ ਸਕਦੇ ਨੇ।