ਰੁੱਖ ਲਾਉਣ ਤੇ ਉਹਨਾਂ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਬਾਬਾ ਨਾਨਕ ਦੇ ਗੁਰਪੁਰਬ ਸਬੰਧੀ ਹਰ ਵਿਅਕਤੀ ਇੱਕ ਰੁੱਖ ਜਰੂਰ ਲਗਾਵੇ

2250

ਬਲਵਿੰਦਰ ਸਿੰਘ ਭੁੱਲਰ

ਤਕਰੀਬਨ ਸਾਢੇ ਚਾਰ ਅਰਬ ਸਾਲ ਪਹਿਲਾਂ ਜਦ ਕੁਦਰਤ ਵੱਲੋਂ ਧਰਤੀ ਹੋਂਦ ’ਚ ਲਿਆਂਦੀ ਗਈ ਤਾਂ ਕੁਦਰਤ ਨੇ ਹੀ ਇਸਤੇ ਇਨਸਾਨੀ ਜਿੰਦਗੀ ਪੈਦਾ ਕਰਨ ਦੇ ਯਤਨ ਸੁਰੂ ਕਰ ਦਿੱਤੇ। ਜਦ ਇਨਸਾਨ ਪੈਦਾ ਕੀਤੇ ਗਏ ਤਾਂ ਉਸਦੇ ਜਿਉਂਦੇ ਰਹਿਣ ਲਈ ਦੋ ਵਸਤਾਂ ਜਰੂਰੀ ਸਨ ਆਕਸੀਜਨ ਤੇ ਪਾਣੀ। ਆਕਸੀਜਨ ਪੈਦਾ ਕਰਨ ਲਈ ਕੁਦਰਤ ਨੇ ਰੁੱਖਾਂ ਨੂੰ ਹੋਂਦ ਵਿੱਚ ਲਿਆਂਦਾ, ਇਸ ਲਈ ਕਹਿ ਸਕਦੇ ਹਾਂ ਕਿ ਰੁੱਖ ਇਨਸਾਨ ਨੂੰ ਜਿੰਦਾ ਰੱਖਣ ਲਈ ਕੁਦਰਤ ਵੱਲੋਂ ਦਿੱਤੀ ਬਹੁਤ ਮਹੱਤਵਪੂਰਨ ਦੇਣ ਹੈ। ਇਸ ਲਈ ਇਸਦੀ ਰਾਖੀ ਕਰਨੀ ਹਰ ਇਨਸਾਨ ਦਾ ਫ਼ਰਜ ਬਣਦਾ ਹੈ। ਸਦੀਆਂ ਤੋਂ ਮਨੁੱਖੀ ਸੱਭਿਅਤਾ ਵਿਕਾਸ ਵੱਲ ਵਧਦੀ ਰਹੀ ਹੈ, ਪਰ ਵਧਦੇ ਵਿਕਾਸ ਨੇ ਇਸ ਕੁਦਰਤੀ ਤੋਹਫ਼ੇ ਦਾ ਬਹੁਤ ਨੁਕਸਾਨ ਕੀਤਾ ਹੈ। ਇਨਸਾਨ ਨੇ ਪਹਿਲੇ ਪਹਿਲ ਆਪਣੇ ਮਕਾਨ ਬਣਾਉਣ ਜਾਂ ਬਾਲਣ ਲਈ ਰੁੱਖਾਂ ਨੂੰ ਵੱਢਣ ਦਾ ਕੰਮ ਸੁਰੂ ਕੀਤਾ ਸੀ, ਪਰ ਵਿਕਾਸ ਸਦਕਾ ਹੁਣ ਹੋ ਰਹੇ ਸ਼ਹਿਰੀਕਰਨ, ਉਦਯੋਗੀਕਰਨ, ਉਸਰਦੀਆਂ ਕਲੌਨੀਆਂ, ਸੜਕਾਂ ਅਤੇ ਬਹੁਤਾ ਅਨਾਜ ਪੈਦਾ ਕਰਨ ਦੀ ਹੋੜ੍ਹ ਨੇ ਦਰਖਤਾਂ ਵੀ ਵੱਡੀ ਪੱਧਰ ਤੇ ਕਟਾਈ ਕੀਤੀ ਅਤੇ ਹੋ ਰਹੀ ਹੈ। ਪੰਜਾਬ ਵਿੱਚ ਵੀ ਭਾਵੇਂ ਅਜਿਹੀ ਕਟਾਈ ਤਾਂ ਸਦੀਆਂ ਤੋਂ ਹੀ ਹੋ ਰਹੀ ਸੀ, ਪਰ ਰੁੱਖਾਂ ਦਾ ਸਭ ਤੋਂ ਵੱਧ ਨੁਕਸਾਨ ਪਿਛਲੇ ਕੁਝ ਦਹਾਕਿਆਂ ਵਿੱਚ ਹੀ ਕੀਤਾ ਗਿਆ ਹੈ। ਕੁੱਝ ਦਹਾਕੇ ਪਹਿਲਾਂ ਖੇਤਾਂ, ਬਾਗਾਂ, ਝਿੜੀਆਂ, ਬੀੜਾਂ, ਨਹਿਰ ਕਿਨਾਰਿਆਂ ਆਦਿ ਦੇ ਦਰਖਤਾਂ ’ਚ ਕੋਇਲਾਂ ਦੀਆਂ ਮਿੱਠੀਆਂ ਕੂਕਾਂ, ਪਿਆਰ ਕਰਦੇ ਤੋਤਿਆਂ ਘੁੱਗੀਆਂ ਦੇ ਜੋੜੇ, ਠੱਕ ਠੱਕ ਕਰਦੇ ਕਠਫੋੜੇ, ਹਰੀਹਰਾਂ ਦੀਆਂ ਸੀਟੀਆਂ ਆਮ ਦੇਖਣ ਸੁਣਨ ਨੂੰ ਮਿਲਦੀਆਂ ਸਨ, ਪਰ ਅੱਜ ਇਹ ਕਦੇ ਕਦਾਈਂ ਹੀ ਮਿਲਦੀਆਂ ਹਨ। ਜੇਕਰ ਦਰਖਤਾਂ ਦੀ ਕਟਾਈ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਲੀਆਂ ਪੀੜ੍ਹੀਆਂ ਇਹਨਾਂ ਤੋਂ ਬੇਖ਼ਬਰ ਹੋ ਜਾਣਗੀਆਂ। ਇੱਥੇ ਹੀ ਬੱਸ ਨਹੀਂ ਪੌਦਿਆਂ ਰੁੱਖਾਂ ਦੀ ਕਟਾਈ ਨਾਲ ਦੇਸੀ ਦਵਾਈਆਂ ’ਚ ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਘਾਟ ਹੋ ਗਈ ਹੈ, ਸਾਹ ਲੈਣ ਲਈ ਆਕਸੀਜਨ ਦੀ ਕਮੀ ਹੋ ਰਹੀ ਹੈ, ਹਵਾ ’ਚ ਰੋਗ ਵਰਧਕ ਸੁਗੰਧੀਆਂ ਨਹੀਂ ਮਿਲਦੀਆਂ, ਇਹੋ ਕਾਰਨ ਹੈ ਕਿ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਵਧ ਫੁੱਲ ਰਹੀਆਂ ਹਨ, ਹਰ ਵਿਅਕਤੀ ਕੋਈ ਨਾ ਕੋਈ ਦਵਾਈ ਵਰਤ ਰਿਹਾ ਹੈ। ਇਸਤੋਂ ਇਲਾਵਾ ਰੁੱਖ ਮੀਂਹ ਪਾਉਣ ਵਿੱਚ ਵੀ ਸਹਾਈ ਹੁੰਦੇ ਸਨ ਅਤੇ ਹੜ੍ਹਾਂ ਦੀ ਰੋਕਥਾਮ ਲਈ ਵੀ ਇਹਨਾਂ ਦਾ ਵੱਡਾ ਰੋਲ ਸੀ, ਹੁਣ ਦੋਵਾਂ ਪੱਖਾਂ ਤੋਂ ਮਾਰ ਪੈ ਰਹੀ ਹੈ। ਇਸ ਗੁਰੂਆਂ ਪੀਰਾਂ ਫ਼ਕੀਰਾਂ ਸਾਧਾਂ ਭਗਤਾ ਦੀ ਧਰਤੀ ਤੇ ਬਣੇ ਪੁਰਾਣੇ ਡੇਰਿਆਂ ਵਿੱਚ ਦਰਖਤਾਂ ਦੀ ਤ੍ਰਿਵੈਣੀ ਜਰੂਰ ਹੋਇਆ ਕਰਦੀ ਸੀ, ਪੈਦਲ ਚੱਲਣ ਵਾਲੇ ਰਸਤਿਆਂ ਤੇ ਵੀ ਲੋਕਾਂ ਦੇ ਆਰਾਮ ਲਈ ਤ੍ਰਿਵੈਣੀ ਲਗਾਉਣ ਦਾ ਰਿਵਾਜ ਸੀ, ਜਿੱਥੇ ਕੁਝ ਦੇਰ ਅਰਾਮ ਕਰਨ ਨਾਲ ਜੋ ਆਕਸੀਜਨ ਤੇ ਠੰਡਕ ਮਿਲਦੀ ਸੀ, ਉਸ ਨਾਲ ਯਾਤਰੀ ਦਾ ਸਾਰਾ ਥਕੇਵਾਂ ਦੂਰ ਹੋ ਜਾਂਦਾ ਸੀ। ਇਹ ਤ੍ਰਿਵੈਣੀਆਂ ਡੇਰਿਆਂ ਤੇ ਧਾਰਮਿਕ ਸਖ਼ਸੀਅਤਾਂ ਵੱਲੋਂ ਆਮ ਲੋਕਾਂ ਨੂੰ ਦਰਖ਼ਤ ਲਾਉਣ ਅਤੇ ਉਹਨਾਂ ਦੇ ਚੰਗੇ ਗੁਣਾਂ ਦਾ ਇੱਕ ਸੁਨੇਹਾ ਹੀ ਦਿੰਦੀਆਂ ਸਨ। ਹੁਣ ਅਜਿਹੀਆਂ ਤ੍ਰਿਵੈਣੀਆਂ ਖਤਮ ਹੋ ਚੁੱਕੀਆਂ ਹਨ ਅਤੇ ਅੱਜ ਕੱਲ੍ਹ ਦੇ ਬਾਬਿਆਂ ਚੋਂ ਵੀ ਗਿਣਤੀ ਦੇ ਹੀ ਅਜਿਹੇ ਹਨ ਜੋ ਦਰਖਤਾਂ ਦੇ ਅਨਮੋਲ ਖਜ਼ਾਨੇ ਨੂੰ ਬਚਾਉਣ ਜਾਂ ਵਧਾਉਣ ਲਈ ਯਤਨ ਕਰ ਰਹੇ ਹਨ। ਅੱਜ ਦੇ ਸਮੇਂ ’ਚ ਮਨੁੱਖਤਾ ਦੇ ਭਲੇ ਲਈ ਦਰਖਤਾਂ ਦੀ ਸੰਭਾਲ ਕਰਨ ਅਤੇ ਨਵੇਂ ਦਰਖ਼ਤ ਬੂਟੇ ਲਾਉਣ ਦੀ ਭਾਰੀ ਲੋੜ ਹੈ, ਇਸ ਅਹਿਮ ਕਾਜ਼ ਲਈ ਹਰ ਮਨੁੱਖ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਰਖਤਾਂ ਪ੍ਰਤੀ ਹੁਣ ਲੋਕ ਜਾਗਰਿਤ ਹੋ ਰਹੇ ਹਨ। ਕੁੱਝ ਸੰਸਥਾਵਾਂ ਨੇ ਦਰਖਤਾਂ ਦੀ ਪਨੀਰੀ ਮੁਫ਼ਤ ਵੰਡਣ ਜਾਂ ਸਾਝੀਆਂ ਥਾਵਾਂ ਤੇ ਦਰਖ਼ਤ ਲਾਉਣ ਦਾ ਕੰਮ ਸੁਰੂ ਕੀਤਾ ਹੋਇਆ ਹੈ ਅਤੇ ਕੁੱਝ ਪੰਚਾਇਤਾਂ ਵੀ ਆਪਣੇ ਤੌਰ ਤੇ ਅਜਿਹਾ ਕਰ ਰਹੀਆਂ ਹਨ। ਵਿਦੇਸ਼ਾਂ ਵਿੱਚ ਬੈਠੇ ਭਾਰਤੀ ਵੀ ਆਪਣੇ ਦੇਸ਼ ਦੇ ਵਾਤਾਵਰਣ ਨੂੰ ਬਚਾਉਣ ਲਈ ਚਿੰਤਤ ਹਨ ਅਤੇ ਵੱਖ ਵੱਖ ਸੰਸਥਾਵਾਂ ਨੂੰ ਸਹਾਇਤਾ ਭੇਜ ਕੇ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ’ਚ ਹੁਣ ਹਰ ਸਾਲ ਲੱਖਾਂ ਰੁੱਖ ਲਗਾਏ ਵੀ ਜਾ ਰਹੇ ਹਨ, ਪਰ ਉਹਨਾਂ ਦੀ ਸਹੀ ਸਾਂਭ ਸੰਭਾਲ ਨਾ ਹੋਣ ਕਾਰਨ ਉਹ ਸਿਰੇ ਨਹੀਂ ਲਗਦੇ, ਇਸ ਲਈ ਦਰਖਤ ਲਾਉਣ ਦੇ ਨਾਲ ਨਾਲ ਉਹਨਾਂ ਦੀ ਸੰਭਾਲ ਦਾ ਯੋਗ ਪ੍ਰਬੰਧ ਕਰਨਾ ਵੀ ਅਤੀ ਜਰੂਰੀ ਹੈ। ਸਭ ਤੋਂ ਵੱਡੀ ਜੁਮੇਵਾਰੀ ਬਣਦੀ ਹੈ ਸਰਕਾਰਾਂ, ਪੰਚਾਇਤਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ, ਕਿ ਉਹ ਇਸ ਮਹਾਨ ਕੰਮ ਪ੍ਰਤੀ ਲੋਕਾਂ ਨ੍ਰੂੰ ਜਾਗਰੂਕ ਕਰਨ ਅਤੇ ਖ਼ੁਦ ਅਗਵਾਈ ਕਰਕੇ ਰੁੱਖ ਲਾਉਣ ਤੇ ਉਹਨਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਆਹਾਂ ਸਾਦੀਆਂ, ਸਗਨਾਂ, ਜਨਮ ਦਿਵਸਾਂ, ਬਰਸੀਆਂ, ਤਿਉਹਾਰਾਂ ਨੂੰ ਮਨਾਉਣ ਤੇ ਜਦ ਲੱਖਾਂ ਹਜਾਰਾਂ ਰੁਪਏ ਖਰਚ ਕਰਦੇ ਹਨ ਤਾਂ ਅਜਿਹੇ ਦਿਨਾਂ ਨੂੰ ਮਨਾਉਣ ਲਈ ਦਰਖਤ ਲਾ ਕੇ ਵਾਤਾਵਰਣ ਦੀ ਸੁੱਧਤਾ ਵਿੱਚ ਵੀ ਹਿੱਸੇਦਾਰ ਬਣਨ। ਹੁਣ ਦੁਨੀਆਂ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾ ਜਨਮ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇਸ ਦਿਵਸ ਤੇ ਹਰ ਵਿਅਕਤੀ ਘੱਟੋ ਘੱਟ ਇੱਕ ਦਰਖਤ ਲਾ ਕੇ ਉਸ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਜਰੂਰ ਲਵੇ। ਇਸ ਵਾਰ ਪੰਜਾਬ ਸਰਕਾਰ ਨੇ ਵੀ ਇਸ ਦਿਵਸ ਸਬੰਧੀ ਵਾਤਾਵਰਣ ਪੱਖੀ ਤੇ ਸੁਲਾਹੁਣਯੋਗ ਫੈਸਲਾ ਲਿਆ ਹੈ, ਕਿ ਹਰ ਪਿੰਡ ਵਿੱਚ 550 ਰੁੱਖ ਲਗਾਏ ਜਾਣਗੇ। ਇਸ ਕੰਮ ਲਈ ਰਾਜ ਦਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਚੰਗਾ ਰੋਲ ਅਦਾ ਕਰ ਰਿਹਾ ਹੈ ਅਤੇ ਨਰੇਗਾ ਮਜਦੂਰਾਂ ਰਾਹੀਂ ਪੰਚਾਇਤਾਂ ਦਰਖਤ ਲਾਉਣ ਦਾ ਕੰਮ ਕਰਵਾ ਰਹੀਆਂ ਹਨ। ਪੰਜਾਬ ਦੇ 12858 ਪਿੰਡਾਂ ਵਿੱਚ ਜੇਕਰ ਇਹ ਸਕੀਮ ਪੂਰੀ ਤਨਦੇਹੀ ਨਾਲ ਲਾਗੂ ਹੋ ਗਈ ਤਾਂ 70 ਲੱਖ 71 ਹਜਾਰ ਦਰਖਤਾਂ ਲਵੇਂ ਲਗਾਏ ਜਾ ਸਕਣਗੇ। ਜਿੱਥੋਂ ਤੱਕ ਉਹਨਾਂ ਦੇ ਸਾਂਭ ਸੰਭਾਲ ਦਾ ਸੁਆਲ ਹੈ, ਹਰ ਸੌ ਦਰਖਤਾਂ ਲਈ ਇੱਕ ਘਰ ਨੂੰ ‘ਵਣ ਮਿੱਤਰ’ ਬਣਾ ਕੇ ਉਸਨੂੰ 1941 ਰੁਪਏ ਪ੍ਰਤੀ ਮਹੀਨਾ ਖਰਚਾ ਦਿੱਤਾ ਜਾਵੇਗਾ, ਜੋ ਸਾਲ ਭਰ ਦਾ 23 ਹਜ਼ਾਰ 292 ਰੁਪਏ ਬਣਦਾ ਹੈ। ਇਸ ਤਰ੍ਹਾਂ 550 ਦਰਖਤਾਂ ਦੀ ਸੰਭਾਈ ਤੇ ਕਰੀਬ 1 ਲੱਖ 28 ਹਜਾਰ ਰੁਪਏ ਪ੍ਰਤੀ ਸਾਲ ਪ੍ਰਤੀ ਪਿੰਡ ਖ਼ਰਚ ਆਵੇਗਾ। ਸਰਕਾਰ ਵੱਲੋਂ ਇਹ ਟੀਚਾ 30 ਸਤੰਬਰ 2019 ਤੱਕ ਪੂਰਾ ਕਰਨ ਦਾ ਸਮਾਂ ਮਿਥਿਆ ਗਿਆ ਹੈ, ਜੋ ਵਾਤਾਵਰਣ ਦੀ ਸੁੱਧਤਾ ਲਈ ਸਰਕਾਰ ਦਾ ਇਹ ਚੰਗਾ ਫੈਸਲਾ ਹੈ। ਰੁੱਖ ਲਾਉਣ ਤੇ ਉਹਨਾਂ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜਹੈ, ਸੋ ਹਰ ਵਿਅਕਤੀ ਨੂੰ ਹੀ ਬਾਬਾ ਨਾਨਕ ਦੀ ਯਾਦ ਵਿੱਚ ਇੱਕ ਇੱਕ ਦਰਖ਼ਤ ਜਰੂਰ ਲਗਾਉਣਾ ਚਾਹੀਦਾ ਹੈ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-5913

Real Estate