ਵਿਦੇਸ਼ੀ ਕਾਮਿਆਂ ਵਾਸਤੇ ਮਾਨਤਾ ਪ੍ਰਾਪਤ ਰੁਜ਼ਗਾਰ ਦਾਤਾ ਹੋਣਾ ਹੋਵੇਗਾ ਜਰੂਰੀ

988

ਨਿਊਜ਼ੀਲੈਂਡ ਸਰਕਾਰ ਵੱਲੋਂ ਕਾਰੋਬਾਰੀਆਂ ਲਈ ਅਸਥਾਈ ਕਾਮਿਆਂ ਦੀ ਕਮੀ ਘਟਾਉਣ ਲਈ ਵੀਜ਼ਾ ਨਿਯਮ ਘੜੇ,
ਮਾਹਿਰਾਂ ਦਾ ਕਹਿਣਾ ਕਿ ਕਾਮਿਆਂ ਦਾ ਕੁੰਡੀ ਅਜੇ ਵੀ ਰੁਜ਼ਗਾਰ ਦਾਤਾ ਦੇ ਹੱਥ ਵਿਚ ਹੀ ਹੈ

ਔਕਲੈਂਡ 17 ਸਤੰਬਰ 2019 (ਹਰਜਿੰਦਰ ਸਿੰਘ ਬਸਿਆਲਾ) -ਨਿਊਜ਼ੀਲੈਂਡ ਸਰਕਾਰ ਨੇ ਨਵੇਂ ‘ਵਰਕ ਵੀਜ਼ਾ’ ਨਿਯਮਾਂ ਦੀ ਘੋਸ਼ਣਾ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਘੱਟ ਤਨਖਾਹ ਵਾਲੇ ਕਰਮਚਾਰੀਆਂ ਨੂੰ ਵੀ ਆਪਣੇ ਪਰਿਵਾਰ ਸ਼ਾਮਿਲ ਕਰਨ ਦੀ ਸਮਰੱਥਾ ਹੈ। ਇਮੀਗ੍ਰੇਸ਼ਨ ਮੰਤਰੀ ਈਆਨ ਲੀਜ਼-ਗਾਲੋਵੇਅ ਦਾ ਕਹਿਣਾ ਹੈ ਕਿ ਦੇਸ਼ ਦੇ ਤਕਰੀਬਨ 30,000 ਕਾਰੋਬਾਰੀਆਂ ਨੂੰ ਸਰਕਾਰ ਦੇ ਅਸਥਾਈ ਵਰਕ ਵੀਜ਼ਾ ਪ੍ਰਕਿਰਿਆ ਪ੍ਰੋਗਰਾਮ ਵਿੱਚ ਕੀਤੀ ਨਵੀਂ ਤਬਦੀਲੀ ਦਾ ਫਾਇਦਾ ਮਿਲੇਗਾ। ਕੁਝ ਤਬਦੀਲੀਆਂ 7 ਅਕਤੂਬਰ 2019 ਤੋਂ ਲਾਗੂ ਹੋਣੀਆਂ ਹਨ ਜਦ ਕਿ ਵੱਡੀਆਂ ਤਬਦੀਲੀਆਂ ਜੋ ਕਿ 2020 ਤੋਂ ਲਾਗੂ ਹੋਣੀਆਂ ਸ਼ੁਰੂ ਹੋਣੀਆਂ ਹਨ, ਵਿੱਚ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਆਪਣੇ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆਉਣ ਦੀ ਯੋਗਤਾ ਨੂੰ ਮੁੜ ਸਥਾਪਿਤ ਕਰਨਾ ਅਤੇ ਰੁਜ਼ਗਾਰ ਦਾਤਾ ਦੀ ਅਗਵਾਈ ਵਾਲੇ ਵੀਜ਼ਾ ਢਾਂਚੇ ਦੀ ਸ਼ੁਰੂਆਤ ਕਰਨਾ ਸ਼ਾਮਿਲ ਹੈ ਜੋ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਹੋਰ ਅਸਾਨ ਬਣਾਏਗੀ। ਇਹ ਰੁਜਗਾਰ ਦਾਤਾਵਾਂ ਨੂੰ ਵਧੇਰੇ ਨਿਊਜ਼ੀਲੈਂਡ ਵਾਸੀਆਂ ਨੂੰ ਰੁਜ਼ਗਾਰ ਦੇਣ ਅਤੇ ਸਿਖਲਾਈ ਦੇਣ ਦੀ ਉਮੀਦ ਨੂੰ ਵੀ ਵਧਾਉਂਦਾ ਹੈ ਅਤੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਸ਼ੋਸ਼ਣ ਨੂੰ ਘਟਾ ਦੇਵੇਗਾ। ਮੰਤਰੀ ਸਾਹਿਬ ਨੇ ਕਿਹਾ ਹੈ ਕਿ ਇਨ੍ਹਾਂ ਤਬਦੀਲੀਆਂ ਨਾਲ 25 ਤੋਂ 30 ਹਜ਼ਾਰ ਕਾਰੋਬਾਰੀਆਂ ਨੂੰ ਕਾਮਿਆਂ ਦੀ ਕਮੀ ਪੂਰੀ ਕਰਨ ਵਿਚ ਸਹਾਇਤਾ ਮਿਲੇਗੀ। ਨਵੀਂ ਵੀਜ਼ਾ ਪ੍ਰਣਾਲੀ ਦੇ ਰਾਹੀਂ ਕਾਮਿਆਂ ਨੂੰ ਆਪਣੇ ਰੁਜ਼ਗਾਰ ਦਾਤਾ ਪ੍ਰਤੀ ਜਿਆਦਾ ਤਸੱਲੀ ਰਹੇਗੀ ਜਿਸ ਦੇ ਕੋਲ ਉਹ ਕੰਮ ਕਰਨ ਆ ਰਹੇ ਅਤੇ ਕਿਹੜਾ ਕੰਮ ਕਰਨ ਆ ਰਹੇ ਹਨ। ਸੰਭਾਵੀ ਨਵੇਂ ਨਿਯਮਾਂ ਦੀ ਰੂਪ ਰੇਖਾ ਲਗਪਗ 1000 ਲੋਕਾਂ ਦੀਆਂ ਸਲਾਹੂ ਚਿੱਠੀਆਂ ਦੀ ਲੋਅ ਵਿਚ ਕੀਤੀ ਗਈ ਹੈ ਜਿਸ ਨਾਲ ਰੁਜ਼ਗਾਰ ਦਾਤਾ ਨੂੰ ਅਸਥਾਈ ਵੀਜ਼ੇ ਵਾਲਿਆਂ ਨਾਲ ਕੰਮ ਕਰਨ ਵਿਚ ਸਹਾਇਤਾ ਮਿਲੇਗੀ। ਤਬਦੀਲੀਆਂ ਦਾ ਅਰਥ ਹੈ 2021 ਵਿਚ ਸਿਰਫ ਇਕ ਸ਼੍ਰੇਣੀ ਵਾਲਾ ਰੁਜ਼ਗਾਰਦਾਤਾ-ਸਹਾਇਤਾ ਪ੍ਰਾਪਤ ਅਸਥਾਈ ਵਰਕ ਵੀਜ਼ਾ ਹੀ ਹੋਵੇਗਾ, ਜਿਸ ਲਈ ਵਿਦੇਸ਼ੀ ਕਰਮਚਾਰੀ ਅਪਲਾਈ ਕਰ ਸਕਣਗੇ।
ਇਸ ਵੇਲੇ 6 ਕਿਸਮਾਂ ਦਾ ਵਰਕ ਵੀਜ਼ਾ ਕੰਮ ਕਰ ਰਿਹਾ ਹੈ ਜਿਸ ਦੇ ਵਿਚ ‘ਲਾਂਗ ਟਰਮ ਸਕਿੱਲਜ਼ ਸ਼ਾਰਟੇਜ਼ ਵੀਜ਼ਾ ਅਤੇ ਟੇਲੇਂਟ ਵਰਕ ਟੂ ਰੈਜੀਡੈਂਸੀ ਵੀਜ਼ਾ’ ਸ਼ਾਮਿਲ ਹੈ। ਨਵੀਂ ਪ੍ਰਣਾਲੀ ਵਧੇਰੇ ਸੁਵਿਧਾਜਨਕ ਹੋਵੇਗੀ ਅਤੇ ਬਹੁਤ ਸਾਰੀਆਂ ਗੁੰਝਲਤਾਵਾਂ ਨੂੰ ਦੂਰ ਕਰੇਗੀ। ਵਿਦੇਸ਼ੀ ਕਾਮਿਆਂ ਦੀ ਨਿਯੁਕਤੀ ਨੂੰ ਸੌਖਾ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਵੀਂ ਵੀਜ਼ਾ ਪ੍ਰਣਾਲੀ ਦਾ ਫਾਇਦਾ ਚੁੱਕਣ ਲਈ ਰੁਜ਼ਗਾਰ ਦਾਤਾ ਨੂੰ ਹੁਣ ਸਰਕਾਰ ਕੋਲ ਪ੍ਰਵਾਨਿਤ ਹੋਣ ਦੀ ਜ਼ਰੂਰਤ ਹੋਏਗੀ ਅਤੇ ਜਿਸ ਦਾ ਫਾਇਦਾ ਇਹ ਹੋਏਗਾ ਕਿ ਉਹ ਵਿਦੇਸ਼ੀ ਕਾਮੇ ਇਥੇ ਬੁਲਾਉਣ ਵਾਸਤੇ ਇਕ ਤਰ੍ਹਾਂ ਨਾਲ ਪਹਿਲਾਂ ਤੋਂ ਹੀ ਮਾਨਤਾ ਪ੍ਰਾਪਤ ਹੋਣਗੇ। ਖੇਤਰੀ ਕਾਰੋਬਾਰੀਆਂ ਨੂੰ ਕਾਮੇ ਲੱਭਣ ਦੇ ਵਿਚ ਸਹਾਇਤਾ ਮਿਲਣ ਦੀ ਆਸ ਰੱਖੀ ਜਾ ਰਹੀ ਹੈ। ਇਸ ਤਰ੍ਹਾਂ ਦੀ ਨਵੀਂ ਪ੍ਰਣਾਲੀ ਲਾਗੂ ਕਰਨ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਰੁਜ਼ਗਾਰ ਦਾਤਾ ਲਈ ਕਾਮਿਆਂ ਦੀ ਭਰਤੀ ਵਿਚ ਤਿੰਨ ਪੜਾਅ ਸ਼ਾਮਲ ਹੋਣਗੇ: ਮਾਲਕ ਦੀ ਜਾਂਚ, ਨੌਕਰੀ ਦੀ ਜਾਂਚ ਅਤੇ ਕਾਮੇ ਦੀ ਜਾਂਚ। ਔਕਲੈਂਡ, ਹਮਿਲਟਨ, ਵਲਿੰਗਟਨ, ਕ੍ਰਾਈਸਟਚਰਚ ਤੇ ਡੁਨੀਡਨ ਦੇ ਲਈ ਸਕਿੱਲ ਸ਼ਾਰਟੇਜ ਸੂਚੀ ਜਾਰੀ ਕੀਤੀ ਜਾਏਗੀ। ਕਈ ਮਾਹਿਰ ਲੋਕਾਂ ਦਾ ਕਹਿਣਾ ਹੈ ਕਿ ਅਜੇ ਵੀ ਕਾਮਿਆਂ ਦੀ ਕੁੰਡੀ ਮਾਲਕਾਂ ਜਾਂ ਰੁਜ਼ਗਾਰ ਦਾਤਾ ਦੇ ਹੱਥ ਹੀ ਰਹੇਗੀ, ਜਿਸ ਦੇ ਕਾਰਨ ਅਜੇ ਵੀ ਕਾਮਿਆਂ ਦੀ ਲੁੱਟ-ਖਸੁੱਟ ਹੋਣ ਦੀ ਸੰਭਾਵਨਾ ਬਣੀ ਰਹੇਗੀ।
ਇਸ ਸਬੰਧੀ ਇਮੀਗ੍ਰੇਸ਼ਨ ਅਡਵਾਈਜ਼ਰ ਨਿੰਮੀ ਬੇਦੀ ਹੋਰਾਂ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਬਦਲਾਅ 7 ਅਕਤੂਬਰ 2019 ਨੂੰ ਹੋ ਰਹੇ ਹਨ ਜਦ ਕਿ ਬਾਕੀ ਦੇ ਅਗਲੇ ਸਾਲ ਅਤੇ 2021 ਦੇ ਵਿਚ ਹੋਣਗੇ। ਟੇਲੇਂਟ ਐਕਰੀਡੀਏਟਡ ਰੁਜ਼ਗਾਰ ਦਾਤਾ ਵਰਕ ਵੀਜ਼ੇ ਵਾਸਤੇ ਘੱਟੋ-ਘੱਟ ਲੋੜੀਂਦੀ ਸਲਾਨਾ ਤਨਖਾਹ 55,000 ਡਾਲਰ ਤੋਂ ਵਧਾ ਕੇ 79,560 ਡਾਲਰ ਕਰ ਦਿੱਤੀ ਗਈ ਹੈ। ਜੇਕਰ ਤਨਖਾਹ ਘੱਟ ਹੋਏਗੀ ਤਾਂ ਤੁਹਾਨੂੰ ਇੰਸ਼ੈਸ਼ੀਅਲ ਸਕਿਲਜ਼ ਵਰਕ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ। 90,000 ਡਾਲਰ ਤੱਕ ਤਨਖਾਹ ਲੈਣ ਵਾਲੇ ਟੇਲੇਂਟ ਵਰਕ ਵੀਜ਼ਾ ਹੋਲਡਰ ਹੁਣ ਸਿਰਫ ਰੈਜੀਡੈਂਟ ਵੀਜ਼ਾ ਹੀ ਲੈ ਸਕੇਗਾ ਜਦ ਕਿ ਪਹਿਲਾਂ ਪਰਮਾਨੈਂਟ ਰੈਜੀਡੈਂਸੀ ਵਾਸਤੇ ਵੀ ਉਹ ਯੋਗ ਹੁੰਦਾ ਸੀ। ਰੁਜ਼ਗਾਰ ਦਾਤਾ ਦਾ ਐਕਰੀਡੀਏਟਡ ਸਮਾਂ 24 ਮਹੀਨਿਆਂ ਦਾ ਰਹੇਗਾ। ਸਿਲਵਰ ਫਰਨ ਜਾਬ ਸਰਚ ਵੀਜ਼ਾ 7 ਅਕਤੂਬਰ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਪਹਿਲਾਂ ਹੈ, ਉਨ੍ਹਾਂ ਨੂੰ ਇਸਦਾ ਕੋਈ ਫਰਕ ਨਹੀਂ ਪਵੇਗਾ।

Real Estate