ਨਸ਼ਾ ਵਪਾਰੀਆਂ, ਪੁਲਿਸ ਅਫ਼ਸਰਾਂ ਤੇ ਰਾਜਸੀ ਨੇਤਾਵਾਂ ਦਾ ਗਰੋਹ ਤਾਕਤਵਰ ਹੋ ਚੁੱਕੈ- ਬੀਰਦਵਿੰਦਰ

818

ਬਠਿੰਡਾ/ 10 ਸਤੰਬਰ/ ਬਲਵਿੰਦਰ ਸਿੰਘ ਭੁੱਲਰ
ਨਸ਼ੇ ਦੇ ਵਪਾਰੀਆਂ, ਕੁਰਪਟ ਪੁਲਿਸ ਅਧਿਕਾਰੀਆਂ ਅਤੇ ਹਾਬੜੇ ਹੋਏ ਰਾਜਸੀ ਆਗੂਆਂ ਤੇ ਆਧਾਰਤ ਪੰਜਾਬ ਵਿੱਚ ਇੱਕ ਅਜਿਹਾ ਸ਼ਕਤੀਸ਼ਾਲੀ ਗਰੋਹ ਇਸ ਕਦਰ ਤਾਕਤਵਰ ਹੋ ਚੁੱਕਾ ਹੈ, ਕਿ ਜਿਹੜਾ ਵੀ ਪੁਲਿਸ ਅਧਿਕਾਰੀ ਕੈਂਸਰ ਤੋਂ ਵੀ ਭਿਆਨਕ ਨਸ਼ਿਆਂ ਦੀ ਮਰਜ਼ ਨੂੰ ਠੱਲ੍ਹਣ ਦਾ ਯਤਨ ਕਰਦਾ ਹੈ, ਉਸਨੂੰ ਰਾਤੋ ਰਾਤ ਤਬਦੀਲ ਕਰ ਦਿੱਤਾ ਜਾਂਦਾ ਹੈ। ਇਹ ਦੋਸ਼ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ: ਬੀਰਦਵਿੰਦਰ ਸਿੰਘ ਨੇ ਲਾਇਆ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਆਪਣਾ ਪ੍ਰਧਾਨਗੀ ਅਹੁਦਾ ਸੰਭਾਲਣ ਵੇਲੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥ ’ਚ ਗੁਟਕਾ ਫੜ ਕੇ ਬਠਿੰਡਾ ਵਿਖੇ ਹੀ ਇਹ ਅਹਿਦ ਕੀਤਾ ਸੀ ਕਿ ਕਾਂਗਰਸ ਦੀ ਹਕੂਮਤ ਬਣਨ ਤੇ ਨਾ ਸਿਰਫ ਨਸ਼ੇ ਦਾ ਖਾਤਮਾ ਕਰ ਦਿੱਤਾ ਜਾਵੇਗਾ, ਬਲਕਿ ਅਜਿਹਾ ਕਾਰੋਬਾਰ ਕਰਨ ਵਾਲਿਆਂ ਦਾ ਲੱਕ ਤੋੜ ਦਿੱਤਾ ਜਾਵੇਗਾ। ਸਾਬਕਾ ਡਿਪਟੀ ਸਪੀਕਰ ਦੇ ਦੋਸ਼ ਅਨੁਸਾਰ ਕਪਤਾਨ ਸਾਹਿਬ ਦੀ ਹਕੂਮਤ ਬਣੀ ਨੂੰ ਢਾਈ ਸਾਲਾਂ ਦੇ ਕਰੀਬ ਸਮਾਂ ਹੋ ਚੁੱਕਾ ਹੈ, ਜਿੱਥੋਂ ਤੱਕ ਨਸ਼ੀਲੇ ਪਦਾਰਥਾਂ ਦੇ ਧੰਦੇ ਦਾ ਸਬੰਧ ਹੈ, ਅਕਾਲੀ ਹਕੂਮਤ ਸਮੇਂ ਚਿੱਟੇ ਵਰਗਾ ਜਿਹੜਾ ਪਦਾਰਥ ਪੁੜੀਆਂ ਵਿੱਚ ਵਿਕਿਆ ਕਰਦਾ ਸੀ, ਮੌਜੂਦਾ ਕਾਂਗਰਸ ਸਰਕਾਰ ਦੇ ਦੌਰ ਵਿੱਚ ਉਹ ਥੋਕ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਹ ਸਭ ਕੁੱਝ ਸੁਤੇ ਸਿੱਧ ਨਹੀਂ ਹੋ ਰਿਹਾ, ਸਗੋਂ ਸਮਗਲਰਾਂ, ਕੁਰਪਟ ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਤੇ ਆਧਾਰਤ ਗੱਠਜੋੜ ਵੱਲੋਂ ਇਸਨੂੰ ਪੂਰੀ ਜਥੇਬੰਦਕ ਯੋਜਨਾ ਨਾਲ ਚਲਾਇਆ ਜਾ ਰਿਹਾ ਹੈ।
ਇਸ ਜਥੇਬੰਦਕ ਮਨੁੱਖਤਾ ਵਿਰੋਧੀ ਅਪਰਾਧਿਕ ਤਿੱਕੜੀ ਦੀ ਤਾਕਤ ਇਸ ਕਦਰ ਮਜਬੂਤ ਹੈ ਕਿ ਅਗਰ ਕੋਈ ਪ੍ਰਤੀਬੱਧ ਸੀਨੀਅਰ ਅਫ਼ਸਰ ਇਸ ਬੀਮਾਰੀ ਨੂੰ ਠੱਲ੍ਹ ਪਾਉਣ ਦਾ ਯਤਨ ਕਰਦਾ ਹੈ ਤਾਂ ਰਾਤੋ ਰਾਤ ਉਸਨੂੰ ਕਿਸੇ ਅਜਿਹੀ ਥਾਂ ਤੇ ਬਦਲ ਦਿੱਤਾ ਜਾਂਦਾ ਹੈ, ਜਿੱਥੋਂ ਉਹ ਨਸ਼ਿਆਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਨਾ ਕਰ ਸਕੇ। ਬੀਤੇ ਕੱਲ੍ਹ ਪੰਜਾਬ ਪੁਲਿਸ ਵਿੱਚ ਹੋਏ ਵਿਆਪਕ ਫੇਰ ਬਦਲ ਦਾ ਜ਼ਿਕਰ ਕਰਦਿਆਂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਪੁਲਿਸ ਰੇਂਜ ਦੇ ਜਿਸ ਆਈ ਜੀ ਸ੍ਰੀ ਐ¤ਮ ਫਾਰੂਕੀ ਨੂੰ ਵੀ ਪੀ ਏ ਪੀ ਜਲੰਧਰ ਵਿੱਚ ਬਦਲਿਆ ਗਿਆ ਹੈ। ਉਸਦਾ ਕਸੂਰ ਸਿਰਫ਼ ਇਹ ਸੀ, ਕਿ ਪਿਛਲੇ ਕੁੱਝ ਦਿਨਾਂ ਤੋਂ ਉਸ ਨੇ ਆਪਣੇ ਵਿਭਾਗ ਦੀਆਂ ਉਹਨਾਂ ਕਾਲੀਆਂ ਭੇਡਾਂ ਨੂੰ ਨੱਥ ਪਾਉਣ ਦੀ ਜੁਅੱਰਤ ਦਿਖਾਈ ਜੋ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਕਰਨ ਦੀ ਵਜਾਹ ਕਾਰਨ ਆਮ ਲੋਕਾਂ ਦੀ ਚੁੰਝ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਜਿਕਰਯੋਗ ਹੈ ਕਿ ਨਾਮੀ ਤੇ ਬੇਨਾਮੀ ਸਿਕਾਇਤਾਂ ਮਿਲਣ ਤੇ ਦੋ ਕੁ ਹਫ਼ਤੇ ਪਹਿਲਾਂ ਆਈ ਜੀ ਦੀ ਹਦਾਇਤ ਤੇ ਬਠਿੰਡਾ ਦੇ ਐੱਸ ਐੱਸ ਪੀ ਨੇ ਸੀ ਆਈ ਏ ਸਟਾਫ-1 ਦੇ ਇੰਚਾਰਜ ਇੰਸਪੈਕਟਰ ਅਮ੍ਰਿਤਪਾਲ ਸਿੰਘ ਭਾਟੀ ਨੂੰ ਮੁਅੱਤਲ ਕਰ ਦਿੱਤਾ ਸੀ, ਜਦੋਂ ਕਿ ਕੁੱਝ ਕੁ ਦੇ ਖਿਲਾਫ ਨਸ਼ੀਲੇ ਪਦਾਰਥਾਂ ਦੇ ਕੇਸ ਵਿੱਚ ਰਿਸਵਤ ਲੈਣ ਦੇ ਦੋਸ਼ ਸਾਹਮਣੇ ਆਏ ਸਨ। ਦੋ ਦਿਨ ਪਹਿਲਾਂ ਹੀ ਨਸ਼ਾਬੰਦੀ ਮੁਹਿੰਮ ਤਹਿਤ ਜਦ ਸ੍ਰੀ ਫਾਰੂਕੀ ਨੇ ਹਰਿਆਣਾ ਨਾਲ ਲਗਦੀ ਰਾਮਾ ਮੰਡੀ ਵਿਖੇ ਲੋਕਾਂ ਦੀਆਂ ਸਿਕਾਇਤਾਂ ਸੁਣੀਆਂ, ਤਾਂ ਉੱਥੋਂ ਦੇ ਐੱਸ ਐੱਚ ਓ ਮਨੋਜ ਕੁਮਾਰ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਸ੍ਰੀ ਬੀਰਦਵਿੰਦਰ ਅਨੁਸਾਰ ਆਪਣੇ ਜਾਤੀ ਤਜਰਬੇ ਦੇ ਆਧਾਰ ਤੇ ਉਹ ਸ੍ਰੀ ਫਾਰੂਕੀ ਨੂੰ ਇਮਾਨਦਾਰ ਪ੍ਰਤੀਬੱਧ ਤੇ ਇੱਕ ਬੁੱਧੀਜੀਵੀ ਪੁਲਿਸ ਅਧਿਕਾਰੀ ਦੇ ਤੌਰ ਤੇ ਜਾਣਦੇ ਹਨ, ਅਗਰ ਇਹੋ ਜਿਹੇ ਅਫ਼ਸਰਾਂ ਨੂੰ ਵੀ ਨਸ਼ੀਲੇ ਪਦਾਰਥਾਂ ਨੂੰ ਠੱਲ੍ਹ ਪਾਉਬਣ ਦੇ ਇਵਜ਼ਾਨੇ ਵਜੋਂ ਬਦਲ ਦਿੱਤਾ ਜਾਂਦਾ ਹੈ, ਤਾਂ ਇਸ ਖਤਰਨਾਕ ਧੰਦੇ ਤੋਂ ਪੰਜਾਬ ਨੂੰ ਕੋਈ ਇਲਾਹੀ ਤਾਕਤ ਵੀ ਬਚਾਅ ਨਹੀਂ ਸਕਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਤੇ ਤਨਜ ਕਸਦਿਆਂ ਬੀਰ ਦਵਿੰਦਰ ਨੇ ਕਿਹਾ ਕਿ ਫੀਲਡ ਵਿੱਚ ਨਾ ਆਉਣਾ ਤਾਂ ਉਹਨਾਂ ਦੀ ਆਦਤ ਦਾ ਇੱਕ ਹਿੱਸਾ ਹੈ, ਵੈਸੇ ਪੂਰੇ ਮੰਤਰੀ ਮੰਡਲ ਤੋਂ ਇਲਾਵਾ ਡੇਢ ਦਰਜਨ ਦੇ ਕਰੀਬ ਜਿਹੜੀ ਸਲਾਹਕਾਰਾਂ ਦੀ ਫੌਜ ਉਹਨਾਂ ਨੇ ਭਰਤੀ ਕਰ ਛੱਡੀ ਹੈ, ਘੱਟੋ ਘੱਟ ਉਹਨਾਂ ਜ਼ਰੀਏ ਹੀ ਪੰਜਾਬ ਦੀ ਜਮੀਨੀ ਸਥਿਤੀ ਦੀ ਜਾਣਕਾਰੀ ਹਾਸਲ ਕਰਕੇ ਲੋੜੀਂਦੀ ਕਾਰਵਾਈ ਕਰਨ। ਇਸਤੋਂ ਪਹਿਲਾਂ ਸਾਬਕਾ ਡਿਪਟੀ ਸਪੀਕਰ ਨੇ ਤਲਵੰਡੀ ਸਾਬੋ ਦਾ ਦੌਰਾ ਕਰਕੇ ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਕਸਮੀਰੀ ਵਿਦਿਆਰਥੀਆਂ ਦੀ ਖ਼ਬਰਸਾਰ ਲਈ। ਉਹਨਾਂ ਜੰਮੂ ਕਸਮੀਰ ਦੇ ਗਵਰਨਰ ਤੋਂ ਮੰਗ ਕੀਤੀ ਕਿ ਉਹਨਾਂ ਕਸਮੀਰੀ ਬੱਚਿਆਂ ਨੂੰ ਪੜ੍ਹਾਈ ਲਈ ਤੁਰੰਤ ਵੱਖ ਵੱਖ ਸੰਸਥਾਵਾਂ ਵਿੱਚ ਭੇਜਣ ਦਾ ਯਤਨ ਕੀਤਾ ਜਾਵੇ, ਜੋ ਆਪਣੇ ਮਾਪਿਆਂ ਨੂੰ ਮਿਲਣ ਜਾਣ ਕਾਰਨ ਉੱਥੇ ਫਸੇ ਹੋਏ ਹਨ। ਦੂਜੇ ਪਾਸੇ ਰਾਜ ਦੇ ਪ੍ਰਮੁੱਖ ਸਕੱਤਰ ਨੂੰ ਅਪੀਲ ਕੀਤੀ ਕਿ ਸਮੁੱਚੇ ਪੰਜਾਬ ਵਿਚਲੇ ਕਸਮੀਰੀ ਵਿਦਿਆਰਥੀਆਂ ਦੀ ਗਿਣਤੀ ਦਾ ਪਤਾ ਕਰਵਾ ਕੇ ਉਹਨਾਂ ਨੂੰ ਸੂਬੇ ਵੱਲੋਂ ਲੋੜੀਂਦੀ ਵਿੱਤੀ ਮੱਦਦ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਆਪਣੀਆਂ ਫੀਸਾਂ ਵਗੈਰਾ ਅਦਾ ਕਰ ਸਕਣ। ਇਸ ਮੌਕੇ ਸ੍ਰ: ਹਰਵਿੰਦਰ ਸਿੰਘ ਖਾਲਸਾ ਵੀ ਮੌਜੂਦ ਸਨ।

Real Estate