ਸਿਰ ਤੇ ਦਸਤਾਰ ਸਜਾਈ ਬੰਦਾ ਜਦੋਂ ਆਪਣੇ ਬੱਚੇ ਨਾਲ ਹਿੰਦੀ ਚ ਗੱਲ ਕਰ ਰਿਹਾ ਹੁੰਦੈ …

1120

ਹਰਮੀਤ ਬਰਾੜ

ਪੰਜਾਬੀ ਦੇ ਮਸਲੇ ਤੇ ਜਿੰਨੇ ਅਸੀਂ ਸੋਸ਼ਲ ਮੀਡੀਆ ਤੇ ਚਿੰਤਤ ਦਿਸਦੇ ਆਂ, ਸੋਚਣ ਦੀ ਲੋੜ ਹੈ ਕਿ ਕੀ ਵਾਕਿਆ ਈ ਅਸੀਂ ਚਿੰਤਨ ਕਰਦੇ ਆਂ ਜਾਂ ਨਹੀਂ ? ਕਈ ਵਾਰ ਸਿਰ ਤੇ ਦਸਤਾਰ ਸਜਾਈ ਬੰਦਾ ਜਦੋਂ ਆਪਣੇ ਬੱਚੇ ਨਾਲ ਹਿੰਦੀ ਚ ਗੱਲ ਕਰ ਰਿਹਾ ਹੁੰਦੈ ਤਾਂ ਮੇਰੇ ਵਰਗਾ ਕੋਲ ਖੜਾ ਕਚੀਚੀਆਂ ਵੱਟ ਕੇ ਰਹਿ ਜਾਂਦੈ। ਦੂਜਾ ਕਸੂਰ ਅਸੀਂ ਸਕੂਲਾਂ ਦਾ ਕੱਢਦੇ ਆਂ। ਮੇਰੇ ਦੋਵੇਂ ਬੱਚੇ ICSE ਬੋਰਡ ਚ ਪੜੇ ਨੇ ਜਿਸਨੂੰ ਕਿ ਭਾਰਤ ਦਾ ਸਭ ਤੋਂ ਵਧੀਆ ਬੋਰਡ ਹੋਣ ਦਾ ਦਰਜਾ ਹਾਸਲ ਹੈ, ਪਰ ਮੈਂ ਦਾਅਵਾ ਕਰਦੀ ਆਂ ਕਿ ਮੇਰੇ ਦੋਵੇਂ ਬੱਚੇ ਬਾਕਮਾਲ ਪੰਜਾਬੀ ਲਿਖ ਤੇ ਪੜ ਸਕਦੇ ਨੇ। ਮੇਰੇ ਘਰ ਵਿਚ ਵੀ ਪਹਿਲਾ ਦਰਜਾ ਪੰਜਾਬੀ ਦਾ ਹੀ ਹੈ। ਅੰਗਰੇਜ਼ੀ ਨੂੰ ਤਾਂ ਚਾਹੇ ਕਦੇ ਮੂੰਹ ਮਾਰ ਲਈਏ ਪਰ ਭੁੱਲ ਕੇ ਵੀ ਹਿੰਦੀ ਕਦੇ ਨੀ ਬੋਲੀਦੀ। ਇਹ ਸਭ ਵਡਿਆਈ ਲਈ ਨਹੀਂ ਬਲਕਿ ਇਸ ਲਈ ਲਿਖਿਆ ਹੈ ਕਿ ਤੁਸੀਂ ਆਪਣੇ ਬੱਚੇ ਲਈ ਕਿਹੋ ਜਿਹੀ ਉਦਾਹਰਣ ਬਣਦੇ ਓਂ, ਉਹ ਓਹੀ ਸਿਖਣਗੇ ਤੇ ਅਪਨਾਉਣਗੇ।ਬਾਕੀ ਸਭ ਕੁਝ ਪਰਿਵਾਰ ਤੋਂ ਮਗਰੋਂ ਈ ਆਉਂਦਾ ਹੈ।ਸਕੂਲਾਂ ਵਿਚ ਜੇ ਕਿਤੇ ਜਬਰਦਸਤੀ ਹੁੰਦੀ ਵੀ ਹੈ ਤਾਂ ਅੜਿਆ ਕਰੋ, ਅਸੀਂ ਓਥੇ ਬੱਚਿਆਂ ਨੂੰ ਸਿੱਖਣ ਲਈ ਭੇਜਦੇ ਆਂ ਨਾ ਕਿ ਆਪਣੇ ਵਜੂਦ ਤੋਂ ਦੂਰ ਕਰਨ ਲਈ। ਭਾਸ਼ਾ ਕਦੇ ਵੀ ਬੁੱਧੀਮਾਨ ਹੋਣ ਦਾ ਸਬੂਤ ਨਹੀਂ ਹੁੰਦੀ ਜਦਕਿ ਅਸੀਂ ਇੱਕ ਗੰਭੀਰ ਮਾਨਸਿਕ ਬਿਮਾਰੀ ਦੇ ਸ਼ਿਕਾਰ ਹੁੰਦੇ ਹੋਏ ਹਿੰਦੀ ਜਾਂ ਅੰਗਰੇਜ਼ੀ ਬੋਲਣ ਵਾਲੇ ਨੂੰ ਬੁਧੀਮਾਨ ਹੋਣ ਦਾ ਖਿਤਾਬ ਵੀ ਮੁਫਤ ਵਿਚ ਈ ਬਖਸ਼ ਦਿੰਨੇ ਆਂ।ਪੰਜਾਬੀ ਬੋਲਣ ਵਾਲੇ ਨੂੰ ਦੇਸੀ ਦੱਸ ਕੇ ਦੂਰੀ ਬਣਾਈ ਰੱਖਦੇ ਆਂ ਪਰ ਜੋ ਪੰਜਾਬੀ ਨੂੰ ਪਿਆਰ ਨਹੀਂ ਕਰਦਾ ਉਹ ਕਦੇ ਵੀ ਮੇਰਾ ਦੋਸਤ ਨਹੀਂ ਹੋ ਸਕਦਾ। ਇਹ ਗੱਲ ਸਿਰਫ ਫੇਸਬੁੱਕ ਤੇ ਨਹੀਂ, ਅਮਲੀ ਰੂਪ ਵਿਚ ਵੀ ਅਪਨਾਉਣੀ ਪਵੇਗੀ। ਮੈਨੂੰ ਮਾਣ ਹੈ ਕਿ ਮੇਰੀ ਮਾਂ ਬੋਲੀ ਦੁਨੀਆ ਦੀਆਂ ਭਾਸ਼ਾਵਾਂ ਵਿਚ 10ਵੇੰ ਥਾਂ ਤੇ ਹੈ।ਸਰਕਾਰਾਂ ਨਾਲ ਵੀ ਆਢਾ ਓਦੋਂ ਈ ਲਿਆ ਜਾਣੈ ਜਦੋਂ ਆਤਮ ਚਿੰਤਨ ਕਰ ਲਿਆ। ਕਸਰ ਤਾਂ ਅਸੀਂ ਵੀ ਕੋਈ ਨਹੀਂ ਛੱਡੀ ਹੋਈ, ਸਰਕਾਰਾਂ ਨੇ ਤਾਂ ਸਿਰਫ ਲਾਗੂ ਈ ਕਰਨੈ ਆਤਮ ਸਮਰਪਣ ਤਾਂ ਅਸੀਂ ਪਹਿਲਾਂ ਈ ਕਰੀ ਬੈਠੇ ਆਂ।ਆਓ ਫੇਰ ਗੂੰਝੀਏ ਤੇ ਆਪਣੀ ਗੁਰਮੁਖੀ ਸਾਂਭੀਏ!!

Real Estate