ਵਿਦਿਆਰਥੀਆਂ ਬਗੈਰ ਵੱਡੇ ਵੱਡੇ ਕੈਂਪਸ ਹੋ ਰਹੇ ਸੁੰਨੇ

1089

ਚਰਨਜੀਤ ਭੁੱਲਰ

ਦਮਦਮਾ ਸਾਹਿਬ ਦਾ ਗੁਰੂ ਕਾਸ਼ੀ ਕੈਂਪਸ ਹੁਣ ਖਾਲੀ ਖੜਕਣ ਲੱਗਾ ਹੈ। ਪੰਜਾਬੀ ’ਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਵਿਚ ਅਧਿਆਪਕਾਂ ਦੀ ਕੋਈ ਕਮੀ ਨਹੀਂ, ਜਦੋਂਕਿ ਨਵੇਂ ਦਾਖ਼ਲੇ ਭੁੰਜੇ ਜਾ ਡਿੱਗੇ ਹਨ। ਚਾਰ ਵਰ੍ਹਿਆਂ ਤੋਂ ਇਸ ਕੈਂਪਸ ਵਿਚ ਵਿਦਿਆਰਥੀ ਘਟਣੇ ਸ਼ੁਰੂ ਹੋ ਗਏ ਸਨ ਪਰ ਪੰਜਾਬੀ ’ਵਰਸਿਟੀ ਦੇ ਕੰਨਾਂ ’ਤੇ ਜੂੰਅ ਨਹੀਂ ਸਰਕੀ। ਕੋਈ ਵੇਲਾ ਸੀ ਜਦੋਂ ਗੁਰੂ ਕਾਸ਼ੀ ਕੈਂਪਸ ਵਿਚ ਵਿਦਿਆਰਥੀ ਦਾਖ਼ਲੇ ਲੈਣ ਲਈ ਤਰਸਦੇ ਸਨ। ਅੱਜ ਉਲਟ ਫੇਰ ਹੋਇਆ ਹੈ ਕਿ ਕੈਂਪਸ ਖ਼ੁਦ ਵਿਦਿਆਰਥੀਆਂ ਦਾ ਰਾਹ ਤੱਕ ਰਿਹਾ ਹੈ। ਗੁਰੂ ਕਾਸ਼ੀ ਕੈਂਪਸ ਦੇ ਹੋਸਟਲ ਵੀ ਵਿਦਿਆਰਥੀਆਂ ਬਿਨਾਂ ਖਾਲੀ ਪਏ ਹਨ। ਕੈਂਪਸ ਦੇ ਇਸ ਹਾਲ ਪ੍ਰਤੀ ਕੋਈ ਫ਼ਿਕਰਮੰਦ ਨਹੀਂ ਹੈ।
ਵੇਰਵਿਆਂ ਅਨੁਸਾਰ ਗੁਰੂ ਕਾਸ਼ੀ ਕੈਂਪਸ ਦੇ ਮੈਨੇਜਮੈਂਟ ਕਾਲਜ ਵਿਚ ਚਾਰ ਕੋਰਸਾਂ ਵਿਚ 210 ਸੀਟਾਂ ਪ੍ਰਵਾਨਿਤ ਹਨ, ਜਿਨ੍ਹਾਂ ਵਿਚੋਂ ਐਤਕੀਂ ਸਿਰਫ਼ 23 ਸੀਟਾਂ ਹੀ ਭਰੀਆਂ ਹਨ ਤੇ ਬਾਕੀ ਖਾਲੀ ਪਈਆਂ ਹਨ। ਐੱਮਬੀਏ ਦੀਆਂ 120 ਸੀਟਾਂ ’ਚੋਂ ਸਿਰਫ਼ ਛੇ ਭਰੀਆਂ ਹਨ ਜਦੋਂਕਿ ਬੀਬੀਏ ਦੀਆਂ 30 ਵਿਚੋਂ ਪੰਜ ਸੀਟਾਂ ਹੀ ਭਰੀਆਂ ਹਨ। ਇਸੇ ਤਰ੍ਹਾਂ ਬੀ।ਕਾਮ ਵਿਚ 30 ਸੀਟਾਂ ਹਨ, ਜਦੋਂਕਿ ਵਿਦਿਆਰਥੀ ਸਿਰਫ਼ ਸੱਤ ਆਏ ਹਨ ਅਤੇ ਐੱਮ.ਕਾਮ ਦੀਆਂ 30 ਸੀਟਾਂ ’ਚੋਂ ਸਿਰਫ਼ ਪੰਜ ਹੀ ਭਰੀਆਂ ਹਨ। ਨਵੇਂ ਦਾਖ਼ਲੇ ਪਿਛਲੇ ਵਰ੍ਹੇ ਨਾਲੋਂ ਵੀ ਘਟ ਗਏ ਹਨ। ਮੈਨੇਜਮੈਂਟ ਕਾਲਜ ਵਿਚ ਫੈਕਲਟੀ ਦੀ ਕੋਈ ਕਮੀ ਨਹੀਂ ਹੈ।
ਸੂਤਰਾਂ ਅਨੁਸਾਰ ਮੈਨੇਜਮੈਂਟ ਕਾਲਜ ਵਿਚ ਕੁੱਲ 14 ਅਧਿਆਪਕ ਹਨ, ਜਿਨ੍ਹਾਂ ਦੀ ਸਾਲਾਨਾ ਤਨਖਾਹ ਕਰੀਬ 88 ਲੱਖ ਬਣਦੀ ਹੈ। ਮੈਨੇਜਮੈਂਟ ਦੇ ਮੁਖੀ ਡਾ। ਅਮਨਦੀਪ ਸਿੰਘ ਆਖਦੇ ਹਨ ਕਿ ਫੈਕਲਟੀ ਦੀ ਕੋਈ ਘਾਟ ਨਹੀਂ ਪਰ ਨਵੇਂ ਦਾਖ਼ਲੇ ਘਟ ਗਏ ਹਨ। ਉਨ੍ਹਾਂ ਆਖਿਆ ਕਿ ਆਈਲੈਟਸ ਦਾ ਸਭ ਤੋਂ ਵੱਡਾ ਅਸਰ ਕੈਂਪਸ ’ਤੇ ਪਿਆ ਹੈ ਅਤੇ ਦੂਜਾ ਗਰੈਜੂਏਟ ਕਾਲਜਾਂ ਵਿਚ ਪੋਸਟ ਗਰੈਜੂਏਟ ਕੋਰਸ ਸ਼ੁਰੂ ਹੋਣ ਕਰਕੇ ਵੀ ਨਵੇਂ ਦਾਖ਼ਲੇ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਹੋਸਟਲ ਦੀਆਂ ਵੀ ਤਿੰਨ ਮੰਜ਼ਲਾਂ ਖਾਲੀ ਪਈਆਂ ਹਨ। ਕਦੇ ਵਿਦਿਆਰਥੀ ਹੋਸਟਲ ਲੈਣ ਲਈ ਵੱਡੀਆਂ ਸਿਫ਼ਾਰਸ਼ਾਂ ਕਰਾਉਂਦੇ ਹੁੰਦੇ ਸਨ।
ਗੁਰੂ ਕਾਸ਼ੀ ਕੈਂਪਸ ਦੇ ਯਾਦਵਿੰਦਰਾ ਕਾਲਜ ਦਾ ਹਾਲ ਵੀ ਵੱਖਰਾ ਨਹੀਂ। ਯਾਦਵਿੰਦਰਾ ਕਾਲਜ ਵਿਚ ਹਰ ਤਰ੍ਹਾਂ ਦੇ ਕੋਰਸਾਂ ਸਮੇਤ ਪਲੱਸ ਵਨ ਦੀਆਂ 700 ਸੀਟਾਂ ਹਨ ਅਤੇ ਇਨ੍ਹਾਂ ਵਿਚੋਂ ਸਿਰਫ਼ 136 ਸੀਟਾਂ ਹੀ ਭਰੀਆਂ ਹਨ, ਜੋ ਕਿ ਸਿਰਫ਼ 19.72 ਫ਼ੀਸਦੀ ਬਣਦੀਆਂ ਹਨ। ਯਾਦਵਿੰਦਰਾ ਕਾਲਜ ਦੇ ਮੁਖੀ ਡਾ। ਜਗਤਾਰ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ। ਵੇਰਵਿਆਂ ਅਨੁਸਾਰ ਯਾਦਵਿੰਦਰਾ ਕਾਲਜ ਵਿਚ ਗੋਲਡਨ ਹਾਰਟ ਸਕੀਮ ਸਮੇਤ ਬੀ।ਟੈੱਕ ਦੀਆਂ 400 ਸੀਟਾਂ ਵਿਚੋਂ ਸਿਰਫ਼ 44 ਭਰੀਆਂ ਹਨ ਜਦੋਂਕਿ ਐੱਮ।ਟੈੱਕ ਰੈਗੂਲਰ ਕੋਰਸ ਦੀ ਕੋਈ ਸੀਟ ਨਹੀਂ ਭਰੀ ਹੈ ਜਦੋਂਕਿ ਇਸ ਵਿਚ 60 ਸੀਟਾਂ ਪ੍ਰਵਾਨਿਤ ਹਨ। ਇਸੇ ਤਰ੍ਹਾਂ ਐੱਮਸੀਏ ਦੀਆਂ 60 ਵਿਚੋਂ ਸਿਰਫ਼ ਦੋ ਸੀਟਾਂ ਭਰੀਆਂ ਹਨ ਜਦੋਂਕਿ ਗੋਲਡਨ ਹਾਰਟ ਸਕੀਮ ਤਹਿਤ ਪਲੱਸ ਵਨ ਦੀਆਂ 180 ’ਚੋਂ 45 ਸੀਟਾਂ ਭਰੀਆਂ ਹਨ। ਇਹ ਯੂਨੀਵਰਸਿਟੀ ਦੀ ਅਜਿਹੀ ਸਕੀਮ ਹੈ, ਜਿਸ ਤੋਂ ’ਵਰਸਿਟੀ ਨੂੰ ਕੋਈ ਆਮਦਨ ਨਹੀਂ ਹੁੰਦੀ। ਉਹ ਵੇਲਾ ਵੀ ਚਲਾ ਗਿਆ ਜਦੋਂ ਗੋਲਡਨ ਹਾਰਟ ਸਕੀਮ ਤਹਿਤ ਦਾਖ਼ਲੇ ਲੈਣ ਲਈ ਪੂਰੇ ਪੰਜਾਬ ਵਿਚੋਂ ਵਿਦਿਆਰਥੀ ਆਉਂਦੇ ਹੁੰਦੇ ਸਨ। ਦੂਜੇ ਪਾਸੇ ਫੈਕਲਟੀ ’ਤੇ ਨਜ਼ਰ ਮਾਰੀਏ ਤਾਂ ਟੀਚਿੰਗ ਦੀਆਂ ਕੁੱਲ 73 ਅਸਾਮੀਆਂ ਭਰੀਆਂ ਹੋਈਆਂ ਹਨ, ਜਿਨ੍ਹਾਂ ਦੀ ਤਨਖਾਹ ’ਤੇ ’ਵਰਸਿਟੀ ਵੱਲੋਂ ਸਾਲਾਨਾ ਕਰੀਬ 4.54 ਕਰੋੜ ਰੁਪਏ ਖਰਚੇ ਜਾ ਰਹੇ ਹਨ। ਯਾਦਵਿੰਦਰਾ ਕਾਲਜ ਵਿਚ ਤਿੰਨ ਪ੍ਰੋਫ਼ੈਸਰ ਅਤੇ 4 ਐਸੋਸੀਏਟ ਪ੍ਰੋਫ਼ੈਸਰ ਹਨ। ਥੋੜ੍ਹਾ ਅਰਸਾ ਪਹਿਲਾਂ ਇਹ ਮੁੱਦਾ ਉੱਠਿਆ ਸੀ ਕਿ ਯੂਨੀਵਰਸਿਟੀ ਦੇ ’ਵਰਸਿਟੀ ਕੈਂਪਸਾਂ ਵਿਚ ਫੈਕਲਟੀ ਦਾ ਅਸਾਵਾਂਪਨ ਹੈ। ਹੁਣ ਜਦੋਂ ਨਵੇਂ ਦਾਖ਼ਲੇ ਰੁਕ ਗਏ ਹਨ ਤਾਂ ਫੈਕਲਟੀ ਦਾ ਵਰਕ ਲੋਡ ਵੀ ਘਟ ਗਿਆ ਹੈ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਨੇਮਾਂ ਅਨੁਸਾਰ ਵਰਕ ਲੋਡ ਲਈ ਨਵੇਂ ਰਾਹ ਕੱਢੇ ਜਾ ਰਹੇ ਹਨ।
ਉਂਜ ਤਾਂ ਯੂਨੀਵਰਸਿਟੀ ਦੇ ਮੰਦੇ ਹਾਲ ਕਿਸੇ ਤੋਂ ਲੁਕੇ ਨਹੀਂ ਹਨ ਪਰ ਗੁਰੂ ਕਾਸ਼ੀ ਕੈਂਪਸ ਵਿਦਿਆਰਥੀਆਂ ਨੂੰ ਤਰਸਣ ਲੱਗਾ ਹੈ। ਫੈਕਲਟੀ ਦੀ ਵੀ ਕੋਈ ਕਮੀ ਨਹੀਂ ਹੈ। ਹਾਕਮ ਤੇ ਵਿਰੋਧੀ ਧਿਰ ਦੇ ਕਿਸੇ ਨੇਤਾ ਨੇ ਵੀ ਗੁਰੂ ਕਾਸ਼ੀ ਕੈਂਪਸ ਦੀ ਕਦੇ ਸਾਰ ਨਹੀਂ ਲਈ ਹੈ ਜਦੋਂਕਿ ਇਸ ਕੈਂਪਸ ਤੋਂ ਥੋੜ੍ਹੀ ਦੂਰ ’ਤੇ ਪੈਂਦੀ ਪ੍ਰਾਈਵੇਟ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਕੋਈ ਕਮੀ ਨਹੀਂ ਹੈ। ਗੁਰੂ ਕਾਸ਼ੀ ਕੈਂਪਸ ਵੱਲ ’ਵਰਸਿਟੀ ਪ੍ਰਬੰਧਕਾਂ ਨੇ ਕੋਈ ਧਿਆਨ ਨਾ ਦਿੱਤਾ ਤਾਂ ਇਹ ਕੈਂਪਸ ਬਚ ਨਹੀਂ ਸਕੇਗਾ।

Real Estate